- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰ ਸ਼ੁਰੂ ਹੋਇਆ ਐੱਮਓਡੀਟੀ ਦੇ ਨਾਂ ’ਤੇ ‘ਗੁੰਡਾ ਟੈਕਸ’!

ਲਖਬੀਰ ਸਿੰਘ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੇ ਸਬ ਰਜਿਸਟਰਾਰ ਦਫ਼ਤਰ-1 ਵਿੱਚ ਐੱਮਓਡੀਟੀ (ਜਾਇਦਾਦ ਦੇ ਮਾਲਕੀ ਦਸਤਾਵੇਜ਼ ਜਮ੍ਹਾਂ ਕਰਵਾਉਣ ਸਬੰਧੀ ਮੈਮੋਰੈਂਡਮ) ਦੇ ਨਾਂ ’ਤੇ ਕਥਿਤ ਤੌਰ ’ਤੇ ਵਾਧੂ ਪੈਸੇ ਵਸੂਲਣ ਦੇ ਦੋਸ਼ ਇੱਕ ਵਾਰ ਫਿਰ ਚਰਚਾ ਵਿੱਚ ਹਨ। ਦੋਸ਼ ਹਨ ਕਿ ਜਿਹੜੇ ਲੋਕ ਕਥਿਤ ਤੌਰ ’ਤੇ ਮੰਗੀ ਜਾ ਰਹੀ ਰਕਮ ਦੇਣ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਨੂੰ ਆਪਣੇ ਕੰਮ ਕਰਵਾਉਣ ਸਮੇਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਵੀ ਗੰਭੀਰ ਦੋਸ਼ ਇਹ ਲਗਾਏ ਜਾ ਰਹੇ ਹਨ ਕਿ ਰਕਮ ਦੇਣ ਤੋਂ ਇਨਕਾਰ ਕਰਨ ਵਾਲਿਆਂ ਦੇ ਐੱਮਓਡੀਟੀ ਨਾਲ ਲੱਗੇ ਕਾਗਜ਼ ਉਤਾਰ ਕੇ ਸੁੱਟ ਦਿੱਤੇ ਜਾਂਦੇ ਹਨ।
---
ਪੈਸੇ ਨਾ ਦੇਣ ‘ਤੇ ਕੀਤਾ ਜਾਂਦੈ ਤੰਗ
ਦੋਸ਼ਾਂ ਅਨੁਸਾਰ ਐੱਮਓਡੀਟੀ ਦੇ ਕੰਮ ਲਈ ਦਫ਼ਤਰ ਪਹੁੰਚਣ ਵਾਲੇ ਲੋਕਾਂ ਨੂੰ ਕਥਿਤ ਤੌਰ ’ਤੇ ਨਿਰਧਾਰਤ ਸਰਕਾਰੀ ਫੀਸ ਤੋਂ ਇਲਾਵਾ ਪੈਸੇ ਦੇਣ ਲਈ ਕਿਹਾ ਜਾਂਦਾ ਹੈ। ਜਿਹੜੇ ਲੋਕ ਅਜਿਹੀ ਮੰਗ ਮੰਨਣ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਦੇ ਦਸਤਾਵੇਜ਼ਾਂ ਨਾਲ ਜੁੜੇ ਕੰਮ ਵਿੱਚ ਰੁਕਾਵਟ ਪੈਣ ਦੇ ਦੋਸ਼ ਲਗਾਏ ਜਾ ਰਹੇ ਹਨ। ਹਾਲਾਂਕਿ ਇਸ ਸਬੰਧੀ ਪੁਸ਼ਟੀ ਹੋਣੀ ਅਜੇ ਬਾਕੀ ਹੈ।
---
ਕਾਗਜ਼ ਉਤਾਰ ਕੇ ਸੁੱਟਣ ਦੇ ਦੋਸ਼
ਇਸ ਮਾਮਲੇ ਦਾ ਸਭ ਤੋਂ ਗੰਭੀਰ ਪਹਿਲੂ ਇਹ ਹੈ ਕਿ ਦੋਸ਼ਾਂ ਅਨੁਸਾਰ ਕਥਿਤ ਤੌਰ ’ਤੇ ਪੈਸੇ ਦੇਣ ਤੋਂ ਇਨਕਾਰ ਕਰਨ ਵਾਲੇ ਲੋਕਾਂ ਦੇ ਐੱਮਓਡੀਟੀ ਨਾਲ ਲੱਗੇ ਕਾਗਜ਼ ਉਤਾਰ ਕੇ ਸੁੱਟ ਦਿੱਤੇ ਜਾਂਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਦਸਤਾਵੇਜ਼ਾਂ ਦੀ ਸੰਭਾਲ, ਸਰਕਾਰੀ ਕੰਮਕਾਜ ਦੀ ਜਵਾਬਦੇਹੀ ਅਤੇ ਆਮ ਲੋਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ ’ਤੇ ਸਵਾਲ ਖੜ੍ਹੇ ਹੋਣਗੇ। ਇਸ ਲਈ ਜ਼ਰੂਰੀ ਹੈ ਕਿ ਸਬੰਧਤ ਅਧਿਕਾਰੀ ਦਸਤਾਵੇਜ਼ਾਂ ਦੀ ਪ੍ਰਕਿਰਿਆ ਤੇ ਇਸ ਸਬੰਧੀ ਆ ਰਹੀਆਂ ਸ਼ਿਕਾਇਤਾਂ ਦੀ ਜਾਂਚ ਕਰਨ।
---
ਅਧਿਕਾਰੀਆਂ ਦੀ ਜਵਾਬਦੇਹੀ ’ਤੇ ਸਵਾਲ
ਸਵਾਲ ਇਹ ਹੈ ਕਿ ਜੇਕਰ ਦਫ਼ਤਰ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਤਾਂ ਉਨ੍ਹਾਂ ਦੀ ਨਿਗਰਾਨੀ ਕੌਣ ਕਰ ਰਿਹਾ ਹੈ ਅਤੇ ਸ਼ਿਕਾਇਤ ਮਿਲਣ ’ਤੇ ਕੀ ਕਾਰਵਾਈ ਕੀਤੀ ਜਾਂਦੀ ਹੈ। ਐੱਮਓਡੀਟੀ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਸੇਵਾ ਮਿਲਣੀ ਚਾਹੀਦੀ ਹੈ। ਕਿਸੇ ਵੀ ਤਰ੍ਹਾਂ ਦੀ ਵਾਧੂ ਵਸੂਲੀ ਜਾਂ ਦਸਤਾਵੇਜ਼ਾਂ ਨਾਲ ਗ਼ਲਤ ਵਤੀਰੇ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
---
ਮਾਮਲਾ ਧਿਆਨ ਚ ਨਹੀਂ, ਫਿਰ ਵੀ ਹੋਵੇਗੀ ਕਾਰਵਾਈ : ਆਰਸੀ
ਇਸ ਸਬੰਧੀ ਰਜਿਸਟਰੀ ਕਲਰਕ ਸਿਮਰਨਜੀਤ ਕੌਰ ਨੇ ਕਿਹਾ ਕਿ ਅਜਿਹਾ ਮਾਮਲਾ ਧਿਆਨ ‘ਚ ਨਹੀਂ ਹੈ ਤੇ ਜੇਕਰ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਸਾਰਾ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਜਾਵੇਗਾ ਤਾਂ ਕਿ ਕਾਰਵਾਈ ਅਮਲ ‘ਚ ਲਿਆਂਦੀ ਜਾ ਸਕੇ।