- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਚੌਕ ਬਾਈਪਾਸ ਦੇ ਨਵੇਂ ਚੌਕ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ' ਨਾਮਕਰਨ ਕਰਕੇ ਉਸਾਰੀ ਦਾ ਕੰਮ ਸ਼ੁਰੂ

-40 ਦਿਨਾਂ 'ਚ ਬਣ ਕੇ ਤਿਆਰ ਹੋਵੇਗਾ ਚੌਕ, ਉਸਾਰੀ ਲਈ ਬਜਟ ਦੀ ਕੋਈ ਹੱਦ ਨਹੀਂ : ਵਿਧਾਇਕ ਮਾਨ
ਧੀਰਜ ਮਰਵਾਹਾ, ਪੰਜਾਬੀ ਜਾਗਰਣ
ਨਕੋਦਰ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਦਿਹਾੜੇ ਮੌਕੇ ਨਕੋਦਰ ਦੀ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਅੱਜ ਜਲੰਧਰ ਚੌਕ ਬਾਈਪਾਸ 'ਤੇ ਬਣਨ ਵਾਲੇ ਨਵੇਂ ਚੌਕ ਦਾ ‘ਸ੍ਰੀ ਗੁਰੂ ਨਾਨਕ ਦੇਵ ਜੀ ਚੌਕ' ਨਾਮਕਰਨ ਕਰਦਿਆਂ ਇਸ ਦੇ ਉਸਾਰੀ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਅਰਦਾਸ ਕਰਨ ਉਪਰੰਤ ਨਾਰੀਅਲ ਤੋੜ ਕੇ ਕੰਮ ਦੀ ਸ਼ੁਰੂਆਤ ਕੀਤੀ ਗਈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਇਸ ਚੌਕ ਦੀ ਉਸਾਰੀ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਨਵਾਂ ਚੌਕ ਅਗਲੇ 40 ਦਿਨਾਂ ਦੇ ਅੰਦਰ-ਅੰਦਰ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਬਜਟ ਦੇ ਸਵਾਲ 'ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ 'ਤੇ ਬਣਨ ਵਾਲੇ ਇਸ ਚੌਕ ਉੱਪਰ ਕੋਈ ਵੀ ਬਜਟ ਦੀ ਸੀਮਾ ਨਹੀਂ ਹੈ ਤੇ ਇਸ ਦੀ ਉਸਾਰੀ ਤੇ ਸੁੰਦਰੀਕਰਨ 'ਤੇ ਜਿੰਨੇ ਵੀ ਪੈਸੇ ਲੱਗਣਗੇ, ਖਰਚੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਤੇ ਸ਼ਹਿਰ ਦੀਆਂ ਹੋਰ ਮੰਗਾਂ ਵੀ ਬਹੁਤ ਜਲਦ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਨਗਰ ਕੌਂਸਲ ਨਕੋਦਰ ਦੇ ਪ੍ਰਧਾਨ ਪ੍ਰਦੀਪ ਸ਼ੇਰਪੁਰ, ਕੌਂਸਲਰ ਰਮੇਸ਼ ਸੋਂਧੀ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦਰਸ਼ਨ ਸਿੰਘ ਟਾਹਲੀ, ਜਸਵੀਰ ਸਿੰਘ ਧੰਜਲ, ਸੰਜੀਵ ਆਹੂਜਾ, ਸੰਨੀ ਪੁਰੀ, ਮਨਮੋਹਨ ਸਿੰਘ ਟੱਕਰ, ਮੰਗਤ ਰਾਮ ਲੰਗਾਹ, ਅਮਰੀਕ ਸਿੰਘ ਥਿੰਦ ਤੋਂ ਇਲਾਵਾ ਭਾਰੀ ਗਿਣਤੀ ’ਚ ‘ਆਪ’ ਵਰਕਰ, ਸਬੰਧਤ ਵਿਭਾਗ ਦੇ ਅਧਿਕਾਰੀ ਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।