ਗਰਮਾਈ ਸਿਆਸਤ : ਕਾਂਗਰਸੀ ਆਗੂ ਰਜਿੰਦਰ ਸੰਧੂ ਦਾ ਤਿੱਖਾ ਹਮਲਾ, ਕਿਹਾ - ਬੰਗਾ ਦੇ ਲੋਕਾਂ ਵੱਲੋਂ ਨਕਾਰੀ ਗਈ ਹਰਜੋਤ ਕੌਰ ਲੋਟੀਆ ਨੂੰ 'ਆਪ' ਨੇ ਫਿਲੌਰ ਤੋਂ ਦਿੱਤੀ ਟਿਕਟ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਫਿਲੌਰ ਹਲਕੇ ਦੀ ਸਿਆਸਤ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਆਮ ਆਦਮੀ ਪਾਰਟੀ ਵੱਲੋਂ ਹਰਜੋਤ ਕੌਰ ਲੋਟੀਆ ਨੂੰ ਫਿਲੌਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਸਿਆਸੀ ਹਮਲੇ ਤੇਜ਼ ਕਰ ਦਿੱਤੇ ਗਏ ਹਨ। ਇਸੇ ਤਹਿਤ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਫਿਲੌਰ ਤੋਂ ਟਿਕਟ ਦੇ ਦਾਅਵੇਦਾਰ ਰਜਿੰਦਰ ਸੰਧੂ ਨੇ 'ਆਪ' ਦੀ ਉਮੀਦਵਾਰੀ ਨੂੰ ਲੈ ਕੇ ਤਿੱਖੇ ਸਿਆਸੀ ਤੰਜ ਕੱਸਦਿਆਂ ਪਾਰਟੀ ਦੀ ਰਣਨੀਤੀ ਅਤੇ ਪਿਛਲੇ ਕਾਰਜਕਾਲ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ।
Publish Date: Sun, 15 Nov 2026 12:24 PM (IST)
Updated Date: Sun, 15 Nov 2026 12:25 PM (IST)
ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ, ਫਿਲੌਰ : ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਫਿਲੌਰ ਹਲਕੇ ਦੀ ਸਿਆਸਤ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਆਮ ਆਦਮੀ ਪਾਰਟੀ ਵੱਲੋਂ ਹਰਜੋਤ ਕੌਰ ਲੋਟੀਆ ਨੂੰ ਫਿਲੌਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਸਿਆਸੀ ਹਮਲੇ ਤੇਜ਼ ਕਰ ਦਿੱਤੇ ਗਏ ਹਨ। ਇਸੇ ਤਹਿਤ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਫਿਲੌਰ ਤੋਂ ਟਿਕਟ ਦੇ ਦਾਅਵੇਦਾਰ ਰਜਿੰਦਰ ਸੰਧੂ ਨੇ 'ਆਪ' ਦੀ ਉਮੀਦਵਾਰੀ ਨੂੰ ਲੈ ਕੇ ਤਿੱਖੇ ਸਿਆਸੀ ਤੰਜ ਕੱਸਦਿਆਂ ਪਾਰਟੀ ਦੀ ਰਣਨੀਤੀ ਅਤੇ ਪਿਛਲੇ ਕਾਰਜਕਾਲ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ।
ਰਜਿੰਦਰ ਸੰਧੂ ਨੇ ਕਿਹਾ ਕਿ ਬੰਗਾ ਹਲਕੇ ਦੇ ਲੋਕਾਂ ਵੱਲੋਂ ਕਥਿਤ ਤੌਰ 'ਤੇ ਨਕਾਰੀ ਗਈ ਆਗੂ ਨੂੰ ਆਮ ਆਦਮੀ ਪਾਰਟੀ ਨੇ ਫਿਲੌਰ ਵਿੱਚ ਲਿਆ ਕੇ ਪਹਿਲਾਂ ਹਲਕਾ ਇੰਚਾਰਜ ਬਣਾਇਆ ਅਤੇ ਹੁਣ ਵਿਧਾਨ ਸਭਾ ਚੋਣਾਂ ਲਈ ਟਿਕਟ ਦੇ ਕੇ ਸਿਆਸੀ ਤਾਜ ਸਜਾ ਦਿੱਤਾ ਹੈ। ਉਨ੍ਹਾਂ ਤੰਜ ਕੱਸਦਿਆਂ ਸਵਾਲ ਕੀਤਾ ਕਿ ਕੀ ਆਮ ਆਦਮੀ ਪਾਰਟੀ ਨੂੰ ਫਿਲੌਰ ਹਲਕੇ ਵਿੱਚ ਕੋਈ ਯੋਗ ਸਥਾਨਕ ਆਗੂ ਨਹੀਂ ਮਿਲਿਆ, ਜਿਸ ਕਾਰਨ ਦੂਜੇ ਹਲਕੇ ਤੋਂ ਆਗੂ ਲਿਆ ਕੇ ਇੱਥੋਂ ਦੀ ਨੁਮਾਇੰਦਗੀ ਸੌਂਪਣੀ ਪਈ?
ਉਨ੍ਹਾਂ ਕਿਹਾ ਕਿ ਫਿਲੌਰ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਹਿਲਾਂ ਵੀ ਕਈ ਵਾਰ ਚੋਣਾਂ ਵਿੱਚ ਸਿਆਸੀ ਤੌਰ 'ਤੇ ਨਕਾਰਿਆ ਹੈ ਅਤੇ ਪਾਰਟੀ ਨੂੰ ਇੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੰਧੂ ਨੇ ਕਿਹਾ ਕਿ ਜੇਕਰ ਪਾਰਟੀ ਦੇ ਸਥਾਨਕ ਆਗੂ ਅਤੇ ਪਹਿਲਾਂ ਹਲਕੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਕਾਰਗੁਜ਼ਾਰੀ ਇੰਨੀ ਹੀ ਵਧੀਆ ਹੁੰਦੀ ਅਤੇ ਪਾਰਟੀ ਉਨ੍ਹਾਂ ਦੇ ਕੰਮਾਂ ਤੋਂ ਸੰਤੁਸ਼ਟ ਹੁੰਦੀ ਤਾਂ ਫਿਰ ਹਰਜੋਤ ਕੌਰ ਲੋਟੀਆ ਨੂੰ ਬਾਹਰੋਂ ਲਿਆ ਕੇ ਫਿਲੌਰ ਵਿੱਚ ਹਲਕਾ ਇੰਚਾਰਜ ਅਤੇ ਹੁਣ ਉਮੀਦਵਾਰ ਬਣਾਉਣ ਦੀ ਲੋੜ ਕਿਉਂ ਪੈਂਦੀ? ਉਨ੍ਹਾਂ ਕਿਹਾ ਕਿ ਇਹ ਫੈਸਲਾ ਆਪਣੇ ਆਪ ਵਿੱਚ ਕਈ ਸਿਆਸੀ ਸਵਾਲ ਖੜ੍ਹੇ ਕਰਦਾ ਹੈ।
ਕਾਂਗਰਸੀ ਆਗੂ ਨੇ ਹਰਜੋਤ ਕੌਰ ਲੋਟੀਆ ਦੀ ਪਿਛਲੀ ਸਿਆਸੀ ਪਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਬੰਗਾ ਹਲਕੇ ਤੋਂ ਵੀ ਚੋਣ ਹਾਰ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵਿਦੇਸ਼ ਵਿੱਚ ਲੰਮਾ ਸਮਾਂ ਬਿਤਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਹਰਜੋਤ ਕੌਰ ਲੋਟੀਆ ਨੂੰ ਪਹਿਲਾਂ ਬੰਗਾ ਅਤੇ ਹੁਣ ਫਿਲੌਰ ਵਿੱਚ ਸਿਆਸੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੰਧੂ ਨੇ ਕਿਹਾ ਕਿ ਫਿਲੌਰ ਦੇ ਲੋਕ ਪਹਿਲਾਂ ਵੀ ਬਾਹਰੋਂ ਆਏ ਸਿਆਸੀ ਚਿਹਰਿਆਂ ਨੂੰ ਸਵੀਕਾਰ ਕਰਨ ਸਬੰਧੀ ਆਪਣਾ ਫੈਸਲਾ ਸੁਣਾ ਚੁੱਕੇ ਹਨ।
ਉਨ੍ਹਾਂ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਫਿਲੌਰ ਦੇ ਲੋਕਾਂ ਨੇ ਉਨ੍ਹਾਂ ਨੂੰ ਵੀ ਚੋਣਾਂ ਦੌਰਾਨ ਸਵੀਕਾਰ ਨਹੀਂ ਕੀਤਾ ਸੀ। ਹੁਣ ਸਵਾਲ ਇਹ ਹੈ ਕਿ ਜੇਕਰ ਪਹਿਲਾਂ ਹਲਕੇ ਵਿੱਚ ਪਾਰਟੀ ਦੀ ਅਗਵਾਈ ਕਰ ਰਹੇ ਆਗੂ ਆਪਣੀ ਕਾਰਗੁਜ਼ਾਰੀ ਦੇ ਆਧਾਰ 'ਤੇ ਲੋਕਾਂ ਦਾ ਭਰੋਸਾ ਜਿੱਤਣ ਵਿੱਚ ਸਫਲ ਨਹੀਂ ਹੋਏ ਤਾਂ ਕੀ ਸਿਰਫ਼ ਉਮੀਦਵਾਰ ਦਾ ਚਿਹਰਾ ਬਦਲਣ ਨਾਲ ਪਾਰਟੀ ਦੀ ਸਿਆਸੀ ਸਥਿਤੀ ਬਦਲ ਜਾਵੇਗੀ? ਉਨ੍ਹਾਂ ਕਿਹਾ ਕਿ ਪਾਰਟੀ ਨੂੰ ਪਹਿਲਾਂ ਆਪਣੀ ਪਿਛਲੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨਾ ਚਾਹੀਦਾ ਹੈ।
ਰਜਿੰਦਰ ਸੰਧੂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਪੰਜ ਸਾਲਾਂ ਦੇ ਕਾਰਜਕਾਲ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਫਿਲੌਰ ਹਲਕੇ ਵਿੱਚ ਅਜਿਹਾ ਕਿਹੜਾ ਵੱਡਾ ਵਿਕਾਸ ਕਾਰਜ ਹੋਇਆ ਹੈ, ਜਿਸ ਨੂੰ ਉਹ ਆਪਣੀ ਪ੍ਰਾਪਤੀ ਵਜੋਂ ਲੋਕਾਂ ਸਾਹਮਣੇ ਪੇਸ਼ ਕਰ ਸਕਦੀ ਹੈ? ਉਨ੍ਹਾਂ ਕਿਹਾ ਕਿ ਫਿਲੌਰ ਵਾਸੀ ਅੱਜ ਵੀ ਆਧੁਨਿਕ ਬੱਸ ਅੱਡੇ, ਰੇਲਵੇ ਫਾਟਕ 'ਤੇ ਅੰਡਰਪਾਸ, ਬਿਹਤਰ ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆਉਣ 'ਤੇ ਨਵੇਂ ਚਿਹਰੇ ਅਤੇ ਨਵੇਂ ਵਾਅਦੇ ਪੇਸ਼ ਕਰਨ ਦੀ ਬਜਾਏ ਸਰਕਾਰ ਨੂੰ ਪਹਿਲਾਂ ਆਪਣੇ ਪੰਜ ਸਾਲਾਂ ਦੇ ਕੰਮਾਂ ਦਾ ਹਿਸਾਬ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ। ਲੋਕ ਹੁਣ ਸਿਰਫ਼ ਚੋਣਾਂ ਸਮੇਂ ਕੀਤੇ ਜਾਣ ਵਾਲੇ ਵਾਅਦਿਆਂ 'ਤੇ ਭਰੋਸਾ ਕਰਨ ਦੀ ਬਜਾਏ ਪਾਰਟੀਆਂ ਦੀ ਕਾਰਗੁਜ਼ਾਰੀ ਅਤੇ ਵਿਕਾਸ ਦੇ ਕੰਮਾਂ ਨੂੰ ਦੇਖ ਕੇ ਆਪਣਾ ਫੈਸਲਾ ਕਰਨਗੇ।
ਸੰਧੂ ਨੇ ਕਿਹਾ ਕਿ ਫਿਲੌਰ ਹਲਕੇ ਦੀਆਂ ਸਥਾਨਕ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਹੱਲ ਕਰਨ ਵਾਲੇ ਆਗੂ ਨੂੰ ਹੀ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੂਜੇ ਹਲਕਿਆਂ ਤੋਂ ਆਗੂ ਲਿਆ ਕੇ ਉਮੀਦਵਾਰ ਬਣਾਉਣ ਨਾਲ ਸਥਾਨਕ ਲੋਕਾਂ ਅਤੇ ਪਾਰਟੀ ਦੇ ਵਰਕਰਾਂ ਵਿੱਚ ਵੀ ਕਈ ਸਵਾਲ ਪੈਦਾ ਹੁੰਦੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਫਿਲੌਰ ਦੇ ਲੋਕ ਆਮ ਆਦਮੀ ਪਾਰਟੀ ਦੀ ਪਿਛਲੀ ਕਾਰਗੁਜ਼ਾਰੀ, ਨਵੇਂ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਦਾਅਵਿਆਂ ਦਾ ਮੁਲਾਂਕਣ ਕਰਕੇ ਆਪਣਾ ਫੈਸਲਾ ਸੁਣਾਉਣਗੇ। ਹਰਜੋਤ ਕੌਰ ਲੋਟੀਆ ਨੂੰ ਟਿਕਟ ਮਿਲਣ ਤੋਂ ਬਾਅਦ ਰਜਿੰਦਰ ਸੰਧੂ ਵੱਲੋਂ ਕੀਤੀ ਗਈ ਇਸ ਬਿਆਨਬਾਜ਼ੀ ਨੇ ਫਿਲੌਰ ਹਲਕੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਹੋਰ ਗਰਮਾ ਦਿੱਤਾ ਹੈ।