ਸੀਟੀ ਇੰਸਟੀਚਿਊਟ ’ਚ ਵਿਦਿਆਰਥੀਆਂ ਭਿੜੇ ਸੀਟੀ ਇੰਸਟੀਚਿਊਟ ’ਚ ਵਿਦਿਆਰਥੀਆਂ ਦੇ ਸਮੂਹਾਂ ਵਿਚਕਾਰ ਝੜਪ
Publish Date: Thu, 20 Aug 2026 09:26 PM (IST)
Updated Date: Thu, 20 Aug 2026 09:27 PM (IST)
-ਹੋਸਟਲ ’ਚ ਭੰਨਤੋੜ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੀਟੀ ਇੰਸਟੀਚਿਊਟ ਦੇ ਸ਼ਾਹਪੁਰ ਕੈਂਪਸ ’ਚ ਖਾਣੇ ਨੂੰ ਲੈ ਕੇ ਹੋਇਆ ਝਗੜਾ ਬੁੱਧਵਾਰ ਨੂੰ ਵਿਦਿਆਰਥੀਆਂ ਦੇ ਦੋ ਸਮੂਹਾਂ ਵਿਚਾਲੇ ਝੜਪ ’ਚ ਬਦਲ ਗਿਆ। ਇਸ ਘਟਨਾ ਕਾਰਨ ਹੋਸਟਲ ’ਚ ਭਾਰੀ ਹੰਗਾਮਾ ਹੋ ਗਿਆ। ਸ਼ੀਸ਼ੇ ਦੀਆਂ ਖਿੜਕੀਆਂ ਟੁੱਟ ਗਈਆਂ ਤੇ ਕਮਰਿਆਂ ’ਚ ਟੁਕੜੇ ਖਿੱਲਰ ਗਏ। ਇਸ ਘਟਨਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ, ਜਿਸ ’ਚ ਕੁਝ ਵਿਦਿਆਰਥੀ ਤੇਜ਼ਧਾਰ ਹਥਿਆਰ ਤੇ ਡੰਡੇ ਚਲਾਉਂਦੇ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ ਇਹ ਝਗੜਾ ਕੰਟੀਨ ’ਚ ਪਰੋਸੇ ਜਾਣ ਵਾਲੇ ਭੋਜਨ ਦੇ ਮੁੱਦਿਆਂ ਤੋਂ ਸ਼ੁਰੂ ਹੋਇਆ ਸੀ। ਬਿਹਾਰ ਦੇ ਰਹਿਣ ਵਾਲੇ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਲਗਭਗ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਆਪਣੇ ਭੋਜਨ ’ਚ ਇਕ ਟੈਬਲੇਟ ਤੇ ਇਕ ਰੈਪਰ ਵਰਗੀ ਚੀਜ਼ ਮਿਲੀ ਸੀ। ਉਨ੍ਹਾਂ ਨੇ ਸੰਸਥਾ ਦੇ ਪ੍ਰਬੰਧਨ ਤੇ ਕੰਟੀਨ ਸੰਚਾਲਕ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਇਸ ਤੋਂ ਬਾਅਦ ਕੁਝ ਵਿਦਿਆਰਥੀ ਬਿਹਤਰ ਗੁਣਵੱਤਾ ਤੇ ਸਾਫ਼-ਸੁਥਰੇ ਭੋਜਨ ਦੀ ਵਿਵਸਥਾ ਦੀ ਮੰਗ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਬੁੱਧਵਾਰ ਨੂੰ ਇਸ ਮੁੱਦੇ ਨੂੰ ਲੈ ਕੇ ਵਿਦਿਆਰਥੀਆਂ ’ਚ ਬਹਿਸ ਹੋ ਗਈ। ਦੋਸ਼ ਹੈ ਕਿ ਸਥਿਤੀ ਤੇਜ਼ੀ ਨਾਲ ਖ਼ਰਾਬ ਹੋ ਗਈ, ਜਿਸ ਨਾਲ ਦੋਵਾਂ ਸਮੂਹਾਂ ’ਚ ਟਕਰਾਅ ਹੋ ਗਿਆ ਜੋ ਝਗੜੇ ਬਦਲ ਗਿਆ। ਕੁਝ ਮਾਮਲਿਆਂ ’ਚ ਵਿਦਿਆਰਥੀ ਤੇਜ਼ਧਾਰ ਹਥਿਆਰ ਤੇ ਰਾਡਾਂ ਵਰਗੀਆਂ ਚੀਜ਼ਾਂ ਫੜੀ ਹੋਈ ਦਿਖਾਈ ਦੇ ਰਹੇ ਹਨ। ਵਿਦਿਆਰਥੀਆਂ ਦਾ ਦਾਅਵਾ ਹੈ ਕਿ ਝੜਪ ਦੌਰਾਨ ਕਸ਼ਮੀਰ ਦੇ ਲਗਭਗ ਪੰਜ ਤੋਂ ਛੇ ਵਿਦਿਆਰਥੀ ਜ਼ਖਮੀ ਹੋਏ ਹਨ। ਇਕ ਵਿਦਿਆਰਥੀ ਦੇ ਸਿਰ ’ਚ ਸੱਟ ਲੱਗੀ ਹੈ ਤੇ ਬਾਅਦ ’ਚ ਉਸ ਦੇ ਸਿਰ ’ਚ ਕੱਪੜਾ ਬੰਨ੍ਹਿਆ ਹੋਇਆ ਦੇਖਿਆ ਗਿਆ। ਇਕ ਹੋਰ ਵਿਦਿਆਰਥੀ ਨੂੰ ਕਥਿਤ ਤੌਰ ਤੇ ਲੱਤ ’ਚ ਗੰਭੀਰ ਸੱਟ ਲੱਗੀ ਹੈ। ਹਾਲਾਂਕਿ ਸੱਟਾਂ ਦੀ ਅਧਿਕਾਰਤ ਸਥਿਤੀ ਤੇ ਜ਼ਖਮੀਆਂ ਦੀ ਸਥਿਤੀ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ------------------------- ਸ਼ੁਰੂਆਤੀ ਜਾਂਚ ’ਚ ਖਾਣੇ ਨੂੰ ਲੈ ਕੇ ਹੋਏ ਝਗੜੇ ਵੱਲ ਇਸ਼ਾਰਾ ਥਾਣਾ-5 ਦੇ ਐੱਸਐੱਚਓ ਯਾਦਵਿੰਦਰ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਕੰਟੀਨ ’ਚ ਖਾਣੇ ਨੂੰ ਲੈ ਕੇ ਹੋਏ ਝਗੜੇ ਵੱਲ ਇਸ਼ਾਰਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਜਦ ਕਿ ਕੁਝ ਵਿਦਿਆਰਥੀਆਂ ਨੇ ਮਾਮਲੇ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ, ਪੁਲਿਸ ਨੇ ਸਮੇਂ ਸਿਰ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ। ਐੱਸਐੱਚਓ ਅਨੁਸਾਰ ਸ਼ਾਮਲ ਸਾਰੇ ਵਿਦਿਆਰਥੀ ਪਹਿਲੇ ਸਾਲ ਦੇ ਵਿਦਿਆਰਥੀ ਹਨ, ਜਿਨ੍ਹਾਂ ਦੀ ਉਮਰ 16 ਤੋਂ 17 ਸਾਲ ਦੇ ਵਿਚਾਲ ਦੱਸੀ ਜਾਂਦੀ ਹੈ। ਪੁਲਿਸ ਇਸ ਸਮੇਂ ਦੋਵਾਂ ਪਾਸਿਆਂ ਦੇ ਵਿਦਿਆਰਥੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਝਗੜੇ ਦੌਰਾਨ ਹਥਿਆਰਾਂ ਦੀ ਵਰਤੋਂ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ। --------------------- ਜਾਂਚ ਤੋਂ ਬਾਅਦ ਕੀਤੀ ਜਾਵੇਗੀ ਕਾਰਵਾਈ : ਏਡੀਸੀਪੀ ਏਡੀਸੀਪੀ ਸਿਟੀ-2 ਮਾਧਵੀ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਘਟਨਾ ਸਥਾਨ ਤੋਂ ਵੀਡੀਓ ਤੇ ਵਿਦਿਆਰਥੀਆਂ ਵੱਲੋਂ ਦਿੱਤੇ ਗਏ ਬਿਆਨਾਂ ਦੀ ਜਾਂਚ ਕਰੇਗੀ, ਜਿਸ ਵੀ ਧਿਰ ਦੀ ਗਲਤੀ ਪਾਈ ਜਾਵੇਗੀ, ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਵੇਲੇ ਪੁਲਿਸ ਦਾ ਮੁੱਖ ਧਿਆਨ ਕੈਂਪਸ ’ਚ ਕਿਸੇ ਵੀ ਹੋਰ ਤਣਾਅ ਨੂੰ ਰੋਕਣ ਤੇ ਦੋਵਾਂ ਪਾਸਿਆਂ ਦੇ ਵਿਦਿਆਰਥੀਆਂ ਤੋਂ ਜਾਣਕਾਰੀ ਇਕੱਠੀ ਕਰਨ ਤੇ ਹੈ। ਸੰਸਥਾ ਦਾ ਪ੍ਰਬੰਧਨ ਸ਼ਾਂਤ ਕਰਨ ਤੇ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨ ਦੇ ਯਤਨ ਵੀ ਕਰ ਰਿਹਾ ਹੈ।