
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਾਂਗਰਸ ਨੇ ਨਗਰ ਨਿਗਮ 'ਚ ਕਰੋੜਾਂ ਦੇ ਘੁਟਾਲੇ ਦੇ ਲਾਏ ਦੋਸ਼, ਕਿਹਾ-ਮੇਅਰ ਜਨਤਾ ਨੂੰ ਦੇਵੇ ਜਵਾਬ

ਸਾਲਿਡ ਵੇਸਟ ਪ੍ਰੋਜੈਕਟ, ਸੁਪਰ ਸੱਕਸ਼ਨ ਮਸ਼ੀਨਾਂ ਅਤੇ ਸੜਕਾਂ ਦੇ ਨਿਰਮਾਣ 'ਚ ਧਾਂਦਲੀ ਦਾ ਦਾਅਵਾ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ :
ਜਲੰਧਰ ਨਗਰ ਨਿਗਮ ਵਿੱਚ ਕਥਿਤ ਤੌਰ 'ਤੇ ਹੋ ਰਹੇ ਕਰੋੜਾਂ ਰੁਪਏ ਦੇ ਘੁਟਾਲਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਨਿਗਮ ਮੇਅਰ ਖਿਲਾਫ ਤਿੱਖਾ ਮੋਰਚਾ ਖੋਲ੍ਹ ਦਿੱਤਾ ਹੈ। ਬੁੱਧਵਾਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਤੇ ਵਿਧਾਇਕ ਪਰਗਟ ਸਿੰਘ, ਵਿਧਾਇਕ ਬਾਵਾ ਹੈਨਰੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ ਅਤੇ ਹਲਕਾ ਇੰਚਾਰਜ ਸੁਰਿੰਦਰ ਕੌਰ ਨੇ ਪਾਰਟੀ ਕੌਂਸਲਰਾਂ ਨਾਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਨਿਗਮ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ। ਪਾਰਟੀ ਆਗੂਆਂ ਨੇ ਕਿਹਾ ਕਿ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਵੀ ਇਸ ਲਈ ਪਲਾਨ ਕੀਤਾ ਗਿਆ ਹੈ ਤਾਂ ਜੋ ਵੱਡੇ ਪੱਧਰ ਤੇ ਘੁਟਾਲਾ ਕੀਤਾ ਜਾ ਸਕੇ ਇਸ ਤੋਂ ਪਹਿਲਾਂ ਸੁਪਰ ਸੈਕਸ਼ਨ ਮਸ਼ੀਨ ਦੀ ਸਫਾਈ ਅਤੇ ਸੜਕਾਂ ਦੇ ਨਿਰਮਾਣ ਦੇ ਨਾਮ ਤੇ ਵੀ ਕਰੋੜਾਂ ਰੁਪਏ ਦਾ ਘੁਟਾਲਾ ਹੋਇਆ ਹੈ। ਆਗੂਆਂ ਨੇ ਕਿਹਾ ਕਿ ਮੰਗਲਵਾਰ ਨੂੰ ਹੋਈ ਹਾਊਸ ਦੀ ਮੀਟਿੰਗ ਵਿੱਚ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ ਹੈ ਕਿ ਸੱਤਾ ਧਿਰ ਹੀ ਮੀਟਿੰਗ ਦਾ ਬਾਈਕਾਟ ਕਰ ਗਈ ਹੋਵੇ। ਮੇਅਰ ਕੋਲ ਨਾ ਤਾਂ ਕੌਂਸਲਰਾਂ ਦੇ ਸਵਾਲਾਂ ਦੇ ਜਵਾਬ ਸਨ ਅਤੇ ਉਹ ਇਸ ਗੱਲ ਨੂੰ ਜਾਣਦੇ ਸਨ ਕਿ ਹਾਊਸ ਦੇ ਏਜੰਡੇ ਤੇ ਸਵਾਲ ਚੁੱਕੇ ਜਾਣਗੇ ਇਸ ਲਈ ਉਹਨਾਂ ਨੇ ਹੰਗਾਮੇ ਵਿੱਚ ਹੀ ਮੀਟਿੰਗ ਨੂੰ ਨਿਪਟਾ ਦਿੱਤਾ।
---
ਹਾਊਸ ਦੀ ਮੀਟਿੰਗ ਤੋਂ ਭੱਜੀ ਸੱਤਾ ਧਿਰ : ਪਰਗਟ ਸਿੰਘ
ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੰਗਲਵਾਰ ਨੂੰ ਨਿਗਮ ਹਾਊਸ ਦੀ ਮੀਟਿੰਗ ਵਿੱਚ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ ਕਿ ਸੱਤਾ ਪੱਖ ਖੁਦ ਹੀ ਮੀਟਿੰਗ ਦਾ ਬਾਈਕਾਟ ਕਰਕੇ ਭੱਜ ਗਿਆ। ਮੇਅਰ ਕੋਲ ਕੌਂਸਲਰਾਂ ਦੇ ਸਵਾਲਾਂ ਦੇ ਕੋਈ ਜਵਾਬ ਨਹੀਂ ਸਨ ਤੇ ਉਹ ਜਾਣਦੇ ਸਨ ਕਿ ਏਜੰਡੇ 'ਤੇ ਸਵਾਲ ਉੱਠਣਗੇ, ਇਸ ਲਈ ਹੰਗਾਮੇ ਦੇ ਵਿਚਕਾਰ ਹੀ ਮੀਟਿੰਗ ਨਿਪਟਾ ਕੇ ਚਲੇ ਗਏ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੇਅਰ ਦਿੱਲੀ ਦੇ 'ਆਪ' ਨੇਤਾਵਾਂ ਦੇ ਦਬਾਅ ਹੇਠ ਕੰਮ ਕਰਨਾ ਬੰਦ ਕਰਨ, ਕਿਉਂਕਿ 3-4 ਮਹੀਨਿਆਂ ਬਾਅਦ ਉਨ੍ਹਾਂ ਨੂੰ ਜਨਤਾ ਦੀ ਅਦਾਲਤ 'ਚ ਜਵਾਬ ਦੇਣਾ ਪਵੇਗਾ।
ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ ਅਤੇ ਹਲਕਾ ਇੰਚਾਰਜ ਸੁਰਿੰਦਰ ਕੌਰ ਕਿਹਾ ਕਿ ਅਧਿਕਾਰੀ ਦਿੱਲੀ ਦੇ ਨੇਤਾਵਾਂ ਦੇ ਇਸ਼ਾਰੇ 'ਤੇ ਗਲਤ ਕੰਮ ਕਰਨਾ ਬੰਦ ਕਰਨ। ਚੋਣਾਂ ਤੋਂ ਬਾਅਦ ਨੇਤਾ ਭੱਜ ਜਾਣਗੇ ਪਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਵੇਗੀ।
---
ਪ੍ਰੋਜੈਕਟਾਂ ਦੇ ਨਾਂ 'ਤੇ ਜਨਤਾ ਦੇ ਪੈਸੇ ਦੀ ਲੁੱਟ: ਬਾਵਾ ਹੈਨਰੀ
ਵਿਧਾਇਕ ਬਾਵਾ ਹੈਨਰੀ ਨੇ ਦੋਸ਼ ਲਾਇਆ ਕਿ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਸਿਰਫ਼ ਘੁਟਾਲੇ ਲਈ ਹੀ ਤਿਆਰ ਕੀਤਾ ਗਿਆ ਹੈ, ਜਿਸ ਦਾ ਬੋਝ ਜਨਤਾ 'ਤੇ ਪਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 25 ਕਰੋੜ ਰੁਪਏ ਖਰਚਣ ਦੇ ਬਾਵਜੂਦ ਸੀਵਰੇਜ ਸਿਸਟਮ ਠੀਕ ਨਹੀਂ ਹੋਇਆ ਅਤੇ ਹੁਣ 30 ਕਰੋੜ ਰੁਪਏ ਦੇ ਨਵੇਂ ਕੰਮ ਰੱਖੇ ਜਾ ਰਹੇ ਹਨ। 5 ਤੋਂ 8 ਕਰੋੜ ਰੁਪਏ ਦੇ ਟੈਂਡਰ ਬਿਨਾਂ ਇਹ ਦੱਸੇ ਲਗਾਏ ਜਾ ਰਹੇ ਹਨ ਕਿ ਕਿਹੜੀਆਂ ਸੜਕਾਂ 'ਤੇ ਕੰਮ ਹੋਣਾ ਹੈ, ਕੰਮ ਕਦੋਂ ਸ਼ੁਰੂ/ਖਤਮ ਹੋਵੇਗਾ ਅਤੇ ਇਸ ਦੀ ਕੁਆਲਿਟੀ ਕੀ ਹੋਵੇਗੀ। ਮੇਅਰ ਦੀ ਜਨਤਾ ਨੂੰ ਜਵਾਬਦੇਹੀ ਹੈ ਪਰ ਉਹ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ।
ਡਾ. ਜਸਲੀਨ ਸੇਠੀ ਨੇ ਦੋਸ਼ ਲਾਉੰਦਿਆਂ ਕਿਹਾ ਕਿ ਹਾਊਸ 'ਚ ਮੇਅਰ ਵਨੀਤ ਧੀਰ ਦੇ ਸਾਹਮਣੇ ਮਹਿਲਾ ਕੌਂਸਲਰ ਨਾਲ ਬਦਸਲੂਕੀ ਹੋਈ ਪਰ ਮੇਅਰ ਚੁੱਪ ਰਹੇ। ਕੌੰਸਲਰ ਪਵਨ ਕੁਮਾਰ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਤੋਂ ਕੰਮ ਕਰਵਾਏ ਜਾ ਰਹੇ ਹਨ ਤੇ ਇਸ਼ਤਿਹਾਰ ਦੇ ਠੇਕੇ ਵਿੱਚ ਵੀ ਵੱਡਾ ਘੁਟਾਲਾ ਹੈ। ਕੌੰਸਲਰ ਗੁਰਵਿੰਦਰ ਸਿੰਘ ਬੰਟੀ ਨੀਲਕੰਠ ਨੇ ਕਿਹਾ ਕਿ ਸੜਕ ਨਿਰਮਾਣ ਦੇ ਕਰੋੜਾਂ ਦੇ ਟੈਂਡਰਾਂ 'ਚ ਭਾਰੀ ਧਾਂਦਲੀ ਹੋ ਰਹੀ ਹੈ। ਕੌੰਸਲਰ ਗੁਰਨਾਮ ਸਿੰਘ ਮੁਲਤਾਨੀ ਨੇ ਕਿਹਾ ਕਿ ਮੰਜ਼ੂਰ ਕੀਤੇ ਕੰਮਾਂ ਦੀ ਥਾਂ ਹੋਰ ਥਾਵਾਂ 'ਤੇ ਕੰਮ ਕਰਵਾਏ ਜਾ ਰਹੇ ਹਨ। ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਜਾਵੇਗੀ। ਇਸ ਪ੍ਰੈੱਸ ਕਾਨਫਰੰਸ ਦੌਰਾਨ ਕੌਂਸਲਰ ਬਲਰਾਜ ਠਾਕੁਰ, ਪਰਮਜੋਤ ਸਿੰਘ ਸ਼ੇਰੀ ਚੱਢਾ, ਮਹਿੰਦਰ ਸਿੰਘ ਗੁੱਲੂ, ਦਵਿੰਦਰ ਸ਼ਰਮਾ ਬੌਬੀ, ਹਰਪ੍ਰੀਤ ਸਿੰਘ ਵਾਲੀਆ, ਵਿਕਾਸ ਤਲਵਾੜ, ਸਲਿਲ ਬਾਹਰੀ, ਪਰਮਜੀਤ ਸਿੰਘ ਪੰਮਾ, ਨੀਰਜ ਜੱਸਲ, ਮਨਿੰਦਰ ਕੌਰ, ਜਤਿੰਦਰ ਕੁਮਾਰ ਜੌਨੀ ਅਤੇ ਹਰਲਗਨ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।