- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸੀ ਕੌਂਸਲਰਾਂ ਨੇ ਬੀਐਂਡਆਰ ਤੇ ਓਐਂਡਐੱਮ ਦੇ ਫੰਡਾਂ ਦੀ ਵਰਤੋਂ ਦੇ ਅਧਿਕਾਰ ਕੌਂਸਲਰਾਂ ਨੂੰ ਦੇਣ ਦੀ ਕੀਤੀ ਮੰਗ

ਨਿਗਮ ਕਮਿਸ਼ਨਰ ਨਾਲ ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰਾਂ ਨੇ ਉਠਾਈ ਮੰਗ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੇ ਕਾਂਗਰਸੀ ਕੌਂਸਲਰਾਂ ਨੇ ਮੰਗ ਕੀਤੀ ਹੈ ਕਿ ਬੀਐਂਡਆਰ ਤੇ ਓਐਂਡਐੱਮ ਦੇ ਫੰਡਾਂ ਦੀ ਵਰਤੋਂ ਦੇ ਅਧਿਕਾਰ ਕੌਂਸਲਰਾਂ ਨੂੰ ਦਿੱਤੇ ਜਾਣ ਤਾਂ ਜੋ ਉਹ ਆਪਣੇ ਵਾਰਡਾਂ ’ਚ ਤੇਜ਼ੀ ਨਾਲ ਵਿਕਾਸ ਕਰਵਾ ਸਕਣ। ਵੀਰਵਾਰ ਨੂੰ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨਾਲ ਸੀਨੀਅਰ ਕਾਂਗਰਸੀ ਆਗੂ ਤੇ ਵਾਰਡ 30 ਦੀ ਕੌਂਸਲਰ ਡਾ. ਜਸਲੀਨ ਸੇਠੀ ਨੇ ਕਾਂਗਰਸੀ ਕੌਂਸਲਰਾਂ ਨੂੰ ਲੈ ਕੇ ਨਿਗਮ ਕਮਿਸ਼ਨਰ ਨਾਲ ਮੀਟਿੰਗ ਕੀਤੀ, ਜਿਸ ’ਚ ਉਨ੍ਹਾਂ ਨੇ ਉਕਤ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵਾਰਡਾਂ ’ਚ ਹੋਏ ਵਿਕਾਸ ਕੰਮਾਂ ਦੇ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ਦੀ ਮੰਗ ਵੀ ਕੀਤੀ। ਮੀਟਿੰਗ ਦੌਰਾਨ ਡਾ. ਸੇਠੀ ਨੇ ਕਮਿਸ਼ਨਰ ਨੂੰ ਦੱਸਿਆ ਕਿ ਬੀਤੀ 21 ਅਪ੍ਰੈਲ 2025 ਨੂੰ ਹੋਈ ਨਿਗਮ ਹਾਊਸ ਮੀਟਿੰਗ ਤੇ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ਚ ਇਹ ਫ਼ੈਸਲਾ ਪਾਸ ਹੋਇਆ ਸੀ ਕਿ ਕਿਸੇ ਵੀ ਕੰਮ ਦਾ ਆਖ਼ਰੀ ਬਿੱਲ ਜਾਰੀ ਕਰਨ ਤੋਂ ਪਹਿਲਾਂ ਸੰਬੰਧਤ ਇਲਾਕਾ ਕੌਂਸਲਰ ਤੋਂ ਕੰਪਲੀਸ਼ਨ ਸੈਟਿਸਫੈਕਟਰੀ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ ਪਰ ਫ਼ੈਸਲਾ ਪਾਸ ਹੋਣ ਦੇ ਬਾਵਜੂਦ ਅਜੇ ਤੱਕ ਇਹ ਪ੍ਰਣਾਲੀ ਲਾਗੂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੌਂਸਲਰਾਂ ਦੀ ਸੰਤੁਸ਼ਟੀ ਤੋਂ ਬਿਨਾਂ ਠੇਕੇਦਾਰਾਂ ਨੂੰ ਭੁਗਤਾਨ ਕਰਨਾ ਪਾਰਦਰਸ਼ਤਾ 'ਤੇ ਸਵਾਲ ਖੜ੍ਹੇ ਕਰਦਾ ਹੈ। ਇਸ ਲਈ ਇਹ ਹੁਕਮ ਤੁਰੰਤ ਲਾਗੂ ਕਰਕੇ ਯਕੀਨੀ ਬਣਾਇਆ ਜਾਵੇ ਕਿ ਹਰ ਕੰਮ ਦਾ ਆਖ਼ਰੀ ਭੁਗਤਾਨ ਕੌਂਸਲਰ ਦੇ ਸਰਟੀਫਿਕੇਟ ਤੋਂ ਬਾਅਦ ਹੀ ਹੋਵੇ। ਮੀਟਿੰਗ ਦੌਰਾਨ ਕੌਂਸਲਰਾਂ ਨੇ ਮੰਗ ਕੀਤੀ ਕਿ ਬੀ ਐਂਡ ਆਰ ਦੇ ਲਗਭਗ 10 ਲੱਖ ਰੁਪਏ ਤੇ ਓ ਐਂਡ ਐੱਮ ਦੇ 5 ਲੱਖ ਰੁਪਏ ਵਾਲੇ ਰੱਖ-ਰਖਾਅ ਫੰਡ ਸਿੱਧੇ ਵਾਰਡ ਕੌਂਸਲਰਾਂ ਨੂੰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਇੱਕੋ ਠੇਕੇਦਾਰ ਕਈ ਵਾਰਡਾਂ ਦੇ ਟੈਂਡਰ ਲੈ ਲੈਂਦੇ ਹਨ, ਜਿਸ ਕਾਰਨ ਕੰਮ ਸਮੇਂ ਸਿਰ ਨਹੀਂ ਹੁੰਦੇ ਤੇ ਕੌਂਸਲਰਾਂ ਨੂੰ ਵਾਰ-ਵਾਰ ਠੇਕੇਦਾਰਾਂ ਦੇ ਪਿੱਛੇ ਭੱਜਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਅਧਿਕਾਰ ਤੇ ਫੰਡ ਸਿੱਧੇ ਇਲਾਕਾ ਕੌਂਸਲਰਾਂ ਕੋਲ ਹੋਣ ਤਾਂ ਉਹ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਤੁਰੰਤ ਕੰਮ ਕਰਵਾ ਸਕਣਗੇ ਤੇ ਜਨਤਾ ਨੂੰ ਵੀ ਬੇਵਜ੍ਹਾ ਪਰੇਸ਼ਾਨੀ ਨਹੀਂ ਝੱਲਣੀ ਪਵੇਗੀ।
--------------------
ਕਮਿਸ਼ਨਰ ਨੇ ਦਿੱਤਾ ਭਰੋਸਾ
ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ’ਚ ਜਲਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਾ. ਜਸਲੀਨ ਸੇਠੀ ਤੋਂ ਇਲਾਵਾ ਕਾਂਗਰਸੀ ਕੌਂਸਲਰ ਬਲਰਾਜ ਠਾਕੁਰ, ਸਰਬਜੀਤ ਕੌਰ, ਨਿਰਮਲ ਕੁਮਾਰ, ਵਿਕਾਸ ਕੁਮਾਰ, ਮੋਹਿੰਦਰ ਸਿੰਘ ਗੁੱਲੂ, ਸਲਿਲ ਬਾਹਰੀ ਤੇ ਜੌਨੀ ਵੀ ਹਾਜ਼ਰ ਸਨ। ਇਨ੍ਹਾਂ ’ਚ ਦੋ ਕੌਂਸਲਰ ਪਤੀ ਮਹਿੰਦਰ ਗੁੱਲੂ ਹਨ ਤੇ ਜੋਨੀ ਆਪਣੀ ਮਾਤਾ ਦੀ ਥਾਂ ’ਤੇ ਆਏ ਸਨ। ਇਹ ਵਰਨਣਯੋਗ ਹੈ ਕਿ ਸੀਨੀਅਰ ਕੌਂਸਲਰ ਪਵਨ ਕੁਮਾਰ ਤੇ ਬੰਟੀ ਨੀਲਕੰਠ ਵੀ ਮੀਟਿੰਗ ’ਚ ਨਹੀਂ ਆਏ ਤੇ ਉਨ੍ਹਾਂ ਕਿਹਾ ਕਿ ੳਹ ਸ਼ਹਿਰ ਤੋਂ ਬਾਹਰ ਸਨ, ਜਿਸ ਕਾਰਨ ਮੀਟਿੰਗ ’ਚ ਸ਼ਾਮਲ ਨਹੀਂ ਹੋ ਸਕੇ। ਕਾਂਗਰਸ ਦੇ ਕੁਲ 21 ਕੌਂਸਲਰ ਹਨ, ਜਿਨ੍ਹਾਂ ’ਚੋਂ ਡਾ. ਸੇਠੀ ਸਮੇਤ ਸਿਰਫ 6 ਕੌਂਸਲਰ ਹੀ ਸ਼ਾਮਲ ਹੋਏ।