ਦਿਲਜੀਤ ਦੋਸਾਂਝ ਦੇ ਘਰ ਨੇੜੇ ਕੰਧ ’ਤੇ ਲਿਖੇ ਵਿਵਾਦਿਤ ਨਾਅਰੇ ਦਿਲਜੀਤ ਦੋਸਾਂਝ ਦੇ ਘਰ ਨੇੜੇ ਕੰਧ ’ਤੇ ਲਿਖੇ ਵਿਵਾਦਿਤ ਨਾਅਰੇ
Publish Date: Thu, 08 Oct 2026 07:51 PM (IST)
Updated Date: Fri, 09 Oct 2026 04:09 AM (IST)
- 1 ਨਵੰਬਰ ਦੇ ਸਬੰਧ ’ਚ ਦਿੱਲੀ ਤੇ ਚੰਡੀਗੜ੍ਹ ਸ਼ੋਅ ਦਾ ਵਿਰੋਧ ਕਰਨ ਦੀ ਗੱਲ ਆਈ ਸਾਹਮਣੇ ਮਨਜੀਤ ਮੱਕੜ, ਪੰਜਾਬੀ ਜਾਗਰਣ ਗੁਰਾਇਆ : ਪਿੰਡ ਦੋਸਾਂਝ ਕਲਾਂ ਵਿਖੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੇੜੇ ਇਕ ਕੰਧ ’ਤੇ ਖਾਲਿਸਤਾਨ ਪੱਖੀ ਤੇ ਹੋਰ ਵਿਵਾਦਿਤ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਾਅਰੇ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਦਿਵਸ ਵਜੋਂ ਮਨਾਉਣ ਦੀ ਅਪੀਲ ’ਤੇ ਦਿਲਜੀਤ ਦੋਸਾਂਝ ਦੇ ਦਿੱਲੀ ਤੇ ਚੰਡੀਗੜ੍ਹ ਵਿਖੇ ਹੋਣ ਵਾਲੇ ਸ਼ੋਅ ਦੇ ਵਿਰੋਧ ਨਾਲ ਸਬੰਧਤ ਹਨ। ਪਿੰਡ ਵਾਸੀ ਮੁਖਤਿਆਰ ਨੇ ਦੱਸਿਆ ਕਿ ਉਹ ਡਰਾਈਵਰੀ ਦਾ ਕੰਮ ਕਰਦਾ ਹੈ। ਉਸ ਮੁਤਾਬਕ ਰਾਤ ਕਰੀਬ 1:30 ਵਜੇ ਉਸ ਨੂੰ ਘਰ ਦੇ ਬਾਹਰੋਂ ਸਪਰੇਅ ਦੀ ਸਮੈੱਲ ਆਈ। ਬਾਹਰ ਆ ਕੇ ਦੇਖਿਆ ਤਾਂ ਕਰੀਬ ਚਾਰ ਵਿਅਕਤੀ ਕੰਧ ’ਤੇ ਕਾਲੀ ਸਪਰੇਅ ਨਾਲ ਨਾਅਰੇ ਲਿਖ ਰਹੇ ਸਨ। ਉਸ ਵੱਲੋਂ ਵਿਰੋਧ ਕਰਨ ’ਤੇ ਉਹ ਵਿਅਕਤੀ ਆਪਣੀ ਗੱਡੀ ’ਚ ਮੌਕੇ ਤੋਂ ਫ਼ਰਾਰ ਹੋ ਗਏ। ਮੁਖਤਿਆਰ ਅਨੁਸਾਰ ਦਿਲਜੀਤ ਦੋਸਾਂਝ ਦਾ ਘਰ ਉਸ ਦੇ ਘਰ ਤੋਂ ਕੁਝ ਹੀ ਦੂਰੀ ’ਤੇ ਹੈ ਤੇ ਕਥਿਤ ਤੌਰ ’ਤੇ ਦਿਲਜੀਤ ਦੋਸਾਂਝ ਦੇ ਘਰ ਦੇ ਭੁਲੇਖੇ ’ਚ ਉਸ ਦੇ ਘਰ ਦੀ ਕੰਧ ’ਤੇ ਹੀ ਨਾਅਰੇ ਲਿਖੇ ਗਏ। ਕੰਧ ’ਤੇ ਕਥਿਤ ਤੌਰ ’ਤੇ ਵੱਖਵਾਦੀ ਨਾਅਰੇ ਲਿਖੇ ਗਏ, ਜਿਸ ਦੀ ਸੋਸਲ ਮੀਡੀਆ ’ਤੇ ਵੀਡੀਓ ਵੀ ਵਾਈਰਲ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਏਐੱਸਆਈ ਹਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਕੇ ਕਥਿਤ ਤੌਰ ’ਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਜਾਵੇਗੀ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਜਾਂਚ ਤੋਂ ਬਾਅਦ ਹੀ ਘਟਨਾ ਨਾਲ ਸਬੰਧਤ ਵਿਅਕਤੀਆਂ ਦੀ ਪਛਾਣ ਤੇ ਨਾਅਰੇ ਲਿਖਣ ਦੇ ਕਾਰਨਾਂ ਬਾਰੇ ਸਥਿਤੀ ਹੋਰ ਸਪੱਸ਼ਟ ਹੋਣ ਦੀ ਉਮੀਦ ਹੈ। ਬਾਅਦ ’ਚ ਗੁਰਾਇਆ ਪੁਲਿਸ ਵੱਲੋਂ ਵਾਈਟ ਪੇਂਟ ਕਰ ਕੇ ਨਾਅਰੇ ਮਿਟਾ ਦਿੱਤੇ ਗਏ ਸੀ।