
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁੱਖ ਮੰਤਰੀ ਪੰਜਾਬ ਦੇ ਹੰਕਾਰੀ ਰਵੱਈਏ ਦੇ ਵਿਰੋਧ ’ਚ ਧਮਕੀ ਭਰੀ ਟਵੀਟ ਦੀਆਂ ਕਾਪੀਆਂ ਫੂਕੀਆਂ

-ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ : ਜੀਟੀਯੂ ਪੰਜਾਬ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਮੁਲਾਜ਼ਮਾਂ ਨੂੰ ਧਮਕੀਆਂ ਦੇਣ ਵਾਲੇ ਟਵੀਟ ਦੇ ਵਿਰੋਧ ’ਚ ਸ਼ਨਿਚਰਵਾਰ ਰੋਸ ਪ੍ਰਦਰਸ਼ਨ ਕਰਦਿਆਂ ਉਕਤ ਟਵੀਟ ਦੀਆਂ ਕਾਪੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ, ਸਰਕਾਰੀ ਹਾਈ ਸਕੂਲ ਮਾਓ, ਮੀਆਂਵਾਲ, ਬਿਲਗਾ, ਰਾਜੇਵਾਲ, ਕੰਗ ਸਾਹਿਬ ਰਾਏ, ਗੁਰਾਇਆ, ਖੁਣ ਖੂਣ ਕਲਾਂ, ਆਦਮਪੁਰ, ਨੂਰਮਹਿਲ, ਨਕੋਦਰ, ਫ਼ਿਲੌਰ ਆਦਿ ਥਾਵਾਂ ’ਤੇ ਫੂਕ ਕੇ ਤਿੱਖਾ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਜੀਟੀਯੂ ਪੰਜਾਬ ਦੇ ਆਗੂਆਂ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ, ਸਕੱਤਰ ਸੁੱਖਵਿੰਦਰ ਸਿੰਘ ਮੱਕੜ, ਸੂਬਾਈ ਆਗੂ ਤੀਰਥ ਸਿੰਘ ਬਾਸੀ ਤੇ ਬਲਜੀਤ ਸਿੰਘ ਕੁਲਾਰ ਨੇ ਕਿਹਾ ਕਿ ਮੁਲਾਜ਼ਮ ਤੇ ਅਧਿਆਪਕ ਵਰਗ ਜਾਇਜ਼ ਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਲੋਕਤੰਤਰਿਕ ਢੰਗ ਨਾਲ ਸੰਘਰਸ਼ ਕਰ ਰਿਹਾ ਹੈ ਪਰ ਸਰਕਾਰ ਵੱਲੋਂ ਮਸਲਿਆਂ ਦਾ ਹੱਲ ਕਰਨ ਦੀ ਬਜਾਏ ਧਮਕੀਆਂ ਤੇ ਦਬਾਅ ਦੀ ਨੀਤੀ ਅਪਣਾਉਣਾ ਬੇਹੱਦ ਨਿੰਦਣਯੋਗ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਆਵਾਜ਼ਾਂ ਦਬਾਉਣ ਦੀ ਬਜਾਏ ਉਨ੍ਹਾਂ ਨਾਲ ਗੱਲਬਾਤ ਕਰਕੇ ਮੰਗਾਂ ਦਾ ਸਾਰਥਕ ਹੱਲ ਕੱਢਣਾ ਚਾਹੀਦਾ ਹੈ। ਜੀਟੀਯੂ ਪੰਜਾਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਨਾਲ ਟਕਰਾਅ ਵਾਲਾ ਰਵੱਈਆ ਛੱਡ ਕੇ ਤੁਰੰਤ ਗੱਲਬਾਤ ਦਾ ਰਸਤਾ ਅਪਣਾਇਆ ਜਾਵੇ।• ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਨਾ ਦਿਖਾਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਵਾਲੀਆ, ਕੁਲਵੰਤ ਰਾਮ, ਸੁੱਖਵਿੰਦਰ ਰਾਮ, ਪ੍ਰੇਮ ਕੁਮਾਰ, ਲੇਖ ਰਾਜ ਪੰਜਾਬੀ, ਮੁਲਖ ਰਾਜ, ਪਿਆਰਾ ਸਿੰਘ, ਸੰਦੀਪ ਕੁਮਾਰ ਤੇ ਜਗਸੀਰ ਹਾਜ਼ਰ ਸਨ।