ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ’ਚ ਕੀਤੀ ਸ਼ੋਕ ਸਭਾ
ਲਾਇਲਪੁਰ ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਿਖੇ ਸ਼ੋਕ ਸਭਾ ਕੀਤੀ
Publish Date: Sat, 28 Mar 2026 06:14 PM (IST)
Updated Date: Sat, 28 Mar 2026 06:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਦਿਨੀਂ ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋ. ਤੇ ਮੁਖੀ ਡਾ. ਰਣਜੀਤ ਸਿੰਘ ਬਾਜਵਾ ਦੇ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਵਿਸ਼ਵ ਪੱਧਰ ਦੇ ਵਿਦਵਾਨ ਹੋਣ ਦੇ ਨਾਲ-ਨਾਲ ਆਪ ਬੜੇ ਮਿਲਾਪੜੇ ਤੇ ਵਿਦਿਆਰਥੀਆਂ ਦੇ ਮਨਭਾਉਂਦੇ ਅਧਿਆਪਕ ਸਨ। ਅਧਿਆਪਨ ਦੌਰਾਨ ਲੋਕਧਾਰਾ ਤੇ ਸੱਭਿਆਚਾਰ ਦੇ ਖੇਤਰ ’ਚ ਵਿਦਿਆਰਥੀਆਂ ਨੂੰ ਐੱਮ ਫਿਲ ਤੇ ਪੀਐੱਚਡੀ ਵਰਗੇ ਉੱਚ ਪੱਧਰ ਦੇ ਖੋਜ ਕਾਰਜ ਸੰਪੰਨ ਕਰਵਾਏ। ਆਪਣੇ ਅਧਿਆਪਨ ਦੇ ਦੌਰ ’ਚ ਡਾ. ਸਾਹਿਬ ਨੇ ਲਾਇਲਪੁਰ ਖਾਲਸਾ ਕਾਲਜ ’ਚ ਸੇਵਾਵਾਂ ਪ੍ਰਦਾਨ ਕੀਤੀਆਂ। ਆਪ ਦੇ ਕਾਲਜ ਨਾਲ ਬਹੁਤ ਗੂੜ੍ਹੇ ਸਬੰਧ ਸਨ। ਇਸ ਦੇ ਨਾਲ ਇਹ ਦੁਖ ਹੋਰ ਵੀ ਡੂੰਘਾ ਹੋ ਗਿਆ ਜਦੋਂ ਇਕ ਹੋਰ ਦੁਖਦਾਈ ਖ਼ਬਰ ਪ੍ਰਾਪਤ ਹੋਈ ਕਿ ਪੰਜਾਬੀ ਸਾਹਿਤ ਜਗਤ ਦੇ ਅਗਾਂਹਵਧੂ ਕਵੀ ਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਮੰਗਾ ਬਾਸੀ ਵੀ ਸਾਨੂੰ ਅਲਵਿਦਾ ਆਖ ਗਏ। ਸਾਹਿਤ ਜਗਤ ’ਚ ਉਨ੍ਹਾਂ ਦੀ ਇਕ ਵੱਖਰੀ ਪਛਾਣ ਤੇ ਹਸਤੀ ਸੀ। ਇਸ ਸੋਗਮਈ ਸਮੇਂ ਲਾਇਲਪੁਰ ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਸ਼ੋਕ ਸਭਾ ਕਰਵਾਈ ਇਸ ਪ੍ਰਿੰਸੀਪਲ ਡਾ ਰਛਪਾਲ ਸਿੰਘ ਸੰਧੂ ਨੇ ਵਿਛੜੀ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਹਰਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬੀ ਸਾਹਿਤ ਦੇ ਦੋ ਮਹਾਨ ਅਦੀਬਾਂ ਦੇ ਇਸ ਫਾਨੀ ਜਹਾਨ ਤੋਂ ਤੁਰ ਜਾਣ ਦਾ ਜਿਥੇ ਪੰਜਾਬੀ ਸਾਹਿਤ ਜਗਤ ਨੂੰ ਘਾਟਾ ਪਿਆ ਹੈ, ਉਥੇ ਲਾਇਲਪੁਰ ਖ਼ਾਲਸਾ ਕਾਲਜ ਲਈ ਵੀ ਨਿੱਜੀ ਤੌਰ ਬਹੁਤ ਦੁਖਦਾਈ ਘਟਨਾ ਹੈ। ਇਸ ਮੌਕੇ ਪੰਜਾਬੀ ਵਿਭਾਗ ਦੇ ਸਮੂਹ ਪ੍ਰੋਫੈਸਰ ਤੇ ਵਿਦਿਆਰਥੀਆਂ ਤੋਂ ਇਲਾਵਾ ਗਣਿਤ ਵਿਭਾਗ ਦੇ ਮੁਖੀ ਡਾ. ਹਰਜੀਤ ਸਿੰਘ, ਇਤਿਹਾਸ ਵਿਭਾਗ ਦੇ ਮੁਖੀ ਡਾ. ਅਮਨਦੀਪ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਤੇ ਅਧਿਆਪਕ ਨੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।