ਪੰਜਾਬ ਦੀ ਸਿਆਸਤ ਦੀ ਵਿਲੱਖਣ ਸ਼ਖ਼ਸੀਅਤ ਸਨ ਭਗਤ ਚੂਨੀ ਲਾਲ : ਅਮਨ ਅਰੋੜਾ ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ
Publish Date: Sun, 20 Sep 2026 08:50 PM (IST)
Updated Date: Mon, 21 Sep 2026 04:12 AM (IST)
- ਡਾ. ਗੁਰਪ੍ਰੀਤ ਕੌਰ ਮਾਨ ਸਮੇਤ ਕਈ ਕੈਬਨਿਟ ਮੰਤਰੀਆਂ ਨੇ ਦਿੱਤੀ ਸ਼ਰਧਾਂਜਲੀ ਸ਼ੈਲੀ, ਪੰਜਾਬੀ ਜਾਗਰਣ ਜਲੰਧਰ : ਐੱਮ.ਐੱਸ. ਫਾਰਮ, ਬਸਤੀ ਪੀਰਦਾਦ ਵਿਖੇ ਪੰਜਾਬ ਦੇ ਸਾਬਕਾ ਮੰਤਰੀ ਚੂਨੀ ਲਾਲ ਭਗਤ ਨਮਿਤ ਸਰਧਾਂਜ਼ਲੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੇ ਆਪਣੇ ਹਰਮਨ ਪਿਆਰੇ ਆਗੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਮਾਨ, ਕੈਬਨਿਟ ਮੰਤਰੀ ਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਡਾ. ਰਵਜੋਤ ਸਿੰਘ, ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਆਮ ਆਦਮੀ ਪਾਰਟੀ ਦੇ ਵਰਕਿੰਗ ਪ੍ਰਧਾਨ ਅਮਨਸ਼ੇਰ ਸਿੰਘ ਸ਼ੇਰੀ ਕਲਸੀ, ਵਿਧਾਇਕ ਬਲਕਾਰ ਸਿੰਘ ਤੇ ਬ੍ਰਹਮ ਸ਼ੰਕਰ ਜਿੰਪਾ, ਮੇਅਰ ਵਨੀਤ ਧੀਰ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਤੇ ਹੋਰ ਸ਼ਖ਼ਸੀਅਤਾਂ, ਆਗੂਆਂ ਤੇ ਸਮਾਜ ਦੇ ਹਰ ਵਰਗ ਦੇ ਲੋਕਾਂ ਵੱਲੋਂ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਆਪਣੇ ਸੰਬੋਧਨ ’ਚ ਸਵ. ਚੂਨੀ ਲਾਲ ਭਗਤ ਨੂੰ ਯਾਦ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਖੁੱਡੀਆਂ, ਹਰਦੀਪ ਸਿੰਘ ਮੁੰਡੀਆਂ, ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਭਾਰੀ ਮੁਨੀਸ਼ ਸਿਸੋਦੀਆ ਤੇ ਡਾ. ਗੁਰਪ੍ਰੀਤ ਕੌਰ ਮਾਨ ਨੇ ਉਨ੍ਹਾਂ ਨੂੰ ਪੰਜਾਬ ਦੀ ਰਾਜਨੀਤੀ ਦੀ ਇਕ ਮਹਾਨ ਤੇ ਵਿਲੱਖਣ ਸ਼ਖ਼ਸੀਅਤ ਕਰਾਰ ਦਿੱਤਾ, ਜਿਨ੍ਹਾਂ ਸਖ਼ਤ ਮਿਹਨਤ ਤੇ ਇਮਾਨਦਾਰੀ ਨਾਲ ਮਾਣ-ਸਨਮਾਨ ਹਾਸਲ ਕੀਤਾ। ਸ਼ਰਧਾਂਜਲੀ ਸਮਾਗਮ ’ਚ ਪਹੁੰਚੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਤੋਂ ਸਵਾਮੀ ਸੱਜਣਾਨੰਦ ਨੇ ਆਪਣੇ ਪ੍ਰੇਰਣਾਦਾਇਕ ਵਿਚਾਰਾਂ ’ਚ ਕਿਹਾ ਕਿ ਮਨੁੱਖੀ ਸਰੀਰ ਨਾਸ਼ਵੰਤ ਹੈ, ਪਰ ਮਨੁੱਖ ਵੱਲੋਂ ਸਮਾਜ ਤੇ ਮਨੁੱਖਤਾ ਲਈ ਕੀਤੇ ਗਏ ਉੱਤਮ ਕਾਰਜ ਸਦਾ ਜੀਵਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਪਿਆਰੇ ਵਿਅਕਤੀ ਦੇ ਵਿਛੋੜੇ ਦਾ ਦੁੱਖ ਪਰਿਵਾਰ ਤੇ ਸਮਾਜ ਲਈ ਬਹੁਤ ਹੀ ਪੀੜਾਦਾਇਕ ਹੁੰਦਾ ਹੈ, ਪਰ ਆਧਿਆਤਮਕ ਗਿਆਨ ਸਾਨੂੰ ਜੀਵਨ ਤੇ ਮੌਤ ਦੀ ਅਸਲੀਅਤ ਨੂੰ ਸਮਝਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਮੌਕੇ ਚੇਅਰਮੇਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਪਵਨ ਕੁਮਾਰ ਟੀਨੂੰ, ਉਪ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਕੀਮਤੀ ਭਗਤ, ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਮੰਗਲ ਸਿੰਘ ਬੱਸੀ, ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟ ਰਮਨੀਕ ਸਿੰਘ ਰੰਧਾਵਾ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਪਾਲ ਸਿੰਘ, ਚੇਅਰਮੈਨ ਮੁਸਲਿਮ ਭਲਾਈ ਬੋਰਡ ਅਬਦੁੱਲ ਬਾਹਰੀ ਸਲਮਾਨੀ, ਡਿਪਟੀ ਮੇਅਰ ਮਲਕੀਤ ਸਿੰਘ, ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਸੰਤ ਸਮਾਜ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।