ਬਿਜਲੀ ਕੱਟਾਂ ਤੋਂ ਅੱਕੇ ਲੋਕ ਘੇਰਨ ਲੱਗੇ ਬਿਜਲੀ ਘਰ ਬਿਜਲੀ ਕੱਟਾਂ ਕਾਰਨ ਸ਼ਹਿਰ ਵਾਸੀ ਪਰੇਸ਼ਾਨ, ਫਾਲਟ ਠੀਕ ਹੋਣ ਵਿੱਚ ਦੇਰੀ, ਲੋਕ ਕਰ ਰਹੇ ਹਨ ਬਿਜਲੀ ਘਰਾਂ ਦਾ ਘਿਰਾਓ
Publish Date: Wed, 01 Jul 2026 10:11 PM (IST)
Updated Date: Wed, 01 Jul 2026 10:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਉਦਯੋਗਾਂ ਦੇ ਨਾਲ-ਨਾਲ ਹੁਣ ਪਿੰਡਾਂ ਦੇ ਇਲਾਕਿਆਂ ’ਚ ਵੀ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਗਰਮੀ ਅਤੇ ਉਮਸ ਕਾਰਨ ਖਪਤਕਾਰ ਬੇਹੱਦ ਪਰੇਸ਼ਾਨ ਹਨ। ਸ਼ਿਕਾਇਤ ਦਰਜ ਕਰਵਾਉਣ ਲਈ ਸ਼ਿਕਾਇਤ ਕੇਂਦਰਾਂ ਤੇ ਫੋਨ ਕਰਨ ਦੇ ਬਾਵਜੂਦ ਕੋਈ ਫੋਨ ਨਹੀਂ ਚੁੱਕ ਰਿਹਾ, ਜਿਸ ਕਾਰਨ ਲੋਕਾਂ ਨੂੰ ਮਜਬੂਰੀਵਸ ਖੁਦ ਬਿਜਲੀ ਘਰਾਂ ਤੱਕ ਜਾਣਾ ਪੈ ਰਿਹਾ ਹੈ। ਖਪਤਕਾਰਾਂ ਦੀਆਂ ਸਮੱਸਿਆਵਾਂ ਸੁਣਨ ਵਾਲਾ ਕੋਈ ਨਹੀਂ ਹੈ। ਤਿੰਨ ਦਿਨ ਪਹਿਲਾਂ ਬਸਤੀ ਸ਼ੇਖ ਵਿੱਚ ਰਾਤ ਸਮੇਂ ਬਿਜਲੀ ਬੰਦ ਹੋਣ ਤੇ ਖਪਤਕਾਰ ਬਿਜਲੀ ਘਰ ਪੁੱਜੇ ਤਾਂ ਉੱਥੇ ਕੋਈ ਮੁਲਾਜ਼ਮ ਮੌਜੂਦ ਨਹੀਂ ਸੀ। ਜੇਈ ਵੀ ਫੋਨ ਨਹੀਂ ਚੁੱਕ ਰਹੇ ਸਨ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨੋਡਲ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਿਕਾਇਤਾਂ ਤਾਂ ਦਰਜ ਹੋ ਰਹੀਆਂ ਹਨ ਪਰ ਉਨ੍ਹਾਂ ਨੂੰ ਅੱਗੇ ਭੇਜਣ ਵਿੱਚ ਦਿੱਕਤ ਆ ਰਹੀ ਹੈ। ਇਸ ਕਾਰਨ ਸ਼ਿਕਾਇਤਾਂ ਦੇ ਨਿਬੇੜੇ ਵਿੱਚ ਦੋ ਤੋਂ ਤਿੰਨ ਘੰਟੇ ਲੱਗ ਰਹੇ ਹਨ। ਦੋ ਹਫ਼ਤੇ ਪਹਿਲਾਂ ਬਿਜਲੀ ਦੀ ਖਪਤ ਲਗਭਗ 700 ਮੈਗਾਵਾਟ ਸੀ, ਜੋ ਹੁਣ ਵੱਧ ਕੇ 900 ਮੈਗਾਵਾਟ ਤੱਕ ਪਹੁੰਚ ਗਈ ਹੈ। --- ਇੱਕ ਦਿਨ ਸ਼ਹਿਰੀ ਅਤੇ ਦੋ ਦਿਨ ਪੇਂਡੂ ਇਲਾਕਿਆਂ ਵਿੱਚ ਦੋ-ਦੋ ਘੰਟੇ ਦਾ ਬਿਜਲੀ ਕੱਟ ਬਿਜਲੀ ਦੀ ਵਧਦੀ ਮੰਗ ਨੂੰ ਦੇਖਦਿਆਂ 28 ਜੂਨ ਨੂੰ ਸ਼ਹਿਰ ਵਿੱਚ ਦੋ ਘੰਟੇ ਤੇ 29 ਤੇ 30 ਜੂਨ ਨੂੰ ਪੇਂਡੂ ਇਲਾਕਿਆਂ ਵਿੱਚ ਦੋ-ਦੋ ਘੰਟੇ ਦੇ ਬਿਜਲੀ ਕੱਟ ਲਗਾਏ ਗਏ। ਲੋਕ ਗਰਮੀ ਵਿੱਚ ਪਰੇਸ਼ਾਨ ਰਹੇ। ਉਦਯੋਗਾਂ ਦੀ ਗੱਲ ਕਰੀਏ ਤਾਂ ਰਾਤ ਦੇ ਸਮੇਂ ਨੌਂ ਘੰਟਿਆਂ ਦਾ ਬਿਜਲੀ ਕੱਟ ਲੱਗ ਰਿਹਾ ਹੈ। ਪਿਛਲੇ ਚਾਰ ਦਿਨਾਂ ਤੋਂ ਇਹ ਸਿਲਸਿਲਾ ਜਾਰੀ ਹੈ। ਉਦਯੋਗਿਕ ਸੰਗਠਨਾਂ ਨਾਲ ਜੁੜੇ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਘੱਟੋ-ਘੱਟ ਸਿੰਗਲ ਫੇਜ਼ ਸਪਲਾਈ ਜਾਰੀ ਰਹਿਣੀ ਚਾਹੀਦੀ ਹੈ ਤਾਂ ਜੋ ਬਲੱਬ ਤੇ ਪੱਖੇ ਤਾਂ ਚੱਲ ਸਕਣ। ------------------------ ਸ਼ਿਕਾਇਤ ਕੇਂਦਰਾਂ ’ਚ ਤਿੰਨ ਗੁਣਾ ਵਧੀਆਂ ਸ਼ਿਕਾਇਤਾਂ ਬਿਜਲੀ ਕੱਟਾਂ ਤੇ ਫਾਲਟਾਂ ਕਾਰਨ ਸ਼ਿਕਾਇਤ ਕੇਂਦਰਾਂ ’ਚ ਸ਼ਿਕਾਇਤਾਂ ਦੀ ਗਿਣਤੀ ਤਿੰਨ ਗੁਣਾ ਵਧ ਗਈ ਹੈ। ਪਿਛਲੇ ਪੰਜ ਦਿਨਾਂ ਵਿੱਚ 9,000 ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ। ਹਾਲਾਂਕਿ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਪਰ ਇਸ ’ਚ ਦੋ ਤੋਂ ਤਿੰਨ ਘੰਟਿਆਂ ਦਾ ਸਮਾਂ ਲੱਗ ਰਿਹਾ ਹੈ। ---------------------- ਕੀ ਕਹਿੰਦੇ ਹਨ ਖਪਤਕਾਰ ਖਪਤਕਾਰ ਸੰਜੀਵ ਕੁਮਾਰ ਨੇ ਕਿਹਾ ਕਿ ਉਦਯੋਗਾਂ ’ਚ ਬਿਜਲੀ ਕੱਟ ਲੱਗਣ ਦੇ ਨਾਲ ਘਰਾਂ ਦੀ ਬਿਜਲੀ ਵੀ ਬੰਦ ਹੋ ਜਾਂਦੀ ਹੈ। ਸ਼ਿਕਾਇਤ ਦਰਜ ਕਰਵਾਉਣ ਲਈ ਕੇਂਦਰ ’ਚ ਫੋਨ ਕੀਤਾ ਪਰ ਕਿਸੇ ਮੁਲਾਜ਼ਮ ਨੇ ਫੋਨ ਨਹੀਂ ਚੁੱਕਿਆ। ਮਜਬੂਰੀ ਵਿੱਚ ਰਾਤ ਤਿੰਨ ਵਜੇ ਬਸਤੀ ਸ਼ੇਖ ਦੇ ਬਿਜਲੀ ਘਰ ਪੁੱਜੇ ਤਾਂ ਉੱਥੇ ਵੀ ਕੋਈ ਮੁਲਾਜ਼ਮ ਨਹੀਂ ਸੀ। ਅਜਿਹੇ ਹਾਲਾਤ ’ਚ ਲੋਕ ਆਪਣੀ ਸ਼ਿਕਾਇਤ ਕਿੱਥੇ ਦਰਜ ਕਰਵਾਉਣ? ਰਾਜਾ ਗਾਰਡਨ ਦੇ ਵਸਨੀਕ ਹੇਮੰਤ ਕੁਮਾਰ ਨੇ ਦੱਸਿਆ ਕਿ ਹਰ ਰੋਜ਼ ਤਿੰਨ ਤੋਂ ਚਾਰ ਘੰਟੇ ਬਿਜਲੀ ਬੰਦ ਰਹਿੰਦੀ ਹੈ। ਇਸ ਕਾਰਨ ਗਰਮੀ ਵਿੱਚ ਨੀਂਦ ਪੂਰੀ ਨਹੀਂ ਹੁੰਦੀ। ਸਵੇਰ ਦੀ ਰੁਟੀਨ ਪ੍ਰਭਾਵਿਤ ਹੁੰਦੀ ਹੈ ਤੇ ਕੰਮ ਦੌਰਾਨ ਵੀ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ। --------------------- ਪਿਛਲੇ 4 ਦਿਨਾਂ ਤੋਂ ਉਦਯੋਗਾਂ ’ਚ ਨੌਂ ਘੰਟਿਆਂ ਦਾ ਬਿਜਲੀ ਕੱਟ ਪਿਛਲੇ ਚਾਰ ਦਿਨਾਂ ਤੋਂ ਉਦਯੋਗਾਂ ਵਿੱਚ ਰੋਜ਼ਾਨਾ ਨੌਂ ਘੰਟਿਆਂ ਦਾ ਬਿਜਲੀ ਕੱਟ ਲੱਗ ਰਿਹਾ ਹੈ। ਵਾਰ-ਵਾਰ ਬਿਜਲੀ ਬੰਦ ਹੋਣ ਕਾਰਨ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਮਸ਼ੀਨਾਂ ਦੀ ਕਾਰਗੁਜ਼ਾਰੀ ਤੇ ਵੀ ਅਸਰ ਪੈ ਰਿਹਾ ਹੈ ਤੇ ਗਾਹਕਾਂ ਨੂੰ ਸਮੇਂ ਸਿਰ ਮਾਲ ਪਹੁੰਚਾਉਣਾ ਮੁਸ਼ਕਲ ਹੋ ਗਿਆ ਹੈ। ਕਈ ਉਦਯੋਗਾਂ ਨੇ ਨਾਈਟ ਸ਼ਿਫਟ ਵੀ ਬੰਦ ਕਰ ਦਿੱਤੀ ਹੈ, ਜਿਸ ਨਾਲ ਮਜ਼ਦੂਰਾਂ ਦੀ ਆਮਦਨ ਪ੍ਰਭਾਵਿਤ ਹੋ ਰਹੀ ਹੈ। ------------------------ ਸਟਾਫ ਦੀ ਕਮੀ ਦੇ ਬਾਵਜੂਦ ਸ਼ਿਕਾਇਤਾਂ ਦਾ ਕੀਤਾ ਜਾ ਰਿਹਾ ਨਿਬੇੜਾ ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਦੀ ਮੰਗ ਵਧਣ ਨਾਲ ਸ਼ਿਕਾਇਤਾਂ ਵੀ ਵਧੀਆਂ ਹਨ। ਸਟਾਫ ਦੀ ਕਮੀ ਦੇ ਬਾਵਜੂਦ ਕਰਮਚਾਰੀ ਫਾਲਟ ਠੀਕ ਕਰਨ ਵਿੱਚ ਲੱਗੇ ਹੋਏ ਹਨ। ਫਾਲਟ ਠੀਕ ਕਰਨ ਵਿੱਚ ਕੁਝ ਸਮਾਂ ਲੱਗ ਰਿਹਾ ਹੈ ਪਰ ਉਸ ਤੋਂ ਬਾਅਦ ਸਪਲਾਈ ਮੁੜ ਚਾਲੂ ਕਰ ਦਿੱਤੀ ਜਾਂਦੀ ਹੈ। ਬਿਜਲੀ ਕੱਟ ਪਟਿਆਲਾ ਤੋਂ ਲਾਏ ਜਾ ਰਹੇ ਹਨ। ਗਰਮੀ ਵਧਣ ਨਾਲ ਲੋਡ ਵਿੱਚ ਅਚਾਨਕ ਵਾਧਾ ਹੋਇਆ ਹੈ। ਕਈ ਟਰਾਂਸਫਾਰਮਰਾਂ ’ਚ ਫਾਲਟ ਆਏ, ਜਿਨ੍ਹਾਂ ਨੂੰ ਸਮੇਂ ਸਿਰ ਠੀਕ ਕਰਕੇ ਮੁੜ ਚਾਲੂ ਕਰ ਦਿੱਤਾ ਗਿਆ। --------------------- ਇਨ੍ਹਾਂ ਇਲਾਕਿਆਂ ’ਚ ਰਹੀ ਬਿਜਲੀ ਸਪਲਾਈ ਪ੍ਰਭਾਵਿਤ ਸ਼ਹਿਰ ਵਿੱਚ ਲੋਡ ਵਧਣ ਕਾਰਨ ਰੈਣਕ ਬਾਜ਼ਾਰ, ਸ਼ੇਖਾਂ ਬਾਜ਼ਾਰ, ਅਟਾਰੀ ਬਾਜ਼ਾਰ, ਪੀਰ ਬੋਦਲਾਂ ਬਾਜ਼ਾਰ, ਗੁਰੂ ਨਾਨਕਪੁਰਾ ਵੈਸਟ, ਸੰਜੇ ਗਾਂਧੀ ਨਗਰ, ਚਰਨਜੀਤ ਪੁਰਾ, ਪੁਰਾਣੀ ਸਬਜ਼ੀ ਮੰਡੀ ਰੋਡ, ਦਿਲਬਾਗ ਨਗਰ, ਹਰਬੰਸ ਨਗਰ, ਕ੍ਰਿਸ਼ਨਾ ਨਗਰ, ਮਿੱਠੂ ਬਸਤੀ, ਬਸਤੀ ਸ਼ੇਖ, ਬਸਤੀ ਦਾਨਿਸ਼ਮੰਦਾ, ਪਿੰਡ ਨਾਗਰਾ, ਜਲੰਧਰ ਕੈਂਟ, ਰਸੂਲਪੁਰ, ਕੰਗਣੀਵਾਲ, ਗਦਈਪੁਰ ਤੇ ਰਾਜਾ ਗਾਰਡਨ ’ਚ ਦੋ ਤੋਂ ਤਿੰਨ ਘੰਟੇ ਤੱਕ ਬਿਜਲੀ ਸਪਲਾਈ ਬੰਦ ਰਹੀ।