- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨ.ਆਰ.ਆਈ ਦੀ ਧੀ ਅਤੇ ਵਕੀਲ ਵਿਚਕਾਰ ਕਰੋੜਾਂ ਦੀ ਕੋਠੀ ਦੇ ਕਬਜ਼ੇ ਨੂੰ ਲੈ ਕੇ ਟਕਰਾਅ

ਔਰਤ ਦਾ ਫ਼ੋਨ ਖੋਹਣ ਦੀ ਕੋਸ਼ਿਸ਼ ਸੀਸੀਟੀਵੀ ’ਚ ਕੈਦ
ਦੋਵਾਂ ਧਿਰਾਂ ਵੱਲੋਂ ਜ਼ਬਰਦਸਤੀ ਕਬਜ਼ਾ ਤੇ ਭੰਨਤੋੜ ਦੇ ਦੋਸ਼
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪਾਸ਼ ਇਲਾਕੇ ‘ਨਿਊ ਜਵਾਹਰ ਨਗਰ’ ਵਿਚ ਕਰੋੜਾਂ ਰੁਪਏ ਦੀ ਕੋਠੀ ਦੀ ਮਾਲਕੀ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਹੈ, ਜਿਸ ਕਾਰਨ ਪੁਲਿਸ ਨੂੰ ਦਖਲ ਦੇਣਾ ਪਿਆ। ਇਹ ਵਿਵਾਦ ਇਕ ਮਰਹੂਮ ਸੀਨੀਅਰ ਵਕੀਲ ਦੀ ਐੱਨਆਰਆਈ ਦੀ ਧੀ ਤੇ ਉਨ੍ਹਾਂ ਦੇ ਇਕ ਸਾਬਕਾ ਜੂਨੀਅਰ ਵਕੀਲ ਵਿਚਾਲੇ ਹੈ। ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਗੰਭੀਰ ਦੋਸ਼ ਲਗਾਏ ਹਨ, ਜਿਨ੍ਹਾਂ ’ਚ ਜ਼ਬਰਦਸਤੀ ਕਬਜ਼ਾ ਕਰਨਾ, ਭੰਨਤੋੜ ਕਰਨੀ ਤੇ ਸਾਮਾਨ ਹਟਾਉਣਾ ਸ਼ਾਮਲ ਹੈ। ਇਸ ਝਗੜੇ ਦੌਰਾਨ, ਔਰਤ ਦਾ ਮੋਬਾਈਲ ਫ਼ੋਨ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਹ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਹੈ।
---
ਪਿਤਾ ਨੇ 2007 ’ਚ ਜਾਇਦਾਦ ਮੇਰੇ ਨਾਂ ਕਰ ਦਿੱਤੀ ਸੀ : ਸੁਖਬੀਰ ਕੌਰ
ਇੰਗਲੈਂਡ ਤੋਂ ਜਲੰਧਰ ਪਹੁੰਚੀ ਸੁਖਬੀਰ ਕੌਰ ਨੇ ਦੱਸਿਆ ਕਿ ਉਹ ਮਰਹੂਮ ਸੀਨੀਅਰ ਵਕੀਲ ਤੀਰਥ ਸਿੰਘ ਦੀ ਇਕਲੌਤੀ ਧੀ ਹੈ। ਉਸ ਦੇ ਪਿਤਾ ਨੇ 2007 ਵਿੱਚ ਹੀ ਇਹ ਜਾਇਦਾਦ ਉਸ ਦੇ ਨਾਂ ਕਰ ਦਿੱਤੀ ਸੀ। ਪ੍ਰਾਪਰਟੀ ਟੈਕਸ ਦੇ ਰਿਕਾਰਡ, ਬਿਜਲੀ ਤੇ ਪਾਣੀ ਦੇ ਬਿੱਲ ਵੀ ਉਨ੍ਹਾਂ ਦੇ ਨਾਮ 'ਤੇ ਹੀ ਦਰਜ ਹਨ। ਪਿਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੇ ਨੇਕ ਨੀਤੀ ਨਾਲ ਤਿੰਨ ਜੂਨੀਅਰ ਵਕੀਲਾਂ ਨੂੰ ਕੋਠੀ ਦਾ ਇਕ ਹਿੱਸਾ ਦਫ਼ਤਰ ਵਜੋਂ ਵਰਤਣ ਦੀ ਇਜਾਜ਼ਤ ਦਿੱਤੀ ਸੀ। ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਜਾਇਦਾਦ ਦੀ ਸਹੀ ਵਰਤੋਂ ਨਹੀਂ ਹੋ ਰਹੀ ਤਾਂ ਉਨ੍ਹਾਂ ਨੇ ਤਿੰਨਾਂ ਵਕੀਲਾਂ ਨੂੰ ਨੋਟਿਸ ਭੇਜ ਕੇ 15 ਦਿਨਾਂ ਦੇ ਅੰਦਰ ਜਗ੍ਹਾ ਖਾਲੀ ਕਰਨ ਲਈ ਕਿਹਾ। ਜਿੱਥੇ ਦੋ ਵਕੀਲਾਂ ਨੇ ਆਪਣਾ ਸਾਮਾਨ ਚੁੱਕ ਲਿਆ, ਉੱਥੇ ਹੀ ਵਕੀਲ ਜਸਮੀਤ ਸਿੰਘ ਜੌਹਲ ਨੇ ਜਗ੍ਹਾ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ।
---
20 ਵਿਅਕਤੀਆਂ ਨਾਲ ਘਰ ’ਚ ਦਾਖਲ ਹੋਣ ਦੇ ਦੋਸ਼
ਸੁਖਬੀਰ ਕੌਰ ਨੇ ਦੋਸ਼ ਲਗਾਇਆ ਹੈ ਕਿ ਜਸਮੀਤ ਸਿੰਘ ਜੌਹਲ ਲਗਭਗ 20 ਵਿਅਕਤੀਆਂ ਨਾਲ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਇਆ ਅਤੇ ਉਸਨੇ ਬਦਸਲੂਕੀ ਕੀਤਾ। ਉਹ ਆਪਣੀ ਸੁਰੱਖਿਆ ਲਈ ਪੂਰੀ ਘਟਨਾ ਦੀ ਵੀਡੀਓ ਬਣਾ ਰਹੇ ਸਨ, ਜਦੋਂ ਕਿਸੇ ਨੇ ਉਨ੍ਹਾਂ ਦੇ ਮੋਬਾਈਲ ਫ਼ੋਨ 'ਤੇ ਵਾਰ ਕੀਤਾ, ਜਿਸ ਕਾਰਨ ਫ਼ੋਨ ਹੇਠਾਂ ਡਿੱਗ ਗਿਆ।
---
1997 ਤੋਂ ਇੱਥੇ ਆਪਣਾ ਦਫ਼ਤਰ ਚਲਾ ਰਿਹਾ ਹਾਂ : ਜੌਹਲ
ਇਸ ਦੌਰਾਨ ਵਕੀਲ ਜਸਮੀਤ ਸਿੰਘ ਜੌਹਲ ਨੇ ਸੁਖਬੀਰ ਕੌਰ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸ ਕੇ ਖਾਰਜ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ 1997 ਤੋਂ ਇਸ ਥਾਂ 'ਤੇ ਆਪਣਾ ਦਫ਼ਤਰ ਚਲਾ ਰਹੇ ਹਨ ਤੇ ਵਿਵਾਦਿਤ ਹਿੱਸੇ 'ਤੇ ਉਨ੍ਹਾਂ ਦੇ ਮਾਲਕਾਨਾ ਹੱਕ ਹਨ। ਜਦੋਂ ਉਹ ਕੰਮ ਦੇ ਸਿਲਸਿਲੇ ਵਿੱਚ ਹੁਸ਼ਿਆਰਪੁਰ ਗਏ ਹੋਏ ਸਨ ਤਾਂ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਜਾਇਦਾਦ ਦਾ ਮੁੱਖ ਗੇਟ ਹਟਾ ਦਿੱਤਾ ਗਿਆ ਤੇ ਉਸ ਦੀ ਥਾਂ 'ਤੇ ਨਵਾਂ ਗੇਟ ਲਗਾ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਦਫ਼ਤਰ ’ਚ ਲੱਗੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਗਏ ਤੇ ਕੀਮਤੀ ਸਾਮਾਨ ਦੇ ਨਾਲ-ਨਾਲ ਜਾਇਦਾਦ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ ਬਾਹਰ ਸੁੱਟ ਦਿੱਤੇ ਗਏ।
---
ਪੁਲਿਸ ਵਲੋ ਦੋਵੇ ਧਿਰ ਸਬੰਧਤ ਦਸਤਾਵੇਜ਼ਾਂ ਸਮੇਤ ਤਲਬ
ਝਗੜੇ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ ’ਤੇ ਪੁੱਜੀ ਤੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਏਸੀਪੀ ਨੇ ਦੋਵਾਂ ਧਿਰਾਂ ਨੂੰ ਆਪੋ-ਆਪਣੇ ਦਸਤਾਵੇਜ਼ ਲੈ ਕੇ ਥਾਣੇ ਪੁੱਜਣ ਲਈ ਕਿਹਾ ਹੈ। ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।