- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਿਲ ਹਸਪਤਾਲ ਪਹੁੰਚੇ ਕਾਂਗਸੀ ਨੇਤਾ ਵਿਧਾਇਕ ਬਾਵਾ ਹੈਨਰੀ ਤੇ ਰਜਿੰਦਰ ਬੇਰੀ

-ਕਿਹਾ, ਇਮਾਰਤਾਂ ਨੂੰ ਪਾਰਟੀ ਦੇ ਰੰਗਾਂ ਨਾਲ ਰੰਗਣ ’ਤੇ ਦਿੱਤਾ ਜਾ ਰਿਹੈ ਧਿਆਨ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਸਿਵਲ ਹਸਪਤਾਲ ’ਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਵੱਲੋਂ ਦੋ ਵਾਰ ਅਚਨਚੇਤ ਨਿਰੀਖਣ ਕਰਕੇ ਖਾਮੀਆਂ ਦੂਰ ਕਰਨ ਦੇ ਨਿਰਦੇਸ਼ ਦਿੱਤੇ ਜਾਣ ਦੇ ਬਾਵਜੂਦ ਹਾਲਾਤ ’ਚ ਕੋਈ ਠੋਸ ਸੁਧਾਰ ਨਹੀਂ ਹੋਇਆ। ਸ਼ੁੱਕਰਵਾਰ ਨੂੰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਤੇ ਨਾਰਥ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਨੇ ਹਸਪਤਾਲ ਦਾ ਦੌਰਾ ਕਰਕੇ ਪ੍ਰਬੰਧਾਂ ’ਤੇ ਚਿੰਤਾ ਪ੍ਰਗਟਾਈ। ਦੌਰੇ ਦੌਰਾਨ ਦੋਵੇਂ ਆਗੂ ਜੱਚਾ-ਬੱਚਾ ਕੇਂਦਰ ਪਹੁੰਚੇ, ਜਿੱਥੇ ਓਪੀਡੀ ਦੇ ਪਖਾਨਿਆਂ ’ਚ ਗੰਦਗੀ ਤੇ ਬਦਬੂ ਪਾਈ ਗਈ। ਮਰਦਾਂ ਲਈ ਬਣੇ ਪਖਾਨੇ ਨੂੰ ਤਾਲਾ ਲੱਗਿਆ ਹੋਇਆ ਸੀ, ਜਦਕਿ ਬਾਹਰ ਬਾਇਓਮੈਡੀਕਲ ਰਹਿੰਦ-ਖੂੰਹਦ ਨਾਲ ਭਰਿਆ ਲਿਫ਼ਾਫ਼ਾ ਪਿਆ ਸੀ। ਇਸ ਤੋਂ ਬਾਅਦ ਆਗੂਆਂ ਨੇ ਕੇਂਦਰ ਦੀਆਂ ਲਿਫਟਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਨੁਸਾਰ ਲਿਫਟਾਂ ਪਿਛਲੇ ਕਈ ਸਾਲਾਂ ਤੋਂ ਬੰਦ ਪਈਆਂ ਹਨ, ਜਿਸ ਕਾਰਨ ਗੰਭੀਰ ਹਾਲਤ ਵਾਲੀਆਂ ਗਰਭਵਤੀ ਔਰਤਾਂ ਨੂੰ ਸਟਰੈਚਰਾਂ ਰਾਹੀਂ ਰੈਂਪ ਦੇ ਸਹਾਰੇ ਵਾਰਡਾਂ ਤੱਕ ਲਿਜਾਣਾ ਪੈਂਦਾ ਹੈ। ਜੱਚਾ-ਬੱਚਾ ਵਾਰਡ ਦੇ ਪਖਾਨਿਆਂ ’ਚ ਵੀ ਗੰਦਗੀ ਤੇ ਬਦਬੂ ਦੀ ਸਮੱਸਿਆ ਸਾਹਮਣੇ ਆਈ।
ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਆਗੂਆਂ ਕੋਲ ਆਪਣੀਆਂ ਮੁਸ਼ਕਲਾਂ ਰੱਖੀਆਂ। ਬੱਚਿਆਂ ਦੇ ਵਾਰਡ ਵਿੱਚ ਕੰਧਾਂ ’ਤੇ ਉੱਲੀ ਤੇ ਟੁੱਟੀਆਂ ਟਾਈਲਾਂ ਦੇਖ ਕੇ ਆਗੂਆਂ ਨੇ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਨਵਜੰਮੇ ਬੱਚਿਆਂ ਨੂੰ ਅਜਿਹੇ ਮਾਹੌਲ ’ਚ ਰੱਖਣਾ ਉਨ੍ਹਾਂ ਦੀ ਸਿਹਤ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਦੋਵੇਂ ਆਗੂਆਂ ਨੇ ਹਸਪਤਾਲ ਦੇ ਕੂੜੇ ਵਾਲੇ ਡੰਪ ਤੇ ਆਈਸੀਯੂ ਦੇ ਨਿਰੀਖਣ ਮੌਕੇ ਕਈ ਖਾਮੀਆਂ ਹੋਣ ਦਾ ਦਾਅਵਾ ਕੀਤਾ। ਰਜਿੰਦਰ ਬੇਰੀ ਨੇ ਦੋਸ਼ ਲਾਇਆ ਕਿ ਸਰਕਾਰ ਹਸਪਤਾਲ ਦੀਆਂ ਇਮਾਰਤਾਂ ਨੂੰ ਪਾਰਟੀ ਦੇ ਰੰਗਾਂ ਨਾਲ ਰੰਗਣ ’ਤੇ ਧਿਆਨ ਦੇ ਰਹੀ ਹੈ, ਜਦਕਿ ਮਰੀਜ਼ਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਰੀਬ ਦੋ ਮਹੀਨੇ ਪਹਿਲਾਂ ਜੱਚਾ-ਬੱਚਾ ਕੇਂਦਰ ’ਚ ਏਸੀ ਨੂੰ ਅੱਗ ਲੱਗਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਲਗਭਗ 35 ਮਰੀਜ਼ ਵਾਲ-ਵਾਲ ਬਚੇ ਸਨ। ਉਨ੍ਹਾਂ ਪਿਛਲੇ ਸਾਲ ਆਕਸੀਜਨ ਪਲਾਂਟ ਬੰਦ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋਣ ਦਾ ਦਾਅਵਾ ਵੀ ਕੀਤਾ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਗੱਡਿਆਂ ਤੇ ਬਿਜਲੀ ਦੀ ਸਮੱਸਿਆ ਸਮੇਤ ਕਈ ਮੁਸ਼ਕਲਾਂ ਲੰਬੇ ਸਮੇਂ ਤੋਂ ਬਣੀਆਂ ਹੋਈਆਂ ਹਨ, ਜਿਸ ਕਾਰਨ ਰੋਜ਼ਾਨਾ ਸੈਂਕੜੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਬਾਵਜੂਦ ਬਹੁਤ ਸਾਰੇ ਮਰੀਜ਼ਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਤੇ ਪਿਮਸ ਦਾ ਰੁਖ਼ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ’ਚ ਸਫ਼ਾਈ, ਲਿਫਟਾਂ, ਬਿਜਲੀ ਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਤੁਰੰਤ ਸੁਧਾਰਿਆ ਜਾਵੇ।