ਨਗਰ ਨਿਗਮ ਮੁਲਾਜ਼ਮਾਂ ਦੀਆਂ ਕਈ ਮੰਗਾਂ ’ਤੇ ਬਣੀ ਸਹਿਮਤੀ ਨਗਰ ਨਿਗਮ ਮੁਲਾਜ਼ਮਾਂ ਦੀ ਹੜਤਾਲ ਤੇ ਧਰਨੇ ਤੋਂ ਬਾਅਦ ਮੇਅਰ ਤੇ ਕਮਿਸ਼ਨਰ ਵੱਲੋਂ ਅਹਿਮ ਭਰੋਸਾ; ਕਈ ਅਹਿਮ ਮੰਗਾਂ ’ਤੇ ਬਣੀ ਸਹਿਮਤੀ
Publish Date: Wed, 25 Nov 2026 09:05 PM (IST)
Updated Date: Wed, 25 Nov 2026 09:07 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਅੱਜ ਯੂਨੀਅਨ ਆਗੂ ਬੰਟੂ ਸਭਰਵਾਲ ਦੀ ਅਗਵਾਈ ਹੇਠ ਨਗਰ ਨਿਗਮ ਵਿਖੇ ਹੜਤਾਲ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨਾ ਪ੍ਰਦਰਸ਼ਨ ਅਤੇ ਹਾਊਸ ਦੀ ਮੀਟਿੰਗ ਤੋਂ ਬਾਅਦ ਮਾਮਲੇ ਦੇ ਹੱਲ ਲਈ ਮਾਡਲ ਟਾਊਨ ਸਥਿਤ ਮੇਅਰ ਹਾਊਸ ਵਿਖੇ ਉੱਚ ਪੱਧਰੀ ਮੀਟਿੰਗ ਹੋਈ, ਜਿਸ ’ਚ ਮੇਅਰ ਵਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਮੇਅਰ ਤੇ ਕਮਿਸ਼ਨਰ ਨੇ ਯੂਨੀਅਨ ਦੇ ਵਫ਼ਦ ਨਾਲ ਮੁਲਾਜ਼ਮਾਂ ਦੇ ਮੁੱਦਿਆਂ ’ਤੇ ਚਰਚਾ ਕੀਤੀ ਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਠੋਸ ਭਰੋਸਾ ਦਿੱਤਾ। ਮੀਟਿੰਗ ਵਿਚ ਲਏ ਗਏ ਮੁੱਖ ਫ਼ੈਸਲਿਆਂ ’ਚ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ 1196 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਦਾ ਭਰੋਸਾ ਦਿੱਤਾ ਗਿਆ। ਇਸ ਭਰਤੀ ਤਹਿਤ 58 ਮਾਲੀ ਅਤੇ 58 ਕੁਲੀਆਂ ਦੀਆਂ ਅਸਾਮੀਆਂ ਨੂੰ ਵੀ ਪੂਰਾ ਕੀਤਾ ਜਾਣ ਦਾ ਭਰੋਸਾ ਦਿੱਤਾ। ਪਿਛਲੇ 10 ਸਾਲਾਂ ਤੋਂ ਸੇਵਾਵਾਂ ਨਿਭਾਅ ਰਹੇ 370 ਸੀਵਰਮੈਨਾਂ ਅਤੇ ਡਰਾਈਵਰਾਂ ਨੂੰ ਪੱਕੇ (ਰੈਗੂਲਰ) ਕਰਨ ’ਤੇ ਸਹਿਮਤੀ ਬਣੀ। ਇਸ ਦੇ ਨਾਲ ਹੀ ਸ਼ਹਿਰ ਦੇ ਵੱਖ-ਵੱਖ ਡਿਸਪੋਜ਼ਲਾਂ ’ਤੇ ਆਊਟਸੋਰਸ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਹੁਣ ਇਨਸੋਰਸ ਕੀਤਾ ਜਾਵੇਗਾ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂ ਬੰਟੂ ਸਭਰਵਾਲ ਨੇ ਇਨ੍ਹਾਂ ਫ਼ੈਸਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮਿਲੇ ਸਕਾਰਾਤਮਕ ਭਰੋਸੇ ਤੋਂ ਬਾਅਦ ਫਿਲਹਾਲ ਅਗਲੀ ਰਣਨੀਤੀ ਤੈਅ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਸ਼ਮੀ ਲੂਥਰ, ਰਾਜਨ ਕਲਿਆਣ, ਬੋਬੀ ਤੇ ਹੈਪੀ ਥਾਪਰ ਸਮੇਤ ਹੋਰ ਵੀ ਕਈ ਯੂਨੀਅਨ ਆਗੂ ਤੇ ਮੁਲਾਜ਼ਮ ਹਾਜ਼ਰ ਸਨ।