ਖੂਨੀ ਟਕਰਾਅ ’ਚ ਬਦਲਿਆ ਬੱਚਿਆਂ ਦਾ ਝਗੜਾ
ਪੰਨੂ ਬਿਹਾਰ ’ਚ ਬੱਚਿਆਂ ਦਾ ਝਗੜਾ ਬਣਿਆ ਖੂਨੀ ਟਕਰਾਅ, ਮਹਿਲਾ ਗੰਭੀਰ ਜ਼ਖ਼ਮੀ
Publish Date: Fri, 03 Apr 2026 10:44 PM (IST)
Updated Date: Fri, 03 Apr 2026 10:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਲੈਦਰ ਕੰਪਲੈਕਸ ਰੋਡ ਸਥਿਤ ਪੰਨੂ ਬਿਹਾਰ ਇਲਾਕੇ ’ਚ ਬੱਚਿਆਂ ’ਚ ਹੋਇਆ ਇਕ ਛੋਟਾ ਜਿਹਾ ਝਗੜਾ ਅਚਾਨਕ ਹੀ ਹਿੰਸਕ ਟਕਰਾਅ ’ਚ ਤਬਦੀਲ ਹੋ ਗਿਆ। ਸ਼ੁਰੂ ’ਚ ਬੱਚਿਆਂ ’ਚ ਖੇਡਦੇ ਵੇਲੇ ਝਗੜਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਪਰ ਸ਼ਾਮ ਤੱਕ ਮਾਮਲਾ ਇੰਨਾ ਵਧ ਗਿਆ ਕਿ ਦੋਵੇਂ ਧਿਰਾਂ ਦੇ ਵੱਡੇ ਮੈਂਬਰ ਵੀ ਇਸ ’ਚ ਸ਼ਾਮਲ ਹੋ ਗਏ ਤੇ ਇਕ-ਦੂਜੇ ਤੇ ਲਾਠੀਆਂ-ਡੰਡਿਆਂ ਤੇ ਬਾਲਟੀ ਵਰਗੀਆਂ ਭਾਰੀ ਚੀਜ਼ਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹੋਈ ਮਾਰਕੁੱਟ ’ਚ ਇਕ ਔਰਤ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਈ। ਹਮਲੇ ਦੌਰਾਨ ਔਰਤ ਦੇ ਸਿਰ ਤੇ ਵਾਰ ਕਾਰਨ ਸਿਰ ਪਾਟ ਗਿਆ ਤੇ ਉਹ ਖੂਨ ਨਾਲ ਲਥਪਥ ਹੋ ਗਈ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਝਗੜੇ ’ਚ ਹੋਰ ਕਈ ਲੋਕਾਂ ਨੂੰ ਵੀ ਚੋਟਾਂ ਲੱਗੀਆਂ ਹਨ। ਪੀੜਤ ਦੇ ਭਰਾ ਨੇ ਦੋਸ਼ ਲਾਇਆ ਕਿ ਦੂਜੀ ਧਿਰ ਦੇ ਲੋਕ ਉਨ੍ਹਾਂ ਦੇ ਘਰ ’ਚ ਜ਼ਬਰਦਸਤੀ ਦਾਖ਼ਲ ਹੋਏ ਤੇ ਹਮਲਾ ਕੀਤਾ। ਹਮਲਾਵਰ ਆਪਣੇ ਨਾਲ ਬਾਲਟੀ ਤੇ ਹੋਰ ਚੀਜ਼ਾਂ ਲੈ ਕੇ ਆਏ ਸਨ ਤੇ ਘਰ ਦੇ ਦਰਵਾਜ਼ੇ ਤੇ ਗੇਟ ਤੋੜਣ ਦੀ ਕੋਸ਼ਿਸ਼ ਵੀ ਕੀਤੀ। ਉੱਧਰ ਦੂਜੀ ਧਿਰ ਦੇ ਇਕ ਵਿਅਕਤੀ ਤੇ ਪੁਰਾਣਾ ਅਪਰਾਧਿਕ ਰਿਕਾਰਡ ਹੋਣ ਦਾ ਵੀ ਦੋਸ਼ ਲਾਇਆ ਗਿਆ ਹੈ, ਜੋ ਪਹਿਲਾਂ ਆਰਮਜ਼ ਐਕਟ ਦੇ ਮਾਮਲੇ ’ਚ ਜੇਲ੍ਹ ਵੀ ਜਾ ਚੁੱਕਾ ਹੈ। ਸੂਚਨਾ ਮਿਲਦਿਆਂ ਹੀ ਪੀਸੀਆਰ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਹਾਲਾਤ ਨੂੰ ਕਾਬੂ ’ਚ ਕੀਤਾ। ਹਾਲਾਂਕਿ ਪੁਲਿਸ ਦੇ ਸਾਹਮਣੇ ਵੀ ਦੋਵੇਂ ਧਿਰਾਂ ਵਿਚਕਾਰ ਇਲਜ਼ਾਮਤਰਾਸੀ ਚੱਲ ਰਹੀ। ਫਿਲਹਾਲ ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।