ਪੰਜਾਬ ਸਰਕਾਰ ਦੀ ਖੇਡ ਕ੍ਰਾਂਤੀ ਸੂਬੇ ਨੂੰ ਦੇਵੇਗੀ ਨਵੀਂ ਪਛਾਣ : ਕੋਹਲੀ
ਸੀਐੱਮ ਭਗਵੰਤ ਮਾਨ ਦੀ ਖੇਡ ਪਹਿਲ ਨੂੰ ਹਾਕੀ ਦਿੱਗਜਾਂ ਤੇ ਓਲੰਪਿਅਨਾਂ ਦਾ ਸਮਰਥਨ, ਪੰਜਾਬ ਬਣੇਗਾ ਇੰਟਰਨੈਸ਼ਨਲ ਖੇਡ ਹੱਬ
Publish Date: Tue, 24 Mar 2026 10:08 PM (IST)
Updated Date: Tue, 24 Mar 2026 10:10 PM (IST)

ਸੀਐੱਮ ਭਗਵੰਤ ਮਾਨ ਦੀ ਖੇਡ ਪਹਿਲ ਨੂੰ ਹਾਕੀ ਦਿੱਗਜਾਂ ਤੇ ਓਲੰਪਿਅਨਾਂ ਦਾ ਸਮਰਥਨ, ਪੰਜਾਬ ਬਣੇਗਾ ਇੰਟਰਨੈਸ਼ਨਲ ਖੇਡ ਹੱਬ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਾਕੀ ਪੰਜਾਬ ਦੇ ਪ੍ਰਧਾਨ ਤੇ ਹਾਕੀ ਇੰਡੀਆ ਦੇ ਮੀਤ ਪ੍ਰਧਾਨ ਨਿਤਿਨ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਖੇਡ ਕ੍ਰਾਂਤੀ ਸੂਬੇ ਨੂੰ ਨਵੀਂ ਪਛਾਣ ਦੇਣ ਜਾ ਰਹੀ ਹੈ। ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ ਤਰ੍ਹਾਂ ਸਮਰੱਥ ਹੈ ਤੇ ਸੂਬੇ ਦਾ ਖੇਡ ਢਾਂਚਾ, ਖਿਡਾਰੀਆਂ ਦੀ ਕਾਬਲੀਅਤ ਤੇ ਸਰਕਾਰ ਦੀ ਵਚਨਬੱਧਤਾ ਇਸ ਨੂੰ ਸਫਲ ਬਣਾਏਗੀ। ਕੋਹਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਕਦਮ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੇਗਾ। ਨਿਤਿਨ ਕੋਹਲੀ ਨੇ ਇਸ ਨੂੰ ਪੰਜਾਬ ਲਈ ਇਤਿਹਾਸਕ ਪ੍ਰਾਪਤੀ ਦੱਸਦਿਆਂ ਕਿਹਾ ਕਿ ਸਾਲ 2026 ’ਚ ਪੁਰਸ਼ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ਦੀ ਮੇਜ਼ਬਾਨੀ ਰਾਜ ਦੇ ਖੇਡ ਇਤਿਹਾਸ ’ਚ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ’ਚ ਹੋਣ ਵਾਲਾ ਪਹਿਲਾ ਵੱਡਾ ਕੌਮਾਂਤਰੀ ਹਾਕੀ ਟੂਰਨਾਮੈਂਟ ਹੋਵੇਗਾ, ਜੋ ਰਾਜ ਦੀ ਖੇਡ ਪਛਾਣ ਨੂੰ ਕੌਮਾਂਤਰੀ ਪੱਧਰ ’ਤੇ ਸਥਾਪਿਤ ਕਰੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਸਪੋਰਟਸ ਪ੍ਰਤੀ ਲਗਨ, ਦੂਰਦਰਸ਼ਤਾ ਤੇ ਵਚਨਬੱਧਤਾ ਹੀ ਇਸ ਸਫਲਤਾ ਦੀ ਵਜ੍ਹਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਸਮਾਗਮ ਸੂਬੇ ’ਚ ਖੇਡ ਢਾਂਚੇ ਨੂੰ ਹੋਰ ਮਜ਼ਬੂਤ ਕਰੇਗਾ ਤੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਮੌਕੇ ਪ੍ਰਦਾਨ ਕਰੇਗਾ। ਏਸ਼ੀਅਨ ਸਟਾਰ ਰਾਜਵਿੰਦਰ ਕੌਰ ਰਾਜੀ ਨੇ ਕਿਹਾ ਕਿ ਪੰਜਾਬ ’ਚ ਇਸ ਪੱਧਰ ਦਾ ਸਮਾਗਮ ਮਹਿਲਾ ਖਿਡਾਰੀਆਂ ਲਈ ਵੀ ਵੱਡੀ ਪ੍ਰਾਪਤੀ ਹੋਵੇਗੀ। ਏਸ਼ੀਅਨ ਸਟਾਰ ਸੁਖਜੀਤ ਕੌਰ ਸ਼ੰਮੀ ਨੇ ਕਿਹਾ ਕਿ ਪੰਜਾਬ ’ਚ ਕੌਮਾਂਤਰੀ ਟੂਰਨਾਮੈਂਟ ਹੋਣ ਨਾਲ ਖਿਡਾਰੀਆਂ ਨੂੰ ਘਰੇਲੂ ਮੈਦਾਨਾਂ ’ਤੇ ਮੁਕਾਬਲੇ ਦਾ ਤਜਰਬਾ ਹਾਸਲ ਹੋਵੇਗਾ। ਏਸ਼ੀਅਨ ਗੇਮਜ਼ ਸਟਾਰ ਯੋਗਿਤਾ ਬਾਲੀ ਨੇ ਕਿਹਾ ਕਿ ਇਹ ਪਹਿਲ ਖਿਡਾਰੀਆਂ ਦਾ ਮਨੋਬਲ ਵਧਾਏਗੀ ਤੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲੇ ਲਈ ਤਿਆਰ ਕਰੇਗੀ। ਦੋ ਓਲੰਪਿਕ (1992 ਬਾਰਸਿਲੋਨਾ ਤੇ 1996 ਐਟਲਾਂਟਾ) ’ਚ ਹਿੱਸਾ ਲੈ ਚੁੱਕੇ ਹਰਪ੍ਰੀਤ ਸਿੰਘ ਮੰਦਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾਂ ਉੱਚ ਦਰਜੇ ਖਿਡਾਰੀ ਦਿੱਤੇ ਹਨ ਤੇ ਹੁਣ ਸਰਕਾਰ ਦੀ ਇਸ ਪਹਿਲ ਨਾਲ ਧਾਰਨਾ ਹੋਰ ਮਜ਼ਬੂਤ ਹੋਵੇਗੀ। ਓਲੰਪਿਅਨ ਸੰਜੀਵ ਕੁਮਾਰ, ਜੋ ਇਸ ਸਮੇਂ ਹਾਕੀ ਪੰਜਾਬ ਦੇ ਖਜ਼ਾਨਚੀ ਹਨ, ਨੇ ਕਿਹਾ ਕਿ ਇਹ ਈਵੈਂਟ ਸੂਬੇ ’ਚ ਖੇਡ ਰਫ਼ਤਾਰ ਨੂੰ ਨਵੀਂ ਗਤੀ ਦੇਵੇਗਾ। ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪਵਾਰ ਨੇ ਕਿਹਾ ਕਿ ਸੰਸਥਾ ਇਸ ਇਵੈਂਟ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਸਰਕਾਰ ਨਾਲ ਮਿਲ ਕੇ ਇਸਨੂੰ ਸਫਲ ਬਣਾਉਣ ਲਈ ਹਰ ਸੰਭਵ ਯਤਨ ਕਰੇਗੀ। 2002 ਤੇ 2004 ਓਲੰਪਿਕ ’ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਗਗਨ ਅਜੀਤ ਸਿੰਘ, ਜੋ ਇਸ ਸਮੇਂ ਐੱਸਐੱਸਪੀ ਮਲੇਰਕੋਟਲਾ ਹਨ, ਨੇ ਕਿਹਾ ਕਿ ਇਹ ਪਹਿਲ ਖਿਡਾਰੀਆਂ ਲਈ ਸੁਨਿਹਰੀ ਮੌਕੀ ਹੋਵੇਗੀ। ਓਲੰਪਿਅਨ ਰਾਜਿੰਦਰ ਸਿੰਘ ਸੀਨੀਅਰ (ਦ੍ਰੋਣਾਚਾਰਿਆ ਐਵਾਰਡੀ ਤੇ ਅਰਜੁਨ ਐਵਾਰਡੀ) ਨੇ ਕਿਹਾ ਕਿ ਪੰਜਾਬ ’ਚ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੀ ਸੰਭਾਵਿਤ ਮੇਜ਼ਬਾਨੀ ਸੂਬੇ ਦੇ ਖੇਡ ਇਤਿਹਾਸ ’ਚ ਇਕ ਨਵਾਂ ਅਧਿਆਏ ਜੋੜ ਸਕਦੀ ਹੈ। ਓਲੰਪਿਅਨ ਸੁਰਿੰਦਰ ਸਿੰਘ ਸੋਢੀ (ਅਰਜੁਨ ਐਵਾਰਡੀ ਤੇ 1980 ਮਾਸਕੋ ਓਲੰਪਿਕ ਗੋਲਡ ਮੈਡਲਿਸਟ) ਨੇ ਵੀ ਇਸ ਪਹਿਲ ਦਾ ਸਵਾਗਤ ਕੀਤਾ।