ਝੋਨੇ ਦੀਆਂ ਕਿਸਮਾਂ 7301 ਤੇ 7501 ਨੂੰ ਲੈ ਕੇ ਵਿਵਾਦ ਝੋਨੇ ਦੀਆਂ ਕਿਸਮਾਂ 7301 ਅਤੇ 7501 ਨੂੰ ਲੈ ਕੇ ਵਿਵਾਦ
Publish Date: Mon, 05 Oct 2026 09:39 PM (IST)
Updated Date: Mon, 05 Oct 2026 09:41 PM (IST)
--ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਮੁੱਖ ਮੰਤਰੀ ਪੰਜਾਬ ਤੇ ਡੀ.ਸੀ. ਜਲੰਧਰ ਨੂੰ ਸੌਂਪਿਆ ਮੰਗ ਪੱਤਰ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਿਪਟੀ ਕਮਿਸ਼ਨਰ (ਡੀ.ਸੀ.) ਜਲੰਧਰ ਦੇ ਨਾਂ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਮੰਗ ਪੱਤਰ ਵਿੱਚ ਝੋਨੇ ਦੀਆਂ ਖਾਸ ਕਿਸਮਾਂ 7301 ਅਤੇ 7501 ਦੀ ਖਰੀਦ ਨੂੰ ਲੈ ਕੇ ਆ ਰਹੀਆਂ ਗੰਭੀਰ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਸਰਕਾਰ ਤੋਂ ਤੁਰੰਤ ਦਖਲਅੰਦਾਜ਼ੀ ਦੀ ਮੰਗ ਕੀਤੀ ਗਈ ਹੈ। ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰਦੋਨਾ, ਜ਼ਿਲ੍ਹਾ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੇ ਬੀਜ 7301 ਅਤੇ 7501 ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਸਬੰਧੀ ਸਰਕਾਰ ਨੇ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੋਇਆ ਹੈ। ਸਰਕਾਰ ਦੇ ਕਹਿਣ ਤੇ ਹੀ ਕਿਸਾਨਾਂ ਨੇ ਇਸ ਬੀਜ ਦੀ ਵਰਤੋਂ ਕੀਤੀ ਸੀ । ਉਨ੍ਹਾਂ ਦੱਸਿਆ ਕਿ ਝੋਨੇ ਦੀ ਇਹ ਕਿਸਮਾਂ 90 ਦਿਨਾਂ ਦੇ ਅੰਦਰ ਪੱਕ ਕੇ ਤਿਆਰ ਹੋ ਜਾਂਦੀਆਂ ਹਨ, ਜਿਸ ਨਾਲ ਪਾਣੀ ਦੀ ਵੀ ਵੱਡੀ ਬਚਤ ਹੋਈ ਹੈ। ਕਿਸਾਨ ਆਗੂਆਂ ਨੇ ਮੰਗ ਪੱਤਰ ਰਾਹੀਂ ਦੱਸਿਆ ਕਿ ਜਦੋਂ ਕਿਸਾਨ ਇਸ ਝੋਨੇ ਨੂੰ ਲੈ ਕੇ ਮੰਡੀਆਂ ਵਿੱਚ ਪਹੁੰਚੇ ਤਾਂ ਸ਼ੈਲਰ ਮਾਲਕਾਂ ਵੱਲੋਂ ਨਵੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਇਸ ਝੋਨੇ ਦੇ ਬੀਜ ਕਾਰਨ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਰੇਟ (2461 ਰੁਪਏ) ਨਾਲੋਂ 200 ਰੁਪਏ ਘੱਟ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸਾਨ ਇਸ ਸ਼ਰਤ ਨੂੰ ਨਹੀਂ ਮੰਨਦੇ, ਤਾਂ ਸ਼ੈਲਰ ਮਾਲਕਾਂ ਵੱਲੋਂ ਝੋਨਾ ਚੁੱਕਣ ਤੋਂ ਸਾਫ਼ ਮਨਾ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਮੰਗ ਪੱਤਰ ਰਾਹੀਂ ਸਰਕਾਰ ਪਾਸੋਂ ਸ਼ੈਲਰ ਮਾਲਕਾਂ ਨੂੰ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਰੇਟ (2461 ਰੁਪਏ) ਤੇ ਹੀ ਝੋਨੇ ਦੀ ਖਰੀਦ ਕਰਨ ਦੀ ਹਦਾਇਤ ਕਰਨ ਅਤੇ ਮੰਡੀਆਂ ਵਿੱਚ ਪਏ ਝੋਨੇ ਦੀ ਜਲਦੀ ਤੋਂ ਜਲਦੀ ਚੁਕਾਈ (ਲਿਫਟਿੰਗ) ਯਕੀਨੀ ਬਣਾਉਣ ਦੀ ਮੰਗ ਕੀਤੀ ਹੈ । ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂਆਂ ਨੇ ਪ੍ਰਸ਼ਾਸਨ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਦੀ ਇਸ ਜਾਇਜ਼ ਮੰਗ ਦਾ ਜਲਦ ਕੋਈ ਹੱਲ ਨਾ ਕੱਢਿਆ ਗਿਆ, ਤਾਂ ਮਜਬੂਰਨ ਕਿਸਾਨ ਜੱਥੇਬੰਦੀਆਂ ਵੱਲੋਂ ਇਸ ਦੇ ਵਿਰੋਧ ਵਿੱਚ ਸੜਕਾਂ ਜਾਮ ਕੀਤੀਆਂ ਜਾਣਗੀਆਂ ਜਿਸ ਦੀ ਪੂਰੀ ਜ਼ਿੰਮੇਵਾਰੀ ਸ਼ੈਲਰ ਮਾਲਕਾਂ ਅਤੇ ਪ੍ਰਸ਼ਾਸਨ ਦੀ ਹੋਵੇਗੀ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰਦੋਨਾ, ਜ਼ਿਲ੍ਹਾ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ, ਸੁਖਪਾਲ ਸਿੰਘ ਉਦੋਪੁਰ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਸ਼ਿੰਦਾ, ਮਹਾ ਸਿੰਘ ਤਰਾੜ, ਸੁਦਾਗਰ ਖਾਨ, ਕੁਲਵਿੰਦਰ ਸਿੰਘ ਨੰਗਲ ਜੀਵਾ, ਗੁਰਜੀਤ ਸਿੰਘ ਲੱਲੀਆਂ ਸਰਪੰਚ, ਗੁਰਦਿਆਲ ਸਿੰਘ, ਦਿਲਬਾਗ ਸਿੰਘ ਕੁਰਾਲੀ ਅਤੇ ਹਰਦੇਵ ਸਿੰਘ ਸੰਘਾ ਸਮੇਤ ਹੋਰ ਆਗੂ ਮੌਜੂਦ ਸਨ।