- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਤਵਾਦੀ ਸ਼ਹਿਜ਼ਾਦ ਭੱਟੀ ਨਾਲ ਸਬੰਧਾਂ ਦੇ ਦੋਸ਼ ਲਾ ਕੇ CIA ਸਟਾਫ਼ 'ਤੇ ਗੈਰ-ਕਾਨੂੰਨੀ ਹਿਰਾਸਤ ਦੇ ਦੋਸ਼

ਪਿੰਡ ਤਰਾੜ ਦੇ ਦੋ ਵਿਅਕਤੀਆਂ ਨੇ ਸੁਰੱਖਿਆ ਲਈ ਕੀਤੀ ਫਰਿਆਦ
ਦਵਿੰਦਰ ਕੁਮਾਰ, ਪੰਜਾਬੀ ਜਾਗਰਣ ਜਲੰਧਰ
ਪਿੰਡ ਤਰਾੜ ਦੇ ਰਹਿਣ ਵਾਲੇ ਜੀਵਨ ਦਾਸ ਪੁੱਤਰ ਪ੍ਰਕਾਸ਼ ਰਾਮ ਤੇ ਰੂਪ ਲਾਲ ਪੁੱਤਰ ਚਮਨ ਲਾਲ ਨੇ ਪੁਲਿਸ 'ਤੇ ਗੰਭੀਰ ਦੋਸ਼ ਲਾਏ ਹਨ। ਦੋਸ਼ ਵਿਚ ਕਿਹਾ ਕਿ 15 ਮਈ 2026 ਨੂੰ ਸੀ.ਆਈ.ਏ. ਸਟਾਫ਼ ਜਲੰਧਰ ਦਿਹਾਤੀ ਦੀ ਟੀਮ ਉਨ੍ਹਾਂ ਨੂੰ ਬਿਨਾਂ ਕਿਸੇ ਸੰਮਨ ਜਾਂ ਅਗਾਊਂ ਸੂਚਨਾ ਦੇ ਪਿੰਡ ਤੋਂ ਆਪਣੇ ਨਾਲ ਲੈ ਗਈ। ਉਨ੍ਹਾਂ ਨੂੰ ਹਿਰਾਸਤ ’ਚ ਲੈਣ ਦਾ ਕਾਰਨ ਨਹੀਂ ਦੱਸਿਆ ਗਿਆ। ਉਹ ਡੇਰਾ ਸੱਚਖੰਡ ਬੱਲਾਂ ਦਾ ਸੇਵਾਦਾਰ ਦੱਸ ਰਹੇ ਹਨ, ਡੇਰੇ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਉਨ੍ਹਾਂ ਨੂੰ ਜੰਡੂ ਸਿੰਘਾ ਸਥਿਤ ਸੀਆਈਏ ਦੇ ਇਕ ਦਫ਼ਤਰ ’ਚ ਲੈ ਜਾ ਕੇ ਪੁੱਛਗਿੱਛ ਕੀਤੀ ਗਈ। ਉਨ੍ਹਾਂ ਦਾ ਦੋਸ਼ ਹੈ ਕਿ ਅਧਿਕਾਰੀਆਂ ਨੇ ਉਨ੍ਹਾਂ ਤੋਂ ਪਾਕਿਸਤਾਨੀ ਅੱਤਵਾਦੀ ਸ਼ਹਿਜ਼ਾਦ ਭੱਟੀ ਨਾਲ ਕਥਿਤ ਸਬੰਧਾਂ ਬਾਰੇ ਸਵਾਲ ਪੁੱਛੇ, ਜਿਸ ਬਾਰੇ ਦੋਵਾਂ ਨੇ ਇਨਕਾਰ ਕੀਤਾ। ਉਨ੍ਹਾਂ ਦੇ ਮੋਬਾਈਲ ਫ਼ੋਨ 15 ਮਈ ਤੋਂ 22 ਮਈ 2026 ਤੱਕ ਕਬਜ਼ੇ ਵਿੱਚ ਰੱਖੇ ਗਏ ਅਤੇ ਅਗਲੇ ਦਿਨ ਵੀ ਉਨ੍ਹਾਂ ਨੂੰ ਥਾਣੇ ਵਿੱਚ ਬਿਠਾ ਕੇ ਰੱਖਿਆ ਗਿਆ।
ਦੋਵਾਂ ਦਾ ਕਹਿਣਾ ਹੈ ਕਿ ਬਾਅਦ ’ਚ ਉਨ੍ਹਾਂ ਤੋਂ ਇਹ ਲਿਖਵਾ ਕੇ ਦਸਤਖ਼ਤ ਕਰਵਾਏ ਗਏ ਕਿ ਉਹ ਮਨਦੀਪ ਦਾਸ ਤੇ ਉਸ ਦੇ ਪਰਿਵਾਰ ਖ਼ਿਲਾਫ਼ ਕਦੇ ਕੋਈ ਗੱਲ ਨਹੀਂ ਕਰਨਗੇ। ਉੱਥੇ ਹੀ ਵਿਅਕਤੀਆਂ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਖ਼ਿਲਾਫ਼ ਕਥਿਤ ਤੌਰ 'ਤੇ ਝੂਠੇ ਮਾਮਲੇ ਦਰਜ ਕਰਵਾਏ ਗਏ ਸਨ, ਜਿਨ੍ਹਾਂ ਦੀ ਜਾਂਚ ਫਿਲਹਾਲ ਥਾਣਾ ਲਾਂਬੜਾ ’ਚ ਚੱਲ ਰਹੀ ਹੈ। ਪੀੜਤਾਂ ਨੇ ਪ੍ਰਸ਼ਾਸਨ ਤੋਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ, ਸਬੰਧਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਤੇ ਆਪਣੇ ਵਾਂਗ ਆਪਣੇ ਪਰਿਵਾਰ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਵੱਲੋਂ ਕੋਈ ਅਧਿਕਾਰਤ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਹੈ।
ਦੂਸਰੇ ਪਾਸੇ ਜਦ ਸੰਤ ਮਨਦੀਪ ਦਾਸ ਦੇ ਪਿਤਾ ਸੁਮਿੱਤਰ ਦਾਸ ਨਾਲ ਗੱਲ ਹੋਈ ਤਾਂ ਉਨ੍ਹਾਂ ਸਾਰੇ ਇਲਜ਼ਾਮਾਂ ਤੋ ਇਨਕਾਰ ਕੀਤਾ। ਉਨ੍ਹਾਂ ਕਿਹਾ ਇਹ ਦੋਵੇਂ ਬੰਦੇ ਝੂਠ ਬੋਲ ਰਹੇ ਹਨ, ਜਿਸ ਦਿਨ ਦੀ ਇਹ ਗੱਲ ਕਰ ਰਹੇ ਹਨ ਉਸ ਦਿਨ ਨਾ ਮੈਂ ਘਰ ਸੀ ਤੇ ਨਾ ਸੰਤ ਮਨਦੀਪ ਦਾਸ। ਇਨ੍ਹਾਂ ਨੇ ਮੇਰੀ ਪਤਨੀ ਨੂੰ ਗਾਲ੍ਹਾਂ ਕੱਢੀਆਂ। ਇਹ ਦੋਵੇਂ ਬੰਦੇ ਡੇਰੇ ਬੱਲਾਂ ਦੇ ਸੇਵਾਦਾਰ ਨਹੀਂ ਹਨ। ਜੀਵਨ ਲਾਲ ਕ੍ਰਿਸ਼ਨ (ਚਰਚ) ’ਚ ਜਾਂਦਾ ਰੂਪ ਲਾਲ ਨੇ ਉੱਚੇ ਵਾਲੇ ਸੰਤਾਂ ਤੋਂ ਨਾਮਦਾਨ ਲਿਆ ਹੋਇਆ ਹੈ। ਡੇਰਾ ਸੱਚਖੰਡ ਬੱਲਾਂ ਤੇ ਸੰਤ ਨਰਿੰਜਣ ਦਾਸ ਜੀ ਮਹਾਰਾਜ ਸਾਡੇ ਸਤਿਗੁਰੂ ਜੀ ਹਨ। ਸੰਤ ਮਨਦੀਪ ਦਾਸ ਨੂੰ ਅਸੀਂ ਡੇਰਾ ਸੱਚਖੰਡ ਬੱਲਾਂ ਦਾਨ ਕਰ ਚੁੱਕੇ ਹਾਂ। ਮਨਦੀਪ ਦਾਸ ਦੁੱਖ ਸੁੱਖ ਵੇਲੇ ਸਾਨੂੰ ਮਿਲਣ ਆਉਂਦੇ ਹਨ। ਇਨ੍ਹਾਂ ਬਾਰੇ ਜਦੋਂ ਮਰਜ਼ੀ ਪਿੰਡ ਤੋਂ ਪਤਾ ਕਰ ਲਿਓ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।