
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਾਬਾ ਫ਼ਰੀਦ ਯੂਨੀਵਰਸਿਟੀ ਵਿੱਚ 500 ਕਰੋੜ ਰੁਪਏ ਤੋਂ ਵੱਧ ਦੇ ਘਪਲੇ, ਮੁੱਖ ਮੰਤਰੀ ਮਾਨ ਕਰਵਾਉਣ ਜਾਂਚ: ਪਰਗਟ ਸਿੰਘ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ
ਸਾਬਕਾ ਸਿੱਖਿਆ ਮੰਤਰੀ ਅਤੇ ਵਿਧਾਇਕ ਪਰਗਟ ਸਿੰਘ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਵਿੱਚ ਕਰੀਬ 500 ਕਰੋੜ ਰੁਪਏ ਦੇ ਘਪਲੇ ਹੋਣ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਮਸ਼ੀਨਾਂ ਦੀ ਖਰੀਦ, ਉਸਾਰੀ ਦੇ ਕੰਮ, ਉੱਚ ਅਹੁਦਿਆਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਭਰਤੀਆਂ ਤੇ ਵਾਈਸ ਚਾਂਸਲਰ ਦੀ ਨਿਯੁਕਤੀ ਸਮੇਤ ਯੂਨੀਵਰਸਿਟੀ ਦੇ ਹਰ ਵਿਭਾਗ ਵਿੱਚ ਕਥਿਤ ਘਪਲੇ ਹੋ ਰਹੇ ਹਨ। ਪਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਉਣ ਤੋਂ ਬਾਅਦ ਯੂਨੀਵਰਸਿਟੀ ’ਚ 200 ਤੋਂ ਵੱਧ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਜਲੰਧਰ ਕਾਂਗਰਸ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਰਗਟ ਸਿੰਘ ਨੇ ਕਈ ਦਸਤਾਵੇਜ਼ ਵੀ ਪੇਸ਼ ਕੀਤੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨ੍ਹਾਂ ਘਪਲਿਆਂ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਭਾਜਪਾ ਦੀ ਬੀ-ਟੀਮ ਨਹੀਂ ਹੈ ਤਾਂ ਯੂਨੀਵਰਸਿਟੀ ਵਿੱਚ ਚੱਲ ਰਹੇ ਸਾਰੇ ਮਾਮਲਿਆਂ ਦੀ ਪੂਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ। ਇਸ ਮੌਕੇ ਯੂਨੀਵਰਸਿਟੀ ’ਚ 10 ਸਾਲ ਤੱਕ ਸੇਵਾਵਾਂ ਨਿਭਾ ਚੁੱਕੇ ਕੈਂਸਰ ਸਪੈਸ਼ਲਿਸਟ ਡਾ. ਮਨਜੀਤ ਸਿੰਘ ਨੇ ਵੀ ਕਥਿਤ ਘਪਲਿਆਂ ਦਾ ਖੁਲਾਸਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਆਨਲਾਈਨ ਸ਼ਿਕਾਇਤਾਂ ਤੋਂ ਬਾਅਦ ਜਦੋਂ ਵਿਜੀਲੈਂਸ ਟੀਮ ਯੂਨੀਵਰਸਿਟੀ ਪਹੁੰਚੀ ਤਾਂ ਉੱਥੋਂ ਦੇ ਵਿਧਾਇਕ ਨੇ ਉਨ੍ਹਾਂ ਨੂੰ ਅੰਦਰ ਤੱਕ ਨਹੀਂ ਜਾਣ ਦਿੱਤਾ। ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਵੀਸੀ ਰਾਜੀਵ ਸੂਦ ਨੇ 100 ਕਰੋੜ ਰੁਪਏ ਤੋਂ ਵੱਧ ਦੇ ਕੰਮ ਇੱਕ ਨਿੱਜੀ ਕੰਪਨੀ ਨੂੰ ਬਿਨਾਂ ਟੈਂਡਰ ਦੇ ਅਲਾਟ ਕਰ ਦਿੱਤੇ। 25 ਤੋਂ 30 ਫੀਸਦੀ ਕੰਮ ਹੋਣ ਦੇ ਬਾਵਜੂਦ ਕੰਪਨੀ ਨੂੰ ਪੂਰੇ 100 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ 55 ਕਰੋੜ ਰੁਪਏ ਦੀ ਇੱਕ ਸਕੈਨ ਮਸ਼ੀਨ, ਜਿਸ ਦੀ ਬਾਜ਼ਾਰ ਵਿੱਚ ਕੀਮਤ ਕਰੀਬ 35 ਕਰੋੜ ਰੁਪਏ ਹੈ, ਖਰੀਦੀ ਗਈ ਪਰ ਇੱਕ ਸਾਲ ਬਾਅਦ ਵੀ ਉਹ ਸਥਾਪਤ ਨਹੀਂ ਹੋਈ। ਪੀਜੀਆਈ ਨੇ ਜੋ ਐੱਮਆਰਆਈ ਮਸ਼ੀਨ 19 ਕਰੋੜ ਰੁਪਏ ਵਿੱਚ ਖਰੀਦੀ, ਉਹੀ ਮਸ਼ੀਨ ਬਾਬਾ ਫ਼ਰੀਦ ਯੂਨੀਵਰਸਿਟੀ ਨੇ 29 ਕਰੋੜ ਰੁਪਏ ਵਿੱਚ ਖਰੀਦੀ। ਆਈਸੀਯੂ ਦੇ ਕਰੀਬ 80 ਤੋਂ 100 ਬੈੱਡ, ਜਿਨ੍ਹਾਂ ਦੀ ਕੀਮਤ ਲਗਭਗ 1.80 ਲੱਖ ਰੁਪਏ ਪ੍ਰਤੀ ਬੈੱਡ ਸੀ, ਉਹ 4.75 ਲੱਖ ਰੁਪਏ ਪ੍ਰਤੀ ਬੈੱਡ ਦੇ ਹਿਸਾਬ ਨਾਲ ਖਰੀਦੇ ਗਏ। ਇਸ ਤੋਂ ਇਲਾਵਾ 90 ਲੱਖ ਰੁਪਏ ਦਾ ਐੱਸਟੀਪੀ ਬਿਨਾਂ ਟੈਂਡਰ ਅਤੇ ਮਨਜ਼ੂਰੀ ਦੇ ਲਗਾਇਆ ਗਿਆ ਤੇ ਕਰੀਬ ਦੋ ਕਰੋੜ ਰੁਪਏ ਦੀਆਂ ਕੈਂਸਰ ਦੀਆਂ ਦਵਾਈਆਂ ਕੂੜੇ ’ਚ ਸੁੱਟ ਦਿੱਤੀਆਂ ਗਈਆਂ। ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਕਰੀਬੀ ਪ੍ਰਭਦੇਵ ਸਿੰਘ ਬਰਾੜ ਦੀ ਪਤਨੀ ਡਾ. ਬਲਵਿੰਦਰ ਕੌਰ ਬਰਾੜ ਯੂਨੀਵਰਸਿਟੀ ਤੇ ਪਟਿਆਲਾ ਕਾਲਜ ਤੋਂ ਇੱਕੋ ਸਮੇਂ ਤਨਖ਼ਾਹ ਲੈਂਦੀ ਰਹੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ 60 ਲੱਖ ਰੁਪਏ ਦੀ ਰਿਕਵਰੀ ਦੇ ਹੁਕਮ ਦਿੱਤੇ ਸਨ ਪਰ ਅਜੇ ਤੱਕ ਯੂਨੀਵਰਸਿਟੀ ਨੇ ਇੱਕ ਰੁਪਇਆ ਵੀ ਵਸੂਲ ਨਹੀਂ ਕੀਤਾ। ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਮੰਤਰੀਆਂ ਅਤੇ ਆਗੂਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦਿਵਾਈਆਂ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਅਮਰੀਕ ਸਿੰਘ ਨੂੰ ਸੀਨੀਅਰ ਸਹਾਇਕ ਅਕਾਊਂਟਸ ਦੇ ਉਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਜੋ ਅਸਲ ’ਚ ਮੌਜੂਦ ਹੀ ਨਹੀਂ ਹੈ। ਕੈਂਸਰ ਸਪੈਸ਼ਲਿਸਟ ਡਾ. ਮਨਜੀਤ ਸਿੰਘ ਨੇ ਵੀ ਯੂਨੀਵਰਸਿਟੀ ਵਿੱਚ ਹੋ ਰਹੇ ਕਥਿਤ ਘਪਲਿਆਂ ਦੀ ਲੰਬੀ ਸੂਚੀ ਪੇਸ਼ ਕਰਦੇ ਹੋਏ ਚੱਲ ਰਹੀਆਂ ਜਾਂਚਾਂ ਨਾਲ ਸਬੰਧਤ ਦਸਤਾਵੇਜ਼ ਅਤੇ ਕੁਝ ਵੀਡੀਓ ਰਿਕਾਰਡਿੰਗ ਵੀ ਦਿਖਾਈਆਂ। ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਅੰਗਦ ਦੱਤਾ ਅਤੇ ਹੋਰ ਆਗੂ ਵੀ ਹਾਜ਼ਰ ਸਨ।