- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਨੌਗੱਜਾ ਵਿਖੇ ਕੋ-ਆਪਰੇਟਿਵ ਸੁਸਾਇਟੀ ’ਚ ਖਾਤਾਧਾਰਕਾਂ ਵੱਲੋਂ ਸੁਸਾਇਟੀ ਦੇ ਕਰਮਚਾਰੀਆਂ ’ਤੇ ਕਰੋੜਾਂ ਰੁਪਏ ਦੇ ਗਬਨ ਕਰਨ ਦੇ ਲਗਾਏ ਦੋਸ਼

-ਤਿੰਨ ਪਿੰਡਾਂ ਦੇ ਖਾਤਾਧਾਰਕਾਂ ’ਚ ਹਾਹਾਕਾਰ, ਲੋਕ ਐੱਫਡੀਜ਼ ਤੇ ਬੈਂਕ ਕਾਪੀਆਂ ਲੈ ਕੇ ਵਿਭਾਗ ਦੇ ਦਫ਼ਤਰ ਪੁੱਜੇ
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਨਜ਼ਦੀਕੀ ਪਿੰਡ ਨੌਗੱਜਾ ਵਿਖੇ ਸਥਿਤ ‘ਦਿ ਨੌਗੱਜਾ ਕੋ-ਆਪ੍ਰੇਟਿਵ ਐਗਰੀਕਲਚਰ ਬਹੁਮੰਤਵੀ ਸਰਵਿਸ ਸੁਸਾਇਟੀ ਲਿਮਟਿਡ’ ’ਚ ਕਥਿਤ ਵਿੱਤੀ ਗਬਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਿੰਨ ਪਿੰਡਾਂ ਦੇ ਕਿਸਾਨਾਂ ਤੇ ਆਮ ਖਾਤਾਧਾਰਕਾਂ ’ਚ ਚਿੰਤਾ ਦਾ ਮਾਹੌਲ ਹੈ। ਇਹ ਸਹਿਕਾਰੀ ਸਭਾ ਨੌਗੱਜਾ, ਕਾਲਾ ਬਾਹੀਆਂ ਤੇ ਮੰਡ ਮੌੜ ਪਿੰਡਾਂ ਦੀ ਸਾਂਝੀ ਸਭਾ ਹੈ, ਜਿੱਥੇ ਲੋਕ ਲੰਮੇ ਸਮੇਂ ਤੋਂ ਬੱਚਤ ਖਾਤਿਆਂ, ਐੱਫਡੀਆਂ ਤੇ ਕਿਸਾਨੀ ਲਿਮਟਾਂ ਦਾ ਲੈਣ-ਦੇਣ ਕਰਦੇ ਆ ਰਹੇ ਹਨ। ਜਾਣਕਾਰੀ ਅਨੁਸਾਰ ਕਰੀਬ ਦੋ ਮਹੀਨੇ ਪਹਿਲਾਂ ਸਭਾ ਦਾ ਸਕੱਤਰ ਰਣਜੀਤ ਸਿੰਘ ਦਫ਼ਤਰ ਤੋਂ ਗੈਰਹਾਜ਼ਰ ਰਹਿਣ ਲੱਗਾ ਤਾਂ ਖਾਤਾਧਾਰਕਾਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਲੋਕਾਂ ਨੇ ਆਪਣੀਆਂ ਐੱਫਡੀਜ਼ ਤੇ ਬੈਂਕ ਖਾਤਿਆਂ ਦੀ ਜਾਂਚ ਕਰਵਾਈ। ਮਾਮਲਾ ਸਾਹਮਣੇ ਆਉਣ ’ਤੇ ਸਹਿਕਾਰਤਾ ਵਿਭਾਗ ਦੇ ਇੰਸਪੈਕਟਰ ਵੱਲੋਂ ਸਭਾ ਦੇ ਰਿਕਾਰਡ ਦੀ ਜਾਂਚ ਸ਼ੁਰੂ ਕੀਤੀ ਗਈ, ਜਿਸ ਦੌਰਾਨ ਕਥਿਤ ਗੜਬੜੀਆਂ ਸਾਹਮਣੇ ਆਈਆਂ।
ਵਿਭਾਗ ਦੀ ਜਾਂਚ ਤੇ ਖਾਤਾਧਾਰਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਸਭਾ ਦੇ ਸਕੱਤਰ ਰਣਜੀਤ ਸਿੰਘ, ਸੇਲਜ਼ਮੈਨ ਕੁਲਦੀਪ ਕੁਮਾਰ, ਪ੍ਰਧਾਨ ਗੁਰਮੀਤ ਸਿੰਘ ਤੇ ਵਾਈਸ ਪ੍ਰਧਾਨ ਨਿਰਮਲ ਸਿੰਘ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਡਿਊਟੀ ਅਫ਼ਸਰ ਹਰਦੀਪ ਸਿੰਘ ਨੂੰ ਸੌਂਪੀ ਗਈ ਹੈ ਤੇ ਨਾਮਜ਼ਦ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸਹਿਕਾਰਤਾ ਵਿਭਾਗ ਵੱਲੋਂ ਸਭਾ ਨੂੰ ਮੁੜ ਚਾਲੂ ਕਰਨ ਅਤੇ ਖਾਤਾਧਾਰਕਾਂ ਦੇ ਰਿਕਾਰਡ ਦੀ ਪੜਤਾਲ ਲਈ ਸਭਾ ’ਚ ਆਮ ਇਜਲਾਸ ਕਰਵਾਇਆ ਗਿਆ। ਇਸ ਮੌਕੇ ਵਿਭਾਗ ਦੇ ਇੰਸਪੈਕਟਰ ਰੋਹਨ ਜੋਨ ਟੀਮ ਸਮੇਤ ਮੌਜੂਦ ਰਹੇ।
ਖਾਤਾਧਾਰਕਾਂ ’ਚ ਕੁਲਵੰਤ ਸਿੰਘ ਦੀ 34 ਲੱਖ ਰੁਪਏ, ਤਰਲੋਕ ਸਿੰਘ ਦੀ 29 ਲੱਖ, ਸੁਖਜਿੰਦਰ ਸਿੰਘ ਦੀ 11 ਲੱਖ, ਅਵਤਾਰ ਸਿੰਘ ਦੀ 1 ਕਰੋੜ 62 ਲੱਖ, ਹਰਬੰਸ ਕੌਰ ਦੀ 1 ਕਰੋੜ 25 ਲੱਖ, ਕੁਲਵਿੰਦਰ ਸਿੰਘ ਦੀ 5 ਲੱਖ, ਭਜਨ ਸਿੰਘ ਦੀ 12 ਲੱਖ, ਕੁਲਦੀਪ ਸਿੰਘ ਦੀ 2 ਲੱਖ, ਕਸ਼ਮੀਰ ਸਿੰਘ ਦੀ 2 ਲੱਖ, ਸਰਬਜੀਤ ਕੁਮਾਰ ਦੀ 1 ਲੱਖ ਤੇ ਰਘਵੀਰ ਸਿੰਘ ਦੀ 19 ਲੱਖ ਰੁਪਏ ਦੀ ਐਫਡੀ ਦੱਸੀ ਗਈ ਹੈ। ਇਸ ਤੋਂ ਇਲਾਵਾ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਨੌਗੱਜਾ ਦੇ 2.65 ਲੱਖ ਤੇ ਗੁਰਪਾਲ ਸਿੰਘ ਦੇ 10 ਲੱਖ ਰੁਪਏ ਸਮੇਤ ਹੋਰ ਖਾਤਾਧਾਰਕਾਂ ਦੀਆਂ ਵੀ ਰਕਮਾਂ ਸਭਾ ’ਚ ਜਮ੍ਹਾਂ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਜ਼ਰ ਲੋਕਾਂ ਨੇ ਦਾਅਵਾ ਕੀਤਾ ਕਿ ਸਭਾ ’ਚ ਕਰੀਬ 12 ਕਰੋੜ ਰੁਪਏ ਦੀਆਂ ਐੱਫਡੀਜ਼ ਹਨ, ਜਦਕਿ ਕਿਸਾਨਾਂ ਵੱਲੋਂ ਲਿਆਂਦੀਆਂ ਲਿਮਟਾਂ ਦੀ ਰਕਮ ਤੇ ਵਿਆਜ ਵੀ ਕਰੋੜਾਂ ਰੁਪਏ ’ਚ ਹੈ। ਉਨ੍ਹਾਂ ਨੇ ਅੱਠ ਕਰੋੜ ਰੁਪਏ ਤੋਂ ਵੱਧ ਦੇ ਕਥਿਤ ਗਬਨ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਸਹਿਕਾਰਤਾ ਵਿਭਾਗ ਦੇ ਇੰਸਪੈਕਟਰ ਰੋਹਨ ਜੋਨ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ’ਚ 5 ਕਰੋੜ 78 ਲੱਖ ਰੁਪਏ ਦਾ ਗਬਨ ਸਾਹਮਣੇ ਆ ਚੁੱਕਾ ਹੈ, ਜਦਕਿ ਜਾਂਚ ਅਜੇ ਜਾਰੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਮੁਲਜ਼ਮਾਂ ਦੀਆਂ ਜਾਇਦਾਦਾਂ ਅਟੈਚ ਕਰਨ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਜਿਨ੍ਹਾਂ ਖਾਤਾਧਾਰਕਾਂ ਦਾ ਰਿਕਾਰਡ ਵਿਭਾਗੀ ਰਿਕਾਰਡ ਨਾਲ ਮੇਲ ਖਾਂਦਾ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਰਕਮ ਵਾਪਸ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਸਭਾ ਨੂੰ ਮੁੜ ਚਾਲੂ ਕਰਨ ਲਈ ਇਸ ਮੌਕੇ ਪੰਜ ਮੈਂਬਰੀ ਸਬ-ਕਮੇਟੀ ਦਾ ਗਠਨ ਵੀ ਕੀਤਾ ਗਿਆ। ਅਧਿਕਾਰੀਆਂ ਅਨੁਸਾਰ ਫਸਲੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਖਾਦਾਂ ਤੇ ਦਵਾਈਆਂ ਦੀ ਲੋੜ ਪਵੇਗੀ। ਇਸ ਦੇ ਨਾਲ ਹੀ ਡਿਫਾਲਟਰ ਖਾਤਾਧਾਰਕਾਂ ਤੋਂ ਲਿਮਟਾਂ ਦੀ ਵਸੂਲੀ ਕਰਕੇ ਲੋੜਵੰਦ ਖਾਤਾਧਾਰਕਾਂ ਨੂੰ ਰਕਮ ਮੁਹੱਈਆ ਕਰਵਾਉਣ ਦੀ ਯੋਜਨਾ ਹੈ।
ਕਰਤਾਰਪੁਰ ਥਾਣੇ ਦੇ ਇੰਚਾਰਜ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਚਾਰ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਖਾਤਾਧਾਰਕਾਂ ਨੇ ਕਿਹਾ ਕਿ 21 ਅਗਸਤ ਨੂੰ ਮਾਮਲਾ ਦਰਜ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪੁਲਿਸ ਕਾਰਵਾਈ ਸਬੰਧੀ ਹੋਰ ਤੇਜ਼ੀ ਦੀ ਉਮੀਦ ਹੈ। ਸਭਾ ਦੇ ਪ੍ਰਧਾਨ ਤੇ ਸਕੱਤਰ ਦਾ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।