ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਹਾਊਸ ਦੀ ਅਹਿਮ ਮੀਟਿੰਗ; 150 ਕਰੋੜ ਦੇ ਵਿਕਾਸ ਕਾਰਜਾਂ ਨੂੰ ਮਿਲੇਗੀ ਹਰੀ ਝੰਡੀ
25 ਨੂੰ ਹੋਵੇਗੀ ਮੀਟਿੰਗ; ਉੱਤਰੀ ਹਲਕੇ ’ਚ ਸਭ ਤੋਂ ਵੱਧ 30 ਕਰੋੜ ਰੁਪਏ ਦੇ ਹੋਣਗੇ ਕੰਮ ਵਿੱਤੀ ਸੰਕਟ ਨਾਲ ਜੂਝ ਰਹੇ ਨਿਗਮ ਲਈ ਫੰਡ ਜੁਟਾਉਣਾ ਤੇ ਸੜਕਾਂ ਬਣਾਉਣਾ ਵੱਡੀ ਚੁਣੌਤੀ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਗਰ ਨਿਗਮ ਜਲੰਧਰ ਦੀ 25 ਨਵੰਬਰ ਨੂੰ ਹੋਣ ਵਾਲੀ ਹਾਊਸ ਮੀਟਿੰਗ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਇਸ ਮੀਟਿੰਗ ’ਚ ਸ਼ਹਿਰ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੇ ਸਰਬਪੱਖੀ ਵਿਕਾਸ ਲਈ ਕਰੀਬ 150 ਕਰੋੜ ਰੁਪਏ ਦੇ ਮਤਿਆਂ ਨੂੰ ਮਨਜ਼ੂਰੀ ਮਿਲਣ ਦੀ ਉਮੀਦ ਹੈ। ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਇਨ੍ਹਾਂ ਕੰਮਾਂ ਦੇ ਟੈਂਡਰ ਲਗਾ ਕੇ ਜ਼ਮੀਨੀ ਪੱਧਰ ਤੇ ਸ਼ੁਰੂਆਤ ਕਰਵਾਉਣ ਦੀ ਕਾਹਲ ਹੈ ਪਰ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਨਗਰ ਨਿਗਮ ਲਈ ਇੰਨਾ ਵੱਡਾ ਫੰਡ ਜੁਟਾਉਣਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। --- ਉੱਤਰੀ ਹਲਕੇ ’ਤੇ ਖਾਸ ਮਿਹਰਬਾਨੀ, 55 ਕਰੋੜ ਨਾਲ ਹੋਵੇਗੀ ਰੋਡ ਸਵੀਪਿੰਗ ਮੀਟਿੰਗ ਦੇ ਏਜੰਡੇ ਮੁਤਾਬਕ ਸਭ ਤੋਂ ਵੱਧ ਵਿਕਾਸ ਕਾਰਜ ਉੱਤਰੀ ਵਿਧਾਨ ਸਭਾ ਹਲਕੇ ਵਿਚ ਰੱਖੇ ਗਏ ਹਨ, ਜਿੱਥੇ ਇਕੱਲੇ ਹੀ ਕਰੀਬ 30 ਕਰੋੜ ਰੁਪਏ ਦੇ ਕੰਮ ਪਾਸ ਕੀਤੇ ਜਾਣੇ ਹਨ। ਜ਼ਿਕਰਯੋਗ ਹੈ ਕਿ ਮੇਅਰ ਵਨੀਤ ਧੀਰ ਉੱਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸੜਕਾਂ ਦੀ ਸਫ਼ਾਈ ਲਈ 55 ਕਰੋੜ ਰੁਪਏ ਦੀ ਲਾਗਤ ਵਾਲੇ ਮਕੈਨੀਕਲ ਰੋਡ ਸਵੀਪਿੰਗ ਦੇ ਦੋ ਪ੍ਰੋਜੈਕਟਾਂ ਨੂੰ ਵੀ ਹਾਊਸ ਦੀ ਮਨਜ਼ੂਰੀ ਦਿੱਤੀ ਜਾਵੇਗੀ। --- ਆਰਥਿਕ ਤੰਗੀ ਤੇ ਦਸੰਬਰ ਦੀ ਠੰਢ ਬਣ ਸਕਦੀ ਹੈ ਅੜਿੱਕਾ ਨਿਗਮ ਦੀ ਵਿੱਤੀ ਹਾਲਤ ਖ਼ਸਤਾ ਹੋਣ ਕਾਰਨ ਨਿਗਮ ਦੇ ਆਪਣੇ ਫੰਡਾਂ ਨਾਲ ਹੋਣ ਵਾਲੇ ਕੰਮਾਂ ਤੋਂ ਠੇਕੇਦਾਰ ਹੱਥ ਪਿੱਛੇ ਖਿੱਚ ਸਕਦੇ ਹਨ। ਦੂਜੇ ਪਾਸੇ, ਲੁੱਕ-ਬੱਜਰੀ ਵਾਲੀਆਂ ਸੜਕਾਂ ਦੇ ਨਿਰਮਾਣ ਵਿੱਚ ਮੌਸਮ ਵੀ ਰੁਕਾਵਟ ਬਣ ਸਕਦਾ ਹੈ, ਕਿਉਂਕਿ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਬਾਅਦ ਪੈਣ ਵਾਲੀ ਕੜਾਕੇ ਦੀ ਠੰਢ ਕਾਰਨ ਹੌਟ ਮਿਕਸ ਪਲਾਂਟ ਬੰਦ ਹੋ ਜਾਂਦੇ ਹਨ। --- ਅਕਸ ਸੁਧਾਰਨ ਲਈ ਸੋਸ਼ਲ ਮੀਡੀਆ ਤੇ ਸਰਗਰਮ ਹੋਵੇਗਾ ਨਿਗਮ ਨਗਰ ਨਿਗਮ ਆਪਣੀਆਂ ਯੋਜਨਾਵਾਂ, ਵਿਕਾਸ ਕਾਰਜਾਂ, ਟੈਂਡਰਾਂ ਅਤੇ ਜਨਤਕ ਸਹੂਲਤਾਂ ਦੀ ਜਾਣਕਾਰੀ ਲੋਕਾਂ ਤੱਕ ਤੇਜ਼ੀ ਨਾਲ ਪਹੁੰਚਾਉਣ ਅਤੇ ਆਪਣਾ ਅਕਸ ਸੁਧਾਰਨ ਲਈ 12 ਲੱਖ ਰੁਪਏ ਖ਼ਰਚ ਕਰੇਗਾ। ਇਸ ਤਹਿਤ ਇਕ ਪ੍ਰੋਫੈਸ਼ਨਲ ਸੋਸ਼ਲ ਮੀਡੀਆ ਟੀਮ (ਮੀਡੀਆ ਮੈਨੇਜਰ, ਕੈਮਰਾਮੈਨ, ਵੀਡੀਓ ਐਡੀਟਰ, ਗ੍ਰਾਫਿਕ ਡਿਜ਼ਾਈਨਰ ਤੇ ਕੰਟੈਂਟ ਰਾਈਟਰ) ਹਾਇਰ ਕੀਤੀ ਜਾਵੇਗੀ। ਇਹ ਟੀਮ ਹਰ ਮਹੀਨੇ 5-6 ਰੀਲਾਂ/ਸ਼ਾਰਟ ਵੀਡੀਓ, 1 ਯੂਟਿਊਬ ਵੀਡੀਓ ਤੇ ਪੋਸਟਰ ਤਿਆਰ ਕਰੇਗੀ। ਇਸ ਸੇਵਾ ਲਈ ਪ੍ਰਤੀ ਮਹੀਨਾ ਇੱਕ ਲੱਖ ਰੁਪਏ ਏਜੰਸੀ ਨੂੰ ਤੇ ਇੱਕ ਲੱਖ ਰੁਪਏ ਪੇਡ ਪ੍ਰਮੋਸ਼ਨ ਤੇ ਖ਼ਰਚਣ ਦਾ ਅਨੁਮਾਨ ਹੈ। --- ਸਾਢੇ 6 ਸਾਲ ਬਾਅਦ ਟਾਊਨ ਹਾਲ ਚ ਹੋਵੇਗੀ ਮੀਟਿੰਗ ਇਸ ਵਾਰ ਹਾਊਸ ਦੀ ਮੀਟਿੰਗ ਨਿਗਮ ਮੁੱਖ ਦਫ਼ਤਰ ਦੇ ਟਾਊਨ ਹਾਲ ’ਚ ਰੱਖੀ ਗਈ ਹੈ। ਸਾਲ 2020 ਦੇ ਸ਼ੁਰੂ ’ਚ ਕੋਰੋਨਾ ਮਹਾਂਮਾਰੀ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣ ਲਈ ਮੀਟਿੰਗ ਰੈੱਡ ਕਰਾਸ ਭਵਨ ’ਚ ਤਬਦੀਲ ਕੀਤੀ ਗਈ ਸੀ ਤੇ ਪਿਛਲੇ ਸਾਢੇ 6 ਸਾਲਾਂ ਤੋਂ ਉੱਥੇ ਹੀ ਹੋ ਰਹੀ ਸੀ। ਹਾਲਾਂਕਿ, ਨਿਗਮ ਦਾ ਟਾਊਨ ਹਾਲ ਕਾਫ਼ੀ ਛੋਟਾ ਹੋਣ ਕਾਰਨ ਹੁਣ 85 ਕੌਂਸਲਰਾਂ, ਅਧਿਕਾਰੀਆਂ ਤੇ ਸਟਾਫ਼ ਦੇ ਬੈਠਣ ਦਾ ਪ੍ਰਬੰਧ ਕਰਨਾ ਬੇਹੱਦ ਮੁਸ਼ਕਲ ਹੋਵੇਗਾ। ਨਵਾਂ ਟਾਊਨ ਹਾਲ ਬਣਾਉਣ ਦੀ ਯੋਜਨਾ ਹਾਲੇ ਵੀ ਸਰਕਾਰ ਕੋਲ ਮਨਜ਼ੂਰੀ ਲਈ ਲਟਕੀ ਹੋਈ ਹੈ। --- ਸ਼ਹਿਰ ’ਚ ਹੋਣ ਵਾਲੇ ਮੁੱਖ ਵਿਕਾਸ ਕਾਰਜਾਂ ਦਾ ਵੇਰਵਾ ਜਵਾਲਾ ਨਗਰ, ਜੈਨ ਕਾਲੋਨੀ, ਸ਼ੀਤਲ ਨਗਰ, ਮਕਸੂਦਾਂ ਬਾਈਪਾਸ, ਈਸਾ ਨਗਰ, ਪਿੰਡ ਮਿੱਠਾਪੁਰ, ਅਵਤਾਰ ਨਗਰ ਮੇਨ ਰੋਡ, ਬਾਬਾ ਬੁੱਢਾ ਜੀ ਚੌਕ 120 ਫੁੱਟੀ ਰੋਡ, ਆਦਰਸ਼ ਨਗਰ, ਓਲਡ ਫਗਵਾੜਾ ਰੋਡ, ਸੋਫੀ ਪਿੰਡ ਤੋਂ ਜਮਸ਼ੇਰ ਬਾਈਪਾਸ, ਪਿੰਡ ਧੀਨਾ, ਗੜ੍ਹਾ, ਰਣਜੀਤ ਐਨਕਲੇਵ, ਦਸ਼ਮੇਸ਼ ਨਗਰ, ਗੋਲਡਨ ਐਵੇਨਿਊ (ਫੇਜ਼-1 ਤੇ 2), ਦੀਪ ਨਗਰ, ਡਿਫੈਂਸ ਕਾਲੋਨੀ, ਕਲਗੀਧਰ ਐਵੇਨਿਊ, ਵਰਿਆਮ ਨਗਰ, ਗੁਰਦੇਵ ਨਗਰ, ਸੰਤੋਖਪੁਰਾ, ਕਿਸ਼ਨਪੁਰਾ, ਕੋਟਲਾ ਰੋਡ, ਗਾਜ਼ੀ ਗੁੱਲਾ ਰੋਡ, ਕੈਲਾਸ਼ ਨਗਰ, ਬੜਿੰਗ, ਗੁਰੂ ਗੋਬਿੰਦ ਸਿੰਘ ਐਵੇਨਿਊ, ਬਸ਼ੀਰਪੁਰਾ, ਅਜੀਤ ਨਗਰ, ਸੰਸਾਰਪੁਰ, ਪਿੰਡ ਸੁਭਾਨਾ, ਅਲੀਪੁਰ, ਇੰਡਸਟਰੀ ਅਸਟੇਟ, ਦਾਦਾ ਕਾਲੋਨੀ ਅਤੇ ਵਾਰਡ 19, 26, 80 ਤੇ 84 ਦੀਆਂ ਵੱਖ-ਵੱਖ ਸੜਕਾਂ ਸ਼ਾਮਲ ਹਨ। ਸੀਵਰੇਜ ਤੇ ਡਿਸਪੋਜ਼ਲ ਮੁਰੰਮਤ : ਡੀ.ਸੀ. ਨਗਰ, ਵਾਰਡ 40, 42, 45 ਤੋਂ 48 ਅਤੇ 57 ਤੋਂ 62, ਲੈਦਰ ਕੰਪਲੈਕਸ, ਜਲੰਧਰ ਕੁੰਜ, ਜਲੰਧਰ ਵਿਹਾਰ, ਭਾਈ ਗੁਰਦਾਸ ਨਗਰ, ਬਸਤੀ ਮਿੱਠੂ, ਸ਼ਿਵ ਨਗਰ, ਰਤਨ ਨਗਰ, ਪੰਜ ਪੀਰ ਕਾਲੋਨੀ, ਸਰਜੀਕਲ ਕੰਪਲੈਕਸ (ਜ਼ੋਨ-8 ਡਿਸਪੋਜ਼ਲ), ਦਾਦਾ ਕਾਲੋਨੀ (ਵਾਰਡ-85) ਅਤੇ ਨਿਊ ਸ਼ੀਤਲ ਨਗਰ ਮੇਨ ਪੰਪਿੰਗ ਸਟੇਸ਼ਨ ਦੀ ਮਸ਼ੀਨਰੀ। ਵਾਟਰ ਸਪਲਾਈ ਤੇ ਟਿਊਬਵੈੱਲ : ਬੈਂਕ ਐਨਕਲੇਵ, ਮਿੱਠਾਪੁਰ, ਡੰਪ ਰੋਡ, ਤਿਲਕ ਨਗਰ, ਤੇਜ ਮੋਹਨ ਨਗਰ, ਬਸਤੀ ਮਿੱਠੂ, ਵਾਰਡ 61, ਮਧੂਬਨ ਕਾਲੋਨੀ, ਨਿਊ ਆਨੰਦ ਨਗਰ, ਆਵਾ ਮੁਹੱਲਾ, ਰਾਸਤਾ ਮੁਹੱਲਾ, ਪਿੰਡ ਢਿੱਲਵਾਂ ਸਰਫੇਸ ਵਾਟਰ ਪਲਾਂਟ ਅਤੇ ਸਰਜੀਕਲ ਕੰਪਲੈਕਸ ਰਾਜ ਨਗਰ ਵਿਖੇ 30 ਐਚ.ਪੀ. ਦੀ ਸਬਮਰਸੀਬਲ ਮੋਟਰ। ਟਰੀਟ ਲਾਈਟਾਂ ਤੇ ਤਿਰੰਗਾ ਲਾਈਟਾਂ : ਵਾਰਡ 38, 49 ਤੇ 55 ਸਮੇਤ ਪੱਛਮੀ ਤੇ ਉੱਤਰੀ ਹਲਕੇ ਵਿੱਚ ਫੈਂਸੀ ਹਾਈ ਮਾਸਟ ਲਾਈਟਾਂ। ਇਸ ਤੋਂ ਇਲਾਵਾ ਨਕੋਦਰ ਚੌਕ, ਗੁਰੂ ਰਵਿਦਾਸ ਚੌਕ, ਬੱਸ ਸਟੈਂਡ ਫਲਾਈਓਵਰ, ਰਾਮਾ ਮੰਡੀ ਫਲਾਈਓਵਰ, ਦੋਆਬਾ ਚੌਕ, ਪਠਾਨਕੋਟ ਬਾਈਪਾਸ, ਬੀ.ਐਮ.ਸੀ. ਫਲਾਈਓਵਰ, ਪੀ.ਏ.ਪੀ. ਚੌਕ, ਕਪੂਰਥਲਾ ਚੌਕ ਅਤੇ ਡੀ.ਏ.ਵੀ. ਫਲਾਈਓਵਰ ਤੇ ਤਿਰੰਗਾ ਲਾਈਟਾਂ ਲਗਾਈਆਂ ਜਾਣਗੀਆਂ। ਕਮਿਊਨਿਟੀ ਹਾਲ, ਪਾਰਕ ਤੇ ਹੋਰ ਮਤੇ : ਕੋਟ ਸਦੀਕ, ਤਿਲਕ ਨਗਰ, ਮਾਨ ਸਿੰਘ ਨਗਰ, ਜੀ.ਜੀ.ਐੱਸ. ਐਵੇਨਿਊ ਤੇ ਸੋਫੀ ਪਿੰਡ (ਡਾ. ਬੀ.ਆਰ. ਅੰਬੇਡਕਰ ਕਮਿਊਨਿਟੀ ਹਾਲ) ਵਿਖੇ ਕਮਿਊਨਿਟੀ ਹਾਲਾਂ ਦਾ ਨਿਰਮਾਣ, ਮਹਾਰਿਸ਼ੀ ਕਸ਼ਯਪ ਚੌਕ, ਸਤਿਗੁਰੂ ਭਗਤ ਕਬੀਰ ਚੌਕ ਤੇ ਸ੍ਰੀ ਗੁਰੂ ਰਵਿਦਾਸ ਚੌਕ ਦਾ ਸੁੰਦਰੀਕਰਨ, ਉੱਤਰੀ ਹਲਕੇ ’ਚ ਫਾਇਰ ਬ੍ਰਿਗੇਡ ਦਫ਼ਤਰ, ਸਲੇਮਪੁਰ ਮੁਸਲਮਾਨਾਂ ਸਟੇਡੀਅਮ ਤੇ ਲਾਡੋਵਾਲੀ ਰੋਡ ਮਾਰਕੀਟ ’ਚ ਬਾਥਰੂਮ। ਬੁੱਢਾ ਮੱਲ ਪਾਰਕ, ਲਾਲਾ ਲਾਜਪਤ ਰਾਏ ਪਾਰਕ, ਸ਼ਹੀਦ ਭਗਤ ਸਿੰਘ ਪਾਰਕ, ਪ੍ਰਤਾਪ ਬਾਗ਼ ਅਤੇ ਰੋਜ਼ ਪਾਰਕ ਸਮੇਤ 15 ਤੋਂ ਵੱਧ ਪਾਰਕਾਂ ਦੀ ਕਾਇਆਕਲਪ ਹੋਵੇਗੀ। ਇਸ ਤੋਂ ਇਲਾਵਾ ਡੌਗ ਕੰਪਾਊਂਡ ਪ੍ਰੋਜੈਕਟ ਲਈ ਐਨੀਮਲ ਬਰਥ ਕੰਟਰੋਲ ਸੁਸਾਇਟੀ ਨੂੰ ਇਕ ਸਾਲ ਦੀ ਐਕਸਟੈਂਸ਼ਨ ਦੇਣ, ਵਰਿਆਣਾ ਡੰਪ ਸਾਈਟ ਤੇ 1000 ਕੇ.ਵੀ.ਏ. ਸਬ-ਸਟੇਸ਼ਨ, ਕਾਲਾ ਸੰਘਿਆਂ ਡਰੇਨ ਤੇ ਪੁਲੀ (ਕਲਵਰਟ), ਸੀਵਰਮੈਨਾਂ ਦੀ ਭਰਤੀ ਅਤੇ ਡਰਾਈਵਰਾਂ-ਫਾਇਰਮੈਨਾਂ ਨੂੰ ਆਊਟਸੋਰਸ ਤੇ ਰੱਖਣ ਦੇ ਮਤੇ ਵੀ ਪਾਸ ਕੀਤੇ ਜਾਣਗੇ।