- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਸਟ੍ਰੋਕ ਦੇ ਖਤਰਿਆਂ, ਲੱਛਣਾਂ ਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ

-ਸਿਹਤ ਵਿਭਾਗ ਜਲੰਧਰ ਵੱਲੋਂ ਸਿਵਲ ਹਸਪਤਾਲ ਵਿਖੇ ਮਨਾਇਆ ਵਿਸ਼ਵ ਸਟ੍ਰੋਕ ਦਿਵਸ
-ਮਹਾਤਮਾ ਹੰਸ ਰਾਜ ਡੀਏਵੀ ਇੰਸਟੀਚਿਊਟ ਆਫ ਨਰਸਿੰਗ ਨੇ ਬਣਾਏ ਜਾਗਰੂਕਤਾ ਪੋਸਟਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਜਲੰਧਰ ਵਿਖੇ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਗਿਆ। ਉਨ੍ਹਾਂ ਨਾਲ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ ਵੀ ਹਾਜ਼ਰ ਸਨ। ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਟ੍ਰੋਕ ਦਾ ਇਲਾਜ ਸੰਭਵ ਹੈ। ਵਧੇਰੇ ਜਾਗਰੂਕਤਾ, ਸਮੇਂ ਸਿਰ ਪਹੁੰਚ ਤੇ ਸਮੇਂ ਸਿਰ ਕੀਤੀ ਕਾਰਵਾਈ ਨਾਲ ਜਾਨ ਬਚ ਸਕਦੀ ਹੈ। ਸਟ੍ਰੋਕ ਕਿਸੀ ਵੀ ਵਿਅਕਤੀ ਨੂੰ ਕਿਸੀ ਵੀ ਉਮਰ ’ਚ ਹੋ ਸਕਦਾ ਹੈ। ਆਮ ਭਾਸ਼ਾ 'ਚ ਇਸ ਨੂੰ ਬ੍ਰੇਨ ਹੈਮਰੇਜ ਕਿਹਾ ਜਾਂਦਾ ਹੈ। ਸਟ੍ਰੋਕ ਇਲਾਜਯੋਗ ਹੈ। ਹਾਈ ਬਲੱਡ ਪ੍ਰੈਸ਼ਰ ਸਟ੍ਰੋਕ ਦਾ ਕਾਰਨ ਬਣ ਸਕਦਾ ਹੈ, ਜਿਸ ਦਾ ਸਰਕਾਰੀ ਹਸਪਤਾਲ ’ਚ ਬਿਲਕੁਲ ਮੁਫ਼ਤ ਲਗਾਇਆ ਜਾਂਦਾ ਹੈ। ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ ਨੇ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ (ਉੱਚਾ ਖੂਨ ਦਾ ਦਬਾਅ), ਹਾਈ ਕੋਲੇਸਟਰੋਲ, ਸ਼ੂਗਰ (ਡਾਇਬੀਟੀਜ਼), ਸਿਗਰਟਨੋਸ਼ੀ, ਸ਼ਰਾਬ ਦੀ ਵਰਤੋਂ, ਗੈਰ-ਸਿਹਤਮੰਦ ਜੀਵਨ ਸ਼ੈਲੀ, ਮੋਟਾਪਾ ਤੇ ਸਰੀਰਕ ਗਤੀਵਿਧੀਆਂ ਦਾ ਘਟ ਹੋਣਾ ਸਟ੍ਰੋਕ ਦੇ ਮੁੱਖ ਕਾਰਨ ਬਣਦੇ ਹਨ। ਐੱਮਡੀ ਮੈਡੀਸਨ ਡਾ. ਤਰਸੇਮ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੋਲਣ ਤੇ ਸਮਝਣ ’ਚ ਪਰੇਸ਼ਾਨੀ ਹੋਣਾ, ਲਕਵਾ, ਚਿਹਰੇ, ਹੱਥਾਂ ਜਾਂ ਪੈਰਾਂ ਦਾ ਸੁੰਨ ਪੈ ਜਾਣਾ, ਧੁੰਦਲਾ ਜਾਂ ਦੋ-ਦੋ ਨਜ਼ਰ ਆਉਣਾ, ਅਚਾਨਕ ਗੰਭੀਰ ਸਿਰਦਰਦ ਤੇ ਆਮ ਤੌਰ 'ਤੇ ਸਰੀਰ ਦੇ ਇਕ ਪਾਸੇ ਸੰਤੁਲਨ ’ਚ ਸਮੱਸਿਆਵਾਂ ਪਰੇਸ਼ਾਨੀ ਆਦਿ ਸਟ੍ਰੋਕ ਦੇ ਮੁੱਖ ਲੱਛਣ ਹਨ। ਇਸ ਦੌਰਾਨ ਮਹਾਤਮਾ ਹੰਸਰਾਜ ਡੀਏਵੀ ਇੰਸਟੀਚਿਊਟ ਆਫ ਨਰਸਿੰਗ ਕਾਲੇਜ ਜਲੰਧਰ ਦੀਆਂ ਨਰਸਿੰਗ ਵਿਦਿਆਰਥਣਾਂ ਵੱਲੋਂ ਸਿਮਰਨਜੀਤ ਕੌਰ, ਮੁਸਕਾਨ ਤੇ ਮਾਨਵੀ ਦੀ ਦੇਖਰੇਖ ਹੇਠ ਬਣਾਏ ਗਏ ਜਾਗਰੂਕਤਾ ਪੋਸਟਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਨਰਸਿੰਗ ਵਿਦਿਆਰਥਣਾਂ ਵੱਲੋਂ ਬਣਾਏ ਗਏ ਜਾਗਰੂਕਤਾ ਪੋਸਟਰਾਂ ਨੂੰ ਵਾਚਿਆ ਤੇ ਨਰਸਿੰਗ ਵਿਦਿਆਰਥਣਾਂ ਨੂੰ ਪ੍ਰੋਤਸਾਹਿਤ ਕੀਤਾ। ਇਸ ਮੌਕੇ ਐੱਸਐੱਮਓ ਡਾ. ਸੁਰਜੀਤ ਸਿੰਘ, ਐੱਸਐੱਮਓ ਡਾ. ਪ੍ਰਿਯਾਇੰਦੂ ਭੂਸ਼ਣ ਰਾਏ, ਡਾ. ਹਰਪ੍ਰੀਤ ਸਿੰਘ, ਡਾ. ਨਿਸ਼ਾਂਤ, ਡਾ. ਸੋਮਯਾ, ਡਾ ਸ਼੍ਰੇਆਂਸ਼, ਡਿਪਟੀ ਐੱਮਈਆਈਓ ਰਵਿੰਦਰ ਜੱਸਲ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਕਾਰਜਕਾਰੀ ਮੈਟਰਨ ਨੀਤਿਨ, ਨਰਸਿੰਗ ਸਿਸਟਰ ਸ਼ੀਰੋ ਤੇ ਮਹਾਤਮਾ ਹੰਸਰਾਜ ਡੀਏਵੀ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਮੌਜੂਦ ਸਨ।