ਬਿੱਲ ਕਾਊਂਟਰ ਬੰਦ ਦੇਖ ਕੇ ਬਰੰਗ ਪਰਤੇ ਖਪਤਕਾਰ ਪਾਵਰਕਾਮ ਹੜਤਾਲ ਨਾਲ ਖਪਤਕਾਰ ਪ੍ਰੇਸ਼ਾਨ, ਬਿੱਲ ਕਾਊਂਟਰ ਬੰਦ
Publish Date: Fri, 24 Jul 2026 10:26 PM (IST)
Updated Date: Fri, 24 Jul 2026 10:28 PM (IST)
-ਬਿੱਲ ਜਮ੍ਹਾਂ, ਨਵੇਂ ਕਨੈਕਸ਼ਨ ਤੇ ਮੀਟਰ ਲਗਾਉਣ ਦਾ ਕੰਮ ਪ੍ਰਭਾਵਿਤ -ਪੈਨਸ਼ਨਰਾਂ ਨੇ ਜੇਲ੍ਹ ਭਰੋ ਅੰਦੋਲਨ ਦੀ ਦਿੱਤੀ ਚਿਤਾਵਨੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਾਵਰਕਾਮ ਦੇ ਤਕਨੀਕੀ ਤੇ ਆਊਟਸੋਰਸ ਕਰਮਚਾਰੀਆਂ ਦੀ ਹੜਤਾਲ ਕਾਰਨ ਬਿਜਲੀ ਖਪਤਕਾਰਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸ਼ਹਿਰ ਦੇ ਕਈ ਬਿਜਲੀ ਦਫ਼ਤਰਾਂ ’ਚ ਬਿੱਲ ਕਾਊਂਟਰ ਬੰਦ ਰਹੇ, ਜਿਸ ਕਾਰਨ ਲੋਕ ਬਿੱਲ ਜਮ੍ਹਾਂ ਕਰਵਾਉਣ ਤੋਂ ਬਿਨਾਂ ਵਾਪਸ ਪਰਤਣ ਲਈ ਮਜਬੂਰ ਹੋਏ। ਹੜਤਾਲ ਕਾਰਨ ਬਿੱਲਾਂ ’ਚ ਸੋਧ, ਨਵੇਂ ਬਿਜਲੀ ਕਨੈਕਸ਼ਨ, ਮੀਟਰ ਲਗਾਉਣ ਤੇ ਹੋਰ ਖਪਤਕਾਰ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਤੋਂ ਇਲਾਵਾ ਬਿਜਲੀ ਫਾਲਟ ਠੀਕ ਕਰਨ ’ਚ ਵੀ ਦੇਰੀ ਹੋ ਰਹੀ ਹੈ। ਹੜਤਾਲ ਨੂੰ ਹੁਣ 26 ਜੁਲਾਈ ਤੱਕ ਵਧ ਗਈ ਹੈ। ---------------------------- ਦਫ਼ਤਰਾਂ ’ਚ ਗ਼ਾਇਬ ਸੀ ਸਟਾਫ ਪੰਜਾਬੀ ਜਾਗਰਣ ਵੱਲੋਂ ਬੂਟਾ ਮੰਡੀ ਡਵੀਜ਼ਨ ਦਾ ਜਾਇਜ਼ਾ ਲੈਣ ਦੌਰਾਨ ਬਿਲਿੰਗ ਕਾਊਂਟਰ ਬੰਦ ਮਿਲੇ ਤੇ ਕਈ ਦਫ਼ਤਰਾਂ ’ਚ ਸਟਾਫ ਮੌਜੂਦ ਨਹੀਂ ਸੀ। ਕੰਮ ਕਰਵਾਉਣ ਆਏ ਖਪਤਕਾਰਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ। ਬਸਤੀ ਸ਼ੇਖ ਵਾਸੀ ਕੋਮਲ ਨੇ ਦੱਸਿਆ ਕਿ ਉਹ ਬਿਜਲੀ ਦਾ ਬਿੱਲ ਜਮ੍ਹਾਂ ਕਰਵਾਉਣ ਆਏ ਸਨ ਪਰ ਕਰਮਚਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਜਾਣਾ ਪਿਆ। ਇਸੇ ਤਰ੍ਹਾਂ ਬੂਟਾ ਮੰਡੀ ਵਾਸੀ ਓਂਕਾਰ ਸਿੰਘ ਨੇ ਦੱਸਿਆ ਕਿ ਉਹ ਨਵੇਂ ਬਿਜਲੀ ਕਨੈਕਸ਼ਨ ਲਈ ਪੈਸੇ ਜਮ੍ਹਾਂ ਕਰਵਾਉਣ ਆਏ ਸਨ ਪਰ ਕੰਮ ਨਹੀਂ ਹੋ ਸਕਿਆ। ------------------------ ਦੇਰ ਸ਼ਾਮ ਤੱਕ 900 ਤੋਂ ਵੱਧ ਸ਼ਿਕਾਇਤਾਂ ਦਾ ਨਿਬੇੜਾ ਨੋਡਲ ਕੰਪਲੇਂਟ ਸੈਂਟਰ ਦੇ ਕਰਮਚਾਰੀ ਵੀ ਹੜਤਾਲ ਤੇ ਹੋਣ ਕਾਰਨ ਸੀਐੱਚਬੀ ਕਰਮਚਾਰੀ ਬਿਜਲੀ ਫਾਲਟ ਠੀਕ ਕਰਨ ’ਚ ਜੁਟੇ ਹੋਏ ਹਨ। ਸ਼ੁੱਕਰਵਾਰ ਨੂੰ ਸ਼ਿਕਾਇਤ ਕੇਂਦਰਾਂ ’ਚ 900 ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ, ਜਿਨ੍ਹਾਂ ਦਾ ਸ਼ਾਮ ਤੱਕ ਨਿਪਟਾਰਾ ਕਰਨ ਦਾ ਦਾਅਵਾ ਕੀਤਾ ਗਿਆ। ------------------------ ਮੰਗਾਂ ਨਾ ਮੰਨੀਆਂ ਤਾਂ ਜੇਲ੍ਹ ਭਰੋ ਅੰਦੋਲਨ ਹੜਤਾਲ ’ਚ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਤੇ ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਵੀ ਸ਼ਾਮਲ ਹੋ ਗਈ ਹੈ। ਪੈਨਸ਼ਨਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਓਧਰ ਪੀਐੱਸਪੀਸੀਐੱਲ ਵੱਲੋਂ ਹੜਤਾਲ ’ਚ ਸ਼ਾਮਲ ਹੋਣ ਵਾਲੇ ਕਰਮਚਾਰੀਆਂ ਖ਼ਿਲਾਫ਼ ਸਖ਼ਤੀ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਵਿਭਾਗ ਨੇ ਕਿਹਾ ਹੈ ਕਿ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਜ਼ਿਆਦਾਤਰ ਸਟਾਫ ਹੜਤਾਲ ਤੇ ਹੋਣ ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਹੈ। ਫਿਰ ਵੀ ਬਿਜਲੀ ਸਪਲਾਈ ਨੂੰ ਬਹਾਲ ਰੱਖਣ ਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ।