- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੋਟਾ ਹਾਥੀ ਤੇ ਸਵਿਫਟ ਕਾਰ ਦੀ ਟੱਕਰ, ਡਰਾਈਵਰ ਗੰਭੀਰ ਜ਼ਖ਼ਮੀ

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਅੱਡਾ ਬਿਆਸ ਪਿੰਡ ਨੇੜੇ ਤੜਕਸਾਰ ਕਰੀਬ 3 ਵਜੇ ਛੋਟਾ ਹਾਥੀ ਤੇ ਸਵਿਫਟ ਕਾਰ ਦੀ ਟੱਕਰ ਹੋ ਗਈ। ਹਾਦਸੇ ’ਚ ਛੋਟਾ ਹਾਥੀ ਚਾਲਕ ਜੋਗਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਉਸ ਦੇ ਭਰਾ ਸੋਹਣ ਸਿੰਘ ਤੇ ਸਾਥੀ ਬਲਦੇਵ ਸਿੰਘ ਦਾ ਬਚਾਅ ਹੋ ਗਿਆ। ਟੱਕਰ ਦੌਰਾਨ ਦੋਵੇਂ ਵਾਹਨਾਂ ਨੂੰ ਭਾਰੀ ਨੁਕਸਾਨ ਪੁੱਜਾ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਐੱਮਡੀਟੀ ਡਿਵਾਈਸ ਰਾਹੀਂ ਤੜਕੇ 3:14 ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਛੋਟਾ ਹਾਥੀ ਨੰਬਰ ਪੀਬੀ-32 ਐੱਲ-2721 ਨੂੰ ਜੋਗਿੰਦਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਕਰਨੈਲ ਗੰਜ, ਭੁਲੱਥ, ਜ਼ਿਲ੍ਹਾ ਕਪੂਰਥਲਾ ਚਲਾ ਰਿਹਾ ਸੀ। ਉਹ ਭੋਗਪੁਰ ਤੋਂ ਜਲੰਧਰ ਵੱਲ ਜਾ ਰਹੇ ਸਨ। ਇਸੇ ਦੌਰਾਨ ਸਵਿਫਟ ਕਾਰ ਨੰਬਰ ਜੇਕੇ-02 ਏਵੀ-2003 ਨੂੰ ਹਰਮੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜੰਮੂ ਸਿਟੀ ਚਲਾ ਰਿਹਾ ਸੀ, ਜੋ ਜੰਮੂ ਤੋਂ ਜਲੰਧਰ ਵੱਲ ਜਾ ਰਹੇ ਸਨ। ਬਿਆਸ ਪਿੰਡ ਨੇੜੇ ਦੋਵਾਂ ਵਾਹਨਾਂ ਦੀ ਟੱਕਰ ਹੋ ਗਈ। ਗੰਭੀਰ ਜ਼ਖ਼ਮੀ ਜੋਗਿੰਦਰ ਸਿੰਘ ਨੂੰ ਐੱਸਐੱਸਐੱਫ ਟੀਮ ਨੇ 108 ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਭੇਜਿਆ। ਟੀਮ ਵੱਲੋਂ ਕਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਦੋਵੇਂ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਸੁਚਾਰੂ ਕਰਵਾਈ ਗਈ। ਥਾਣਾ ਆਦਮਪੁਰ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ। ਇਸ ਉਪਰੰਤ ਪੁਲਿਸ ਚੌਕੀ ਅਲਾਵਲਪੁਰ ਤੋਂ ਕਾਂਸਟੇਬਲ ਧਰਮਿੰਦਰ ਸਿੰਘ ਮੌਕੇ ’ਤੇ ਪਹੁੰਚੇ ਤੇ ਅਗਲੀ ਕਾਰਵਾਈ ਆਰੰਭੀ।