ਬਿਜਲੀ ਕੱਟਾਂ ਤੋਂ ਤੰਗ ਆ ਕੇ ਕਾਂਗਰਸ ਨੇ ਲਾਇਆ ਧਰਨਾ ਬਿਜਲੀ ਕੱਟਾਂ ਤੋਂ ਤੰਗ ਆ ਕੇ ਕਾਂਗਰਸ ਦਾ ਜ਼ਬਰਦਸਤ ਧਰਨਾ; ਵਿਧਾਇਕ ਬਾਵਾ ਹੈਨਰੀ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ
Publish Date: Mon, 14 Sep 2026 08:11 PM (IST)
Updated Date: Mon, 14 Sep 2026 08:14 PM (IST)
ਮੁੱਖ ਮੰਤਰੀ ਦੇ ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵੇ ਫੇਲ੍ਹ: ਬਾਵਾ ਹੈਨਰੀ ਬਿਜਲੀ ਦਫ਼ਤਰ ਦੇ ਬਾਹਰ ਲਾਏ ਨਾਅਰੇ, ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਿਜਲੀ ਦੇ ਲਗਾਤਾਰ ਅਤੇ ਲੰਬੇ-ਲੰਬੇ ਕੱਟਾਂ ਤੋਂ ਪਰੇਸ਼ਾਨ ਲੋਕਾਂ ਦੇ ਹੱਕ ਵਿਚ ਅੱਜ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਜਲੰਧਰ ਸਥਿਤ ਬਿਜਲੀ ਨਿਗਮ ਦੇ ਦਫ਼ਤਰ ਦੇ ਬਾਹਰ ਭਾਰੀ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਧਰਨੇ ਦੌਰਾਨ ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ ਵਿਰੁੱਧ ਜੰਮ ਕੇ ਨਾਅਰੇ ਲਾਏ ਗਏ। --- ਸਰਕਾਰ ਦੇ ਦਾਅਵੇ ਜ਼ਮੀਨੀ ਪੱਧਰ ਤੇ ਫੇਲ੍ਹ ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਲੰਧਰ ਉੱਤਰੀ ਤੋਂ ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚ ਬਿਜਲੀ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਲੋਕਾਂ ਨੂੰ ਘੰਟਿਆਂ ਬੱਧੀ ਲੰਬੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਆਮ ਜਨਤਾ, ਦੁਕਾਨਦਾਰ ਅਤੇ ਉਦਯੋਗਪਤੀ ਬੇਹੱਦ ਪਰੇਸ਼ਾਨ ਹਨ। ਉਨ੍ਹਾਂ ਨੇ ਮੁੱਖ ਮੰਤਰੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੱਕ ਪਾਸੇ ਸੀ.ਐੱਮ. ਭਗਵੰਤ ਸਿੰਘ ਮਾਨ ਦਾਅਵਾ ਕਰਦੇ ਹਨ ਕਿ ਪੰਜਾਬ ਚ ਬਿਜਲੀ ਦਾ ਕੋਈ ਕੱਟ ਨਹੀਂ ਲੱਗੇਗਾ ਤੇ ਹਰ ਵਕਤ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ ਪਰ ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਾਸੀ ਭਾਰੀ ਬਿਜਲੀ ਕੱਟਾਂ ਦੀ ਮਾਰ ਝੱਲ ਰਹੇ ਹਨ। ਬਾਵਾ ਹੈਨਰੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੇ ਸਾਰੇ ਦਾਅਵੇ ਫੋਕੇ ਅਤੇ ਫੇਲ੍ਹ ਸਾਬਤ ਹੋ ਚੁੱਕੇ ਹਨ, ਜਿਸ ਕਾਰਨ ਅੱਜ ਉਹਨਾਂ ਨੂੰ ਸੜਕਾਂ ਤੇ ਉੱਤਰ ਕੇ ਬਿਜਲੀ ਦਫ਼ਤਰ ਦੇ ਬਾਹਰ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ। ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਚ ਪਾਰਟੀ ਦੇ ਝੰਡੇ ਅਤੇ ਬਿਜਲੀ ਮਹਿਕਮੇ ਵਿਰੁੱਧ ਲਿਖੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਮੌਕੇ ਤੇ ਬਿਜਲੀ ਮਹਿਕਮਾ ਹਾਏ-ਹਾਏ , ਪੰਜਾਬ ਸਰਕਾਰ ਹਾਏ-ਹਾਏ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਜ਼ੋਰਦਾਰ ਨਾਅਰੇ ਲਗਾਏ ਗਏ। ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰੀ ਨੀਤੀਆਂ ਦਾ ਵਿਰੋਧ ਪ੍ਰਗਟਾਉਣ ਲਈ ਪ੍ਰਤੀਕਾਤਮਕ ਪੁਤਲਾ ਵੀ ਪ੍ਰਦਰਸ਼ਿਤ ਕੀਤਾ ਗਿਆ। ਧਰਨੇ ਚ ਸ਼ਾਮਲ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸ਼ਹਿਰ ਤੇ ਪੰਜਾਬ ਭਰ ’ਚ ਬਿਜਲੀ ਦੀ ਸਥਿਤੀ ਤੁਰੰਤ ਸੁਧਾਰੀ ਨਾ ਗਈ ਤੇ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਮੁਕਤੀ ਨਾ ਮਿਲੀ ਤਾਂ ਕਾਂਗਰਸ ਪਾਰਟੀ ਵੱਲੋਂ ਇਸ ਪ੍ਰਦਰਸ਼ਨ ਨੂੰ ਹੋਰ ਵਿਆਪਕ ਤੇ ਤਿੱਖਾ ਕੀਤਾ ਜਾਵੇਗਾ।