ਕੌਂਸਲਰ ਨੇ ਸਪੀਡ ਬਰੇਕਰ ਲਗਵਾਏ, ਵਿਰੋਧੀਆਂ ਨੇ ਹਟਵਾਏ
ਹਾਦਸੇ ਰੋਕਣ ਲਈ ਕੌਂਸਲਰ ਨੇ ਸਪੀਡ ਬਰੇਕਰ ਲਗਵਾਏ, ਵਿਰੋਧੀਆਂ ਨੇ ਹਟਵਾਏ
Publish Date: Wed, 01 Apr 2026 07:12 PM (IST)
Updated Date: Wed, 01 Apr 2026 07:16 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਮਕਸੂਦਾਂ ’ਚ ਸਥਿਤ ਸੈਕਰਡ ਹਾਰਟ ਹਸਪਤਾਲ ਦੇ ਬਾਹਰ ਜ਼ਿਆਦਾ ਆਵਾਜਾਈ ਹੋਣ ਕਰਕੇ ਰੋਜ਼ਾਨਾ ਵਾਪਰਦੇ ਹਾਦਸਿਆਂ ਤੋਂ ਨਿਜਾਤ ਪਾਉਣ ਲਈ ਹਸਪਤਾਲ ਪ੍ਰਬੰਧਕਾਂ ਦੀ ਬੇਨਤੀ ’ਤੇ ਵਾਰਡ 84 ਦੇ ਕੌਂਸਲਰ ਨੀਰਜ ਜੱਸਲ ਨੇ ਹਸਪਤਾਲ ਲਈ ਬਣੇ ਕੱਟ ਦੇ ਰਸਤੇ ’ਤੇ ਸਪੀਡ ਬਰੇਕਰ ਤਾਂ ਲਗਵਾਏ ਪਰ ਵਿਰੋਧੀਆਂ ਨੂੰ ਰਾਸ ਨਾ ਆਉਣ ’ਤੇ ਕਮਿਸ਼ਨਰ ਨੂੰ ਸ਼ਿਕਾਇਤ ਕਰਕੇ ਹਟਵਾ ਦਿੱਤੇ ਗਏ। ਹਸਪਤਾਲ ਦੇ ਬਾਹਰ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦ ਮੌਕੇ ’ਤੇ ਸਪੀਡ ਬਰੇਕਰਾਂ ਨੂੰ ਪੁੱਟਣ ’ਤੇ ਜੇਸੀਬੀ ਦਾ ਕੌਂਸਲਰ ਤੇ ਉਨ੍ਹਾਂ ਦੇ ਸਮਰਥਕਾਂ ਨੇ ਡੱਟ ਕੇ ਵਿਰੋਧ ਕੀਤਾ। ਕੌਂਸਲਰ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਜੇਸੀਬੀ ਵੱਲੋਂ ਇਕ ਪਾਸੇ ਦੇ ਸਪੀਡ ਬਰੇਕਰ ਪੁੱਟ ਦਿੱਤੇ ਗਏ। ਰੋਸ ’ਚ ਆਏ ਕੌਂਸਲਰ ਵੱਲੋਂ ਜੇਸੀਬੀ ਅੱਗੇ ਖੜ੍ਹੇ ਹੋ ਕੇ ਬਾਕੀ ਰਹਿੰਦੇ ਸਪੀਡ ਬਰੇਕਰਾਂ ਨੂੰ ਪੁੱਟਣ ’ਤੇ ਬਚਾਇਆ ਗਿਆ। ਮੌਕੇ ’ਤੇ ਮੌਜੂਦ ਕੌਂਸਲਰ ਨੀਰਜ ਜੱਸਲ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਇਹ ਕਾਰਜ ਭਲਾਈ ਦੀ ਕਰਵਾਇਆ ਪਰ ਵਿਰੋਧੀਆਂ ਨੂੰ ਰਾਸ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਇਥੇ ਹਸਪਤਾਲ ਹੋਣ ਕਰ ਕੇ ਆਵਾਜਾਈ ਜ਼ਿਆਦਾ ਹੁੰਦੀ ਹੈ ਤੇ ਹਸਪਤਾਲ ਨੂੰ ਮੁੜਦੇ ਮੋੜ ਕਰਕੇ ਇਥੇ ਨਿੱਤ ਹਾਦਸੇ ਵਾਪਰਦੇ ਹਨ। ਇਸ ਕਰਕੇ ਉਨ੍ਹਾਂ ਵੱਲੋਂ ਇਥੇ ਸਪੀਡ ਬ੍ਰੇਕਰ ਲਗਵਾਏ ਗਏ ਸਨ। ਉਨ੍ਹਾਂ ਕਿਹਾ ਕਿ ਜਿਥੇ ਸਪੀਡ ਬਰੇਕਰ ਤੋੜੇ ਗਏ ਹਨ ਉਥੇ ਦੁਬਾਰਾ ਸਪੀਡ ਬਰੇਕਰ ਲਗਵਾਏ ਜਾਣਗੇ।