ਪੰਜ ਬਲਾਕਾਂ ‘ਚ ਵੱਖ-ਵੱਖ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਪੰਜ ਬਲਾਕਾਂ ‘ਚ ਵੱਖ-ਵੱਖ ਖੇਡ ਮੁਕਾਬਲਿਆਂ ਦੀ ਸ਼ੁਰੂਆਤ
Publish Date: Thu, 10 Sep 2026 11:08 PM (IST)
Updated Date: Thu, 10 Sep 2026 11:10 PM (IST)
-ਬਲਾਕ ਜਲੰਧਰ ਪੂਰਬੀ : ਖੋ-ਖੋ ਅੰਡਰ-14 ਲੜਕੇ ਮੁਕਾਬਲੇ ‘ਚ ਸਰਕਾਰੀ ਹਾਈ ਸਕੂਲ ਪੂਰਨਪੁਰ ਨੇ ਮਾਰੀ ਬਾਜ਼ੀ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਅੱਜ ਜ਼ਿਲ੍ਹੇ ਦੇ ਪੰਜ ਬਲਾਕਾਂ ਭੋਗਪੁਰ, ਆਦਮਪੁਰ, ਜਲੰਧਰ ਪੂਰਬੀ, ਰੂੜਕਾ ਕਲਾਂ ਤੇ ਫਿਲੌਰ ਵਿਖੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਵੱਡੀ ਗਿਣਤੀ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਫਿਲੌਰ ਬਲਾਕ ’ਚ ‘ਆਪ’ ਆਗੂ ਹਰਜੋਤ ਕੌਰ ਲੋਹਟੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਅਤੇ ਖੇਡਾਂ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਅੱਜ ਹੋਏ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਪੂਰਬੀ ਬਲਾਕ ਦੇ ਖੋ-ਖੋ ਅੰਡਰ-14 ਲੜਕੇ ਮੁਕਾਬਲੇ ’ਚ ਸਰਕਾਰੀ ਹਾਈ ਸਕੂਲ ਪੂਰਨਪੁਰ ਨੇ ਪਹਿਲਾ ਤੇ ਜੋਤੀ ਪਬਲਿਕ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੇ ਮੁਕਾਬਲੇ ’ਚ ਐੱਲਆਰ ਦੋਆਬਾ ਸਕੂਲ ਨੇ ਪਹਿਲਾ ਤੇ ਸਰਕਾਰੀ ਹਾਈ ਸਕੂਲ ਪੂਰਨਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫਿਲੌਰ ਬਲਾਕ ਵਿਖੇ ਖੋ-ਖੋ ਅੰਡਰ-14 (ਲੜਕੇ) ਮੁਕਾਬਲੇ ’ਚ ਸਰਕਾਰੀ ਹਾਈ ਸਕੂਲ ਨਾਗਰ ਪਹਿਲੇ ਸਥਾਨ ‘ਤੇ ਰਿਹਾ। ਜਦਕਿ ਡੀਏਵੀ ਫਿਲੌਰ ਨੇ ਦੂਜਾ ਤੇ ਪੱਤੀ ਕਮਾਲਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੇ ਮੁਕਾਬਲੇ ’ਚ ਡੀਏਵੀ ਫਿਲੌਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਨਾਗਰ ਨੇ ਦੂਜਾ ਤੇ ਪੀਏ ਸਰਕਾਰੀ ਹਾਈ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-21 ਲੜਕੇ ਮੁਕਾਬਲੇ ’ਚ ਸਰਕਾਰੀ ਹਾਈ ਸਕੂਲ ਨਾਗਰ ਪਹਿਲੇ, ਫਿਲੌਰ ਸਿਟੀ ਦੂਜੇ ਤੇ ਡੀਏਵੀ ਫਿਲੌਰ ਤੀਜੇ ਸਥਾਨ ‘ਤੇ ਰਿਹਾ। ਰੂੜਕਾ ਕਲਾਂ ਬਲਾਕ ਦੇ ਫੁੱਟਬਾਲ ਅੰਡਰ-14 ਲੜਕੇ ਮੁਕਾਬਲੇ ’ਚ ਐੱਸਟੀਐੱਸ ਵਰਲਡ ਸਕੂਲ ਨੇ ਪਹਿਲਾ ਤੇ ਵਾਈਐੱਫਸੀ ਰੂੜਕਾ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ। ਵਾਲੀਬਾਲ ਅੰਡਰ-17 ਲੜਕੇ ਮੁਕਾਬਲੇ ’ਚ ਲਾਧੀਆਂ ਨੇ ਪਹਿਲਾ, ਐੱਸਟੀਐੱਸ ਵਰਲਡ ਸਕੂਲ ਨੇ ਦੂਜਾ ਤੇ ਵਿਰਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।