- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਅੱਗੇ ਬੁਲੰਦ ਹੌਸਲੇ: ਲੋਹੀਆਂ ਦੇ ਚਾਰ 'ਅਣਥੱਕ' ਬਜ਼ੁਰਗ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ
ਨਗਰ ਦੇ ਸਭ ਤੋਂ ਵਧੇਰੇ ਭੀੜ-ਭੜੱਕੇ ਵਾਲੇ ਇਲਾਕੇ ਸ਼ਹੀਦ ਭਗਤ ਸਿੰਘ ਚੌਕ ਦੇ ਨੇੜਿਓਂ ਲੰਘਦਿਆਂ ਅਕਸਰ ਹੀ ਇਕ ਵੱਖਰਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਚਾਂਦੀ ਰੰਗੀਆਂ ਦਾੜ੍ਹੀਆਂ ਤੇ ਚਿੱਟੇ ਹੋ ਚੁੱਕੇ ਸਿਰ ਦੇ ਵਾਲ ਭਾਵੇਂ ਬੁਢਾਪੇ ਦੀ ਗਵਾਹੀ ਦਿੰਦੇ ਹਨ ਪਰ ਆਪੋ-ਆਪਣੇ ਰਿਕਸ਼ਿਆਂ 'ਤੇ ਬੈਠ ਕੇ ਸਵਾਰੀਆਂ ਦੀ ਉਡੀਕ ਕਰਦੇ ਇਨ੍ਹਾਂ ਚਾਰ ਬਜ਼ੁਰਗਾਂ ਦੀਆਂ ਅੱਖਾਂ 'ਚ ਅੱਜ ਵੀ ਜ਼ਿੰਦਗੀ ਜਿਊਣ ਦਾ ਅਟੁੱਟ ਜਜ਼ਬਾ ਝਲਕਦਾ ਹੈ। ਇਸ ਉਮਰ ਵਿੱਚ ਜਿੱਥੇ ਬਹੁਤੇ ਲੋਕ ਘਰਾਂ 'ਚ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ, ਉੱਥੇ ਇਹ ਚਾਰੇ ਬਜ਼ੁਰਗ ਹੱਡ-ਭੰਨਵੀਂ ਮਿਹਨਤ ਕਰਕੇ ਸਮਾਜ ਲਈ ਹਿੰਮਤ, ਹੌਸਲੇ ਤੇ ਆਤਮ-ਨਿਰਭਰਤਾ ਦੀ ਵੱਡੀ ਮਿਸਾਲ ਬਣੇ ਹੋਏ ਹਨ।
---
39 ਸਾਲਾਂ ਤੋਂ ਰਿਕਸ਼ੇ ਦੀ ਸੀਟ 'ਤੇ
ਵਾਰਡ ਨੰਬਰ 4 ਦੇ ਰਹਿਣ ਵਾਲੇ 70 ਸਾਲਾ ਜਗੀਰ ਸਿੰਘ ਦੀ ਜ਼ਿੰਦਗੀ ਦਾ ਸਫ਼ਰ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ। 39 ਸਾਲਾਂ ਤੋਂ ਰਿਕਸ਼ੇ ਦੀ ਸੀਟ 'ਤੇ ਬੈਠ ਕੇ ਹੱਡਭੰਨਵੀਂ ਮਿਹਨਤ ਕਰ ਕੇ ਜੀਵਨ ਬਸਰ ਕੀਤਾ। ਭਾਵੇਂ ਕਿ ਉਸ ਦੇ ਪਰਿਵਾਰ ਵਿਚ ਦੋ ਲੜਕੇ ਅਤੇ ਤਿੰਨ ਲੜਕੀਆਂ ਹਨ, ਜੋ ਵਿਆਹੇ ਹੋਏ ਅਤੇ ਆਪਣੀ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹਨ। ਜਗੀਰ ਸਿੰਘ ਦਾ ਬਚਪਨ ਜ਼ਿਮੀਂਦਾਰਾਂ ਕੋਲ ਕਾਮੇ ਵਜੋਂ ਅਤੇ ਬਾਅਦ ਵਿੱਚ ਰਾਜ-ਮਿਸਤਰੀਆਂ ਨਾਲ ਦਿਹਾੜੀ ਕਰਕੇ ਬੀਤਿਆ। 1985 ਤੋਂ ਲਗਾਤਾਰ ਰਿਕਸ਼ਾ ਚਲਾ ਰਹੇ ਹਨ ਜਗੀਰ ਸਿੰਘ ਦੀ 15 ਸਾਲ ਪਹਿਲਾਂ ਪਤਨੀ ਦਾ ਦੇਹਾਂਤ ਹੋਣ ਤੋਂ ਬਾਅਦ ਵੀ ਉਸ ਨੇ ਮਿਹਨਤ ਦਾ ਪੱਲਾ ਨਹੀੰ ਛੱਡਿਆ। ਅੱਜ-ਕੱਲ੍ਹ ਆਟੋ-ਰਿਕਸ਼ਿਆਂ ਦੇ ਦੌਰ ’ਚ ਦਿਨ ਭਰ 'ਚ ਮਸਾਂ 100 ਤੋਂ 150 ਰੁਪਏ ਹੀ ਕਮਾ ਪਾਉਂਦੇ ਹਨ, ਕਦੇ-ਕਦਾਈਂ ਹੀ 200 ਰੁਪਏ ਬਣਦੇ ਹਨ। ਸਰਕਾਰ ਵੱਲੋਂ ਮਿਲਦੀ 1500 ਰੁਪਏ ਪੈਨਸ਼ਨ ਪਰਿਵਾਰਕ ਖ਼ਰਚਿਆਂ 'ਚ ਹੀ ਨਿਕਲ ਜਾਂਦੀ ਹੈ। ਕਿਸੇ ਕਿਸਮ ਦਾ ਨਸ਼ਾ ਨਾ ਕਰਨ ਵਾਲੇ ਜਗੀਰ ਸਿੰਘ ਦਾ ਕਹਿਣਾ ਹੈ ਕਿ ਘਰ ਵਿਹਲੇ ਬੈਠਣ ਨਾਲੋਂ ਚੌਕ 'ਚ ਆ ਕੇ ਦੋ ਪੈਸੇ ਵੀ ਕਮਾ ਲਈਦੇ ਹਨ ਤੇ ਟਾਈਮ ਵੀ ਚੰਗਾ ਬਤੀਤ ਹੋ ਜਾਂਦਾ ਹੈ।
---
ਉਮਰ ਨੂੰ ਮਾਤ ਦਿੰਦੀ ਹਿੰਮਤ
ਨੇੜਲੇ ਪਿੰਡ ਫੁੱਲ ਘੁੱਦੂ ਵਾਲ ਦੇ ਰਹਿਣ ਵਾਲਾ 85 ਸਾਲਾ ਸੁੱਚਾ ਸਿੰਘ ਇਸ ਟੋਲੀ ਦੇ ਸਭ ਤੋਂ ਵਡੇਰੀ ਉਮਰ ਦਾ ਵਿਅਕਤੀ ਹੈ। ਉਨ੍ਹਾਂ ਦੇ ਪਰਿਵਾਰ ਵਿਚ ਦੋ ਲੜਕੇ ਅਤੇ ਚਾਰ ਲੜਕੀਆਂ, ਜੋ ਸਾਰੇ ਵਿਆਹੇ ਹਨ ਅਤੇ ਆਪੋ-ਆਪਣੀ ਮਿਹਨਤ ਕਰਦੇ ਹਨ। ਬਚਪਨ ਵਿੱਚ ਜ਼ਿਮੀਂਦਾਰਾਂ ਕੋਲ ਸੀਰੀ ਵਜੋਂ ਕੰਮ ਕਰਨ ਤੋਂ ਬਾਅਦ ਸਾਲ 1985 ਤੋਂ ਉਹ ਵੀ ਲਗਾਤਾਰ ਰਿਕਸ਼ਾ ਚਲਾ ਕੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ। ਸਰਕਾਰੀ ਪੈਨਸ਼ਨ 1500 ਰੁਪਏ ਮਿਲਣ ਦੇ ਬਾਵਜੂਦ ਉਹ ਅੱਜ ਵੀ ਨਿਰਾਸ਼ ਹੋ ਕੇ ਬੈਠਣ ਦੀ ਬਜਾਏ ਆਤਮ-ਸਨਮਾਨ ਨਾਲ ਆਪਣੀ ਮਿਹਨਤ ਕਰਨਾ ਪਸੰਦ ਕਰਦੇ ਹਨ।
---
ਅੱਧੀ ਸਦੀ ਦਾ ਸਫ਼ਰ
ਪਿੰਡ ਫੁੱਲ-ਘੁਦੂ ਵਾਲ ਦੇ ਹੀ ਰਹਿਣ ਵਾਲੇ ਸੂਬਾ ਸਿੰਘ ਪਿਛਲੇ 50 ਸਾਲਾਂ ਤੋਂ ਰਿਕਸ਼ਾ ਚਲਾ ਰਹੇ ਹਨ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ, ਦੋ ਵਿਆਹੇ ਹੋਏ ਲੜਕੇ ਅਤੇ ਇੱਕ ਦਿਵਿਆਂਗ ਧੀ, ਜੋ ਅਣਵਿਆਹੀ ਹੈ ਪਰ ਘਰ ਦੇ ਕੰਮ-ਕਾਰ ਬਹੁਤ ਚੰਗੀ ਤਰ੍ਹਾਂ ਸੰਭਾਲਦੀ ਹੈ। ਜ਼ਿੰਦਗੀ ਪ੍ਰਤੀ ਸਕਾਰਾਤਮਕ ਨਜ਼ਰੀਆ ਰੱਖਣ ਵਾਲੇ ਸੂਬਾ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਮਿਲਦੀ 1500 ਰੁਪਏ ਪੈਨਸ਼ਨ ਅਤੇ ਰਿਕਸ਼ੇ ਦੀ ਕਮਾਈ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਉਹ ਦੱਸਦੇ ਹਨ ਕਿ ਰਿਕਸ਼ਾ ਚਲਾਉਣ ਨਾਲ ਸਰੀਰਕ ਚੁਸਤੀ ਬਣੀ ਰਹਿੰਦੀ ਹੈ, ਸਮਾਂ ਲੰਘ ਜਾਂਦਾ ਹੈ ਅਤੇ ਪਰਿਵਾਰ ਲਈ ਆਰਥਿਕ ਸਹਾਰਾ ਵੀ ਬਣ ਜਾਂਦਾ ਹੈ।
---
ਪਰਿਵਾਰ ਲਈ ਅਣਥੱਕ ਮਿਹਨਤ
ਚਹੁੰਆਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਪਿਆਰਾ ਸਿੰਘ ਜਿਨ੍ਹਾਂ ਦੀ ਉਮਰ ਲਗਭਗ 60 ਸਾਲ ਹੈ, ਉਹ ਵੀ ਪਿਛਲੇ 40-45 ਸਾਲਾਂ ਤੋਂ ਰਿਕਸ਼ਾ ਖਿੱਚ ਰਹੇ ਹਨ। ਇਨ੍ਹਾਂ ਦਾ ਪਰਿਵਾਰਕ ਸੰਘਰਸ਼ ਅਜੇ ਲੰਮੇਰਾ ਹੈ। ਇਸ ਦੇ ਪਰਿਵਾਰ ਵਿਚ ਪਤਨੀ, ਦੋ ਲੜਕੇ ਅਤੇ ਦੋ ਲੜਕੀਆਂ ਹਨ। ਇਸ ਸੰਘਰਸ਼ਮਈ ਜੀਵਨ ਵਿਚ ਕਦੇ ਉਮੀਦ ਦਾ ਪੱਲਾ ਨਾ ਛੱਡਣ ਵਾਲੇ ਪਿਆਰਾ ਸਿੰਘ ਦਾ ਕਹਿਣਾ ਹੈ ਕਿ ਇਕ ਲੜਕਾ ਮੈਟ੍ਰਿਕ ਅਤੇ ਦੂਜਾ ਪ੍ਰਾਇਮਰੀ ਪਾਸ ਹੈ, ਜੋ ਜਗਰਾਤਿਆਂ ਆਦਿ ਦੇ ਸਮਾਗਮਾਂ 'ਚ ਜਾ ਕੇ ਕਮਾਈ ਕਰਦੇ ਹਨ। ਉਹ ਸਰਕਾਰੀ ਪੈਨਸ਼ਨ, ਲੜਕਿਆਂ ਦੀ ਕਮਾਈ ਅਤੇ ਆਪਣੇ ਰਿਕਸ਼ੇ ਦੇ ਆਸਰੇ ਉਹ ਆਪਣੇ ਘਰ ਦਾ ਗੁਜ਼ਾਰਾ ਬੜੇ ਹੀ ਆਤਮ-ਸਨਮਾਨ ਨਾਲ ਚਲਾ ਰਹੇ ਹਨ।
---
ਅੱਜ ਦੀ ਪੀੜ੍ਹੀ ਲਈ ਪ੍ਰੇਰਨਾ ਸਰੋਤ
ਇਨ੍ਹਾਂ ਚਾਰਾਂ ਬਜ਼ੁਰਗਾਂ ਦੀ ਕਹਾਣੀ ਤੋਂ ਇਕ ਗੱਲ ਪ੍ਰਤੱਖ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਉਮਰ ਦੇ ਇਸ ਪੜਾਅ 'ਤੇ ਪਹੁੰਚ ਕੇ ਵੀ ਇਨ੍ਹਾਂ ਨੇ ਕਦੇ ਹਾਲਾਤ ਅੱਗੇ ਗੋਡੇ ਨਹੀਂ ਟੇਕੇ। ਨਵੀਂ ਤਕਨਾਲੋਜੀ (ਈ-ਰਿਕਸ਼ਾ/ਆਟੋ) ਦੀ ਆਮਦ ਅਤੇ ਸਮੇਂ ਦੀ ਘਾਟ ਕਾਰਨ ਭਾਵੇਂ ਇਨ੍ਹਾਂ ਦੀ ਕਮਾਈ ਬਹੁਤ ਘੱਟ ਗਈ ਹੈ ਪਰ ਇਨ੍ਹਾਂ ਦੇ ਹੌਸਲੇ ਅੱਜ ਵੀ ਚਟਾਨ ਵਾਂਗ ਦ੍ਰਿੜ੍ਹ ਹਨ। ਇਨ੍ਹਾਂ ਚਾਰਾਂ ਦਾ ਕਹਿਣਾ ਹੈ ਕਿ ਮਿਹਨਤ ਦੀ ਰੋਟੀ 'ਚ ਜੋ ਸੁਆਦ ਹੈ, ਉਹ ਮੁਫ਼ਤ ਦੀਆਂ ਖੈਰਾਤਾਂ 'ਚ ਨਹੀਂ। ਸਭ ਤੋਂ ਵੱਡੀ ਤੇ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਚਾਰੇ ਬਜ਼ੁਰਗ ਕਿਸੇ ਵੀ ਤਰ੍ਹਾਂ ਦੇ ਭੈੜੇ ਨਸ਼ੇ ਤੋਂ ਪੂਰੀ ਤਰ੍ਹਾਂ ਦੂਰ ਹਨ। ਇਨ੍ਹਾਂ ਦਾ ਜੀਵਨ ਅੱਜ ਦੀ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਨਾ ਸਰੋਤ ਹੈ ਜੋ ਥੋੜ੍ਹੀ ਜਿਹੀ ਨਿਰਾਸ਼ਾ 'ਚ ਹਿੰਮਤ ਹਾਰ ਜਾਂਦੇ ਹਨ।