15 ਦਿਨਾਂ ’ਚ ਸ਼ੁਰੂ ਹੋਵੇਗੀ ਸਿਟੀ ਰੇਲਵੇ ਸਟੇਸ਼ਨ ਦਾ ਉਸਾਰੀ, ਟ੍ਰੈਫਿਕ ਬਣੇਗੀ ਵੱਡੀ ਚੁਣੌਤੀ ਸਿਟੀ ਰੇਲਵੇ ਸਟੇਸ਼ਨ ਦਾ ਨਿਰਮਾਣ 15 ਦਿਨਾਂ ਅੰਦਰ ਹੋਵੇਗਾ ਸ਼ੁਰੂ, ਟ੍ਰੈਫਿਕ ਬਣੇਗੀ ਵੱਡੀ ਚੁਣੌਤੀ
Publish Date: Fri, 31 Jul 2026 10:45 PM (IST)
Updated Date: Fri, 31 Jul 2026 10:46 PM (IST)
- ਸਟੇਸ਼ਨ ਦਾ ਨਿਰਮਾਣ ਕਾਰਜ ਸ਼ੁਰੂ ਕਰਨ ’ਚ ਦੇਰੀ ਦਾ ਕਾਰਨ ਬਣ ਰਹੇ ਆਰਐੱਮਐੱਸ ਨੂੰ ਲੈ ਕੇ ਚੰਡੀਗੜ੍ਹ ਤੋਂ ਅਧਿਕਾਰੀਆਂ ਨੇ ਕੀਤੀ ਵਿਜ਼ਿਟ ਜਾਗਰਣ ਸੰਵਾਦਦਾਤਾ, ਜਲੰਧਰ : 95.08 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ਦਾ ਨਿਰਮਾਣ ਸ਼ੁਰੂ ਕਰਨ ’ਚ ਪਿਛਲੇ ਚਾਰ ਮਹੀਨਿਆਂ ਤੋਂ ਰੁਕਾਵਟ ਬਣਿਆ ਰੇਲ ਡਾਕ ਸੇਵਾ (ਆਰਐੱਮਐੱਸ) ਤਹਿਤ ਬਣਿਆ ਟਰਾਂਜ਼ਿਟ ਮੇਲ ਆਫਿਸ ਹੁਣ 10 ਤੋਂ 15 ਦਿਨਾਂ ਦੇ ਅੰਦਰ ਸ਼ਿਫਟ ਹੋ ਜਾਵੇਗਾ। ਚੁਣੀਆਂ ਗਈਆਂ ਥਾਵਾਂ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਚੰਡੀਗੜ੍ਹ ਹੈੱਡ ਆਫਿਸ ਤੋਂ ਟੀਮ ਜਲੰਧਰ ਪਹੁੰਚੀ। ਹਾਲਾਂਕਿ ਸਟੇਸ਼ਨ ਦੇ ਨਿਰਮਾਣ ਨੂੰ ਲੈ ਕੇ ਚੁਣੌਤੀਆਂ ਅਜੇ ਵੀ ਕਾਫ਼ੀ ਹਨ। ਕੰਸਟ੍ਰਕਸ਼ਨ ਕੰਪਨੀ ਵੱਲੋਂ ਮੁੱਖ ਸੜਕ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਇਸ ਤੋਂ ਪਹਿਲਾਂ ਨਵੀਂ ਸੜਕ ਤਿਆਰ ਕੀਤੀ ਜਾ ਰਹੀ ਹੈ। ਸ਼ਹਿਰ ਦੇ ਤਿੰਨ ਪਾਸਿਆਂ ਤੋਂ ਆਉਣ ਵਾਲੀ ਟ੍ਰੈਫਿਕ ਤੇ ਸਟੇਸ਼ਨ ਤੇ ਆਉਣ-ਜਾਣ ਵਾਲੇ ਯਾਤਰੀਆਂ ਦੀ ਆਵਾਜਾਈ ਨੂੰ ਕੰਟਰੋਲ ਕਰਨਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਜਿਸ ਰਸਤੇ ਤੋਂ ਨਵੀਂ ਸੜਕ ਬਣਾਈ ਜਾ ਰਹੀ ਹੈ, ਉੱਥੋਂ ਵਾਹਨ ਤਾਂ ਕਿਸੇ ਤਰ੍ਹਾਂ ਆ-ਜਾ ਸਕਣਗੇ ਪਰ ਹਰ ਮੋੜ ਤੇ ਟ੍ਰੈਫਿਕ ਜਾਮ ਦੀ ਸਥਿਤੀ ਬਣਨ ਦੀ ਸੰਭਾਵਨਾ ਹੈ। ਫਿਰ ਭਾਵੇਂ ਡਾਇਵਰਟ ਕੀਤਾ ਰਸਤਾ ਹੋਵੇ ਜਾਂ ਜੀਆਰਪੀ ਦੇ ਅੱਗਿਓਂ ਲੰਘਣ ਵਾਲਾ ਰਸਤਾ, ਹਰ ਪਾਸੇ ਵਾਹਨਾਂ ਨੂੰ ਇੱਕ-ਦੂਜੇ ਦੇ ਪਿੱਛੇ ਲੰਘਣ ਤੇ ਮੋੜ ਕੱਟਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਜਦੋਂ ਸ਼ਤਾਬਦੀ ਵਰਗੀਆਂ ਪ੍ਰੀਮੀਅਮ ਰੇਲ ਗੱਡੀਆਂ ਸਟੇਸ਼ਨ ਤੇ ਪਹੁੰਚਦੀਆਂ ਹਨ ਤਾਂ ਯਾਤਰੀਆਂ ਨੂੰ ਲੈਣ ਆਉਣ ਵਾਲਿਆਂ ਤੇ ਟੈਕਸੀ ਚਾਲਕਾਂ ਦੀ ਗਿਣਤੀ ਵੀ ਕਾਫ਼ੀ ਵੱਧ ਜਾਂਦੀ ਹੈ। ਅਜਿਹੇ ਸਮੇਂ ਟ੍ਰੈਫਿਕ ਦੀ ਸਥਿਤੀ ਹੋਰ ਵੀ ਵਿਗੜ ਸਕਦੀ ਹੈ। ਇਸ ਦਾ ਅਸਰ ਮੰਡੀ ਫੈਂਟਨਗੰਜ ਰੋਡ ਦੇ ਨਾਲ-ਨਾਲ ਓਲਡ ਰੇਲਵੇ ਰੋਡ ਤੋਂ ਆਉਣ ਵਾਲੀ ਟ੍ਰੈਫਿਕ ਤੇ ਵੀ ਪਵੇਗਾ। ਸਟੇਸ਼ਨ ਤੇ ਯਾਤਰੀਆਂ ਨੂੰ ਲੈਣ ਜਾਂ ਛੱਡਣ ਲਈ ਵਾਹਨ ਰੁਕਣਗੇ ਤਾਂ ਪਿੱਛੇ ਆਉਣ ਵਾਲੇ ਹੋਰ ਵਾਹਨ ਵੀ ਰੁਕਣਗੇ, ਜਿਸ ਕਾਰਨ ਟ੍ਰੈਫਿਕ ਜਾਮ ਲੱਗਣਾ ਸੁਭਾਵਿਕ ਹੈ। ਜੇਕਰ ਰੇਲਵੇ ਕਾਲੋਨੀ ਵੱਲੋਂ ਬਣਾਏ ਗਏ ਡਾਇਵਰਟ ਰੂਟ ਰਾਹੀਂ ਕੋਈ ਵਾਹਨ ਚਾਲਕ ਆਉਂਦਾ ਹੈ ਤਾਂ ਉਹ ਸਿੱਧਾ ਪਹਿਲਾਂ ਜੀਆਰਪੀ ਵੱਲ ਪਹੁੰਚੇਗਾ। ਇਸ ਦੇ ਬਿਲਕੁਲ ਸਾਹਮਣੇ ਤਿਕੋਣਾ ਗ੍ਰੀਨ ਏਰੀਆ ਹੈ। ਇਸ ਦੇ ਇਕ ਪਾਸੇ ਤੋਂ ਵਾਹਨ ਜਾਣਗੇ ਤੇ ਦੂਜੇ ਪਾਸੇ ਤੋਂ ਆਉਣਗੇ। ਜਾਣ ਵਾਲੇ ਵਾਹਨ ਚਾਲਕਾਂ ਨੂੰ ਮੰਡੀ ਫੈਂਟਨਗੰਜ ਤੋਂ ਅੱਗੇ ਬਣੇ ਛੋਟੇ ਗੋਲ ਚੌਕ ਤੋਂ ਘੁੰਮ ਕੇ ਆਉਣਾ ਪਵੇਗਾ। ਇਸ ਤੋਂ ਬਾਅਦ ਸਵਾਰੀਆਂ ਨੂੰ ਲੈਣ ਜਾਂ ਛੱਡਣ ਪਿੱਛੋਂ ਉਨ੍ਹਾਂ ਨੂੰ ਜਾਂ ਤਾਂ ਇਸੇ ਰੂਟ ਰਾਹੀਂ ਵਾਪਸ ਜਾਣਾ ਪਵੇਗਾ, ਜਿੱਥੋਂ ਉਹ ਆਏ ਸਨ। ਇਸ ਪੂਰੀ ਪ੍ਰਕਿਰਿਆ ’ਚ ਸਮਾਂ ਵੀ ਲੱਗੇਗਾ ਤੇ ਵਾਹਨਾਂ ਦੀ ਭੀੜ ਵਧਣ ਨਾਲ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਪੈਦਾ ਹੋਵੇਗੀ। ---------------------------- ਜੀਆਰਪੀ ਦੀ ਇਮਾਰਤ ਦੇ ਅੱਗਿਓਂ ਸੜਕ ਹੋਵੇਗੀ ਬੰਦ ਸਟੇਸ਼ਨ ਦੀ ਨਵੀਂ ਇਮਾਰਤ 90 ਮੀਟਰ ਲੰਬੀ ਤੇ 20 ਮੀਟਰ ਚੌੜੀ ਹੋਵੇਗੀ। ਲੰਬਾਈ ਦੇ ਹਿਸਾਬ ਨਾਲ ਇਹ ਪਲੇਟਫਾਰਮ ਨੰਬਰ ਪੰਜ ਦੇ ਨੇੜੇ ਤੱਕ ਪਹੁੰਚੇਗੀ, ਜਦਕਿ ਚੌੜਾਈ ਵਾਲੇ ਪਾਸੇ ਇਹ ਜੀਆਰਪੀ ਦੇ ਗੇਟ ਤੱਕ ਹੋਵੇਗੀ। ਭਵਿੱਖ ’ਚ ਜੀਆਰਪੀ ਦੀ ਇਮਾਰਤ ਨੂੰ ਢਾਹਿਆ ਜਾਣਾ ਹੈ। ਫਿਲਹਾਲ ਸੜਕ ਬਣਾਈ ਜਾ ਰਹੀ ਹੈ, ਪਰ ਜੀਆਰਪੀ ਦੀ ਰੇਲਿੰਗ ਦੇ ਨੇੜੇ ਪਹੁੰਚ ਕੇ ਸੜਕ ਕੁਝ ਤੰਗ ਹੋ ਰਹੀ ਹੈ। ਹਾਲਾਂਕਿ ਕਨਸਟਰਕਸ਼ਨ ਕੰਪਨੀ ਵੱਲੋਂ ਪਹਿਲਾਂ ਇਸ ਇਮਾਰਤ ਨੂੰ ਢਾਹੁਣ ਦਾ ਪ੍ਰਬੰਧ ਰੱਖਿਆ ਗਿਆ ਸੀ, ਪਰ ਜੀਆਰਪੀ ਦੇ ਪਿੱਛੇ ਵੱਲ ਕੋਈ ਕੰਧ ਨਾ ਹੋਣ ਕਾਰਨ ਸਥਾਨਕ ਕਰਮਚਾਰੀਆਂ ਦੀ ਬੇਨਤੀ ਤੇ ਇਸ ਨੂੰ ਫਿਲਹਾਲ ਨਹੀਂ ਢਾਹਿਆ ਗਿਆ। ਬਾਅਦ ’ਚ ਜੀਆਰਪੀ ਨੂੰ ਕਿਸੇ ਹੋਰ ਥਾਂ ਸ਼ਿਫਟ ਕਰਕੇ ਇਸ ਇਮਾਰਤ ਨੂੰ ਢਾਹ ਦਿੱਤਾ ਜਾਵੇਗਾ। ਇਸ ਲਈ ਫਿਲਹਾਲ ਨਿਰਮਾਣ ਕਾਰਜ ਦੌਰਾਨ ਕਨਸਟਰਕਸ਼ਨ ਕੰਪਨੀ ਵੱਲੋਂ ਜੀਆਰਪੀ ਦੇ ਗੇਟ ਦੇ ਅੱਗਿਓਂ ਰੇਲਵੇ ਰੋਡ ਵੱਲ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਪਹਿਲਾਂ ਹੀ ਸੜਕ ਨੂੰ ਡਾਇਵਰਟ ਕਰਕੇ ਨਵੀਂ ਸੜਕ ਬਣਾਈ ਜਾ ਰਹੀ ਹੈ। ਇਸ ਦੌਰਾਨ ਬੰਦ ਕੀਤੀ ਜਾਣ ਵਾਲੀ ਸੜਕ ਦੇ ਵਿਚਕਾਰ ਹੀ ਨਵੇਂ ਸਟੇਸ਼ਨ ਦੀ ਇਮਾਰਤ ਦਾ ਨਿਰਮਾਣ ਕੀਤਾ ਜਾਣਾ ਹੈ। ਪੁਰਾਣੀ ਇਮਾਰਤ ਫਿਲਹਾਲ ਉਸੇ ਤਰ੍ਹਾਂ ਮੌਜੂਦ ਰਹੇਗੀ। --------------------------------- ਥ੍ਰੀ-ਵ੍ਹੀਲਰ, ਰਿਕਸ਼ਾ ਆਦਿ ਵੀ ਬਣਨਗੇ ਰੁਕਾਵਟ, ਦੂਜੀ ਥਾਂ ਕਰਨੇ ਪੈਣਗੇ ਸ਼ਿਫਟ ਮੌਜੂਦਾ ਸਮੇਂ ’ਚ ਸਟੇਸ਼ਨ ਦੇ ਸਰਕੁਲੇਟਿੰਗ ਏਰੀਆ ਦੇ ਬਾਹਰੀ ਪਾਸੇ, ਯਾਨੀ ਜੀਆਰਪੀ ਤੋਂ ਮੰਡੀ ਫੈਂਟਨਗੰਜ ਵੱਲ ਜਾਣ ਵਾਲੀ ਸੜਕ ਦੇ ਦੋਵੇਂ ਪਾਸਿਆਂ ਤੇ ਥ੍ਰੀ-ਵ੍ਹੀਲਰ, ਰੈਪਿਡੋ ਦੇ ਨਾਲ-ਨਾਲ ਰੇਲ ਯਾਤਰੀਆਂ ਨੂੰ ਲੈਣ ਆਉਣ ਵਾਲੇ ਲੋਕਾਂ ਦੇ ਵਾਹਨ ਖੜ੍ਹੇ ਰਹਿੰਦੇ ਹਨ। ਭਾਵੇਂ ਇਹ ਵਾਹਨ ਪਾਰਕਿੰਗ ’ਚ ਨਾ ਲੱਗ ਕੇ ਕੁਝ ਸਮੇਂ ਲਈ ਹੀ ਰੁਕਦੇ ਹਨ ਪਰ ਇਨ੍ਹਾਂ ਕਾਰਨ ਵੀ ਟ੍ਰੈਫਿਕ ਦੀ ਸਥਿਤੀ ਵਿਗੜ ਸਕਦੀ ਹੈ। ਅਜਿਹੇ ’ਚ ਥ੍ਰੀ-ਵ੍ਹੀਲਰ ਤੇ ਰੈਪਿਡੋ ਆਦਿ ਵਾਹਨਾਂ ਨੂੰ ਕਿਸੇ ਹੋਰ ਥਾਂ ਸ਼ਿਫਟ ਕਰਨਾ ਪਵੇਗਾ। ਨਹੀਂ ਤਾਂ ਟ੍ਰੈਫਿਕ ਦੀ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।