ਟ੍ਰੇਨ ਮੈਨੇਜਰ ਨੇ ਪਰਿਵਾਰ ਨਾਲ ਮਿਲਾਇਆ ਬੱਚਾ
ਟ੍ਰੇਨ ਮੈਨੇਜਰ ਦੀ ਸਤਰਕਤਾ ਨਾਲ ਟ੍ਰੇਨ ’ਚ ਛੁੱਟਿਆ ਬੱਚਾ ਪਰਿਵਾਰ ਨਾਲ ਮਿਲਿਆ
Publish Date: Wed, 25 Mar 2026 10:23 PM (IST)
Updated Date: Wed, 25 Mar 2026 10:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੇਮਕੁੰਡ ਐਕਸਪ੍ਰੈੱਸ 14610 ਦੇ ਟ੍ਰੇਨ ਮੈਨੇਜਰ ਦੀ ਚੌਕਸੀ ਕਾਰਨ ਹੀ ਟ੍ਰੇਨ ’ਚ ਰਹਿ ਗਿਆ ਬੱਚਾ ਆਪਣੇ ਪਰਿਵਾਰ ਨਾਲ ਮਿਲ ਸਕਿਆ। ਬੱਚੇ ਦੇ ਪਰਿਵਾਰਕ ਮੈਂਬਰ ਕਾਹਲੀ ’ਚ ਸਾਮਾਨ ਲੈ ਕੇ ਤਾਂ ਉਤਰ ਗਏ ਪਰ ਉਨ੍ਹਾਂ ਨੇ ਆਪਣੇ ਬੱਚੇ ਵੱਲ ਧਿਆਨ ਨਹੀਂ ਦਿੱਤਾ। ਜਦੋਂ ਤੱਕ ਉਨ੍ਹਾਂ ਨੂੰ ਬੱਚੇ ਦਾ ਖ਼ਿਆਲ ਆਇਆ, ਉਦੋਂ ਤੱਕ ਟ੍ਰੇਨ ਚੱਲ ਪਈ ਸੀ। ਇਸ ਦੌਰਾਨ ਆਰਪੀਐੱਫ ਦੇ ਮੁਲਾਜ਼ਮ ਟ੍ਰੇਨ ਦੇ ਨਾਲ-ਨਾਲ ਦੌੜ ਰਹੇ ਸਨ, ਜਿਸ ਵੇਲੇ ਟ੍ਰੇਨ ਮੈਨੇਜਰ ਬ੍ਰਜੇਸ਼ ਕੁਮਾਰ ਦੀ ਨਜ਼ਰ ਉਨ੍ਹਾਂ ’ਤੇ ਪਈ। ਉਨ੍ਹਾਂ ਨੇ ਤੁਰੰਤ ਟ੍ਰੇਨ ਦੀ ਪ੍ਰੈਸ਼ਰ ਬ੍ਰੇਕ ਲਗਾ ਦਿੱਤੀ। ਇਸ ਤੋਂ ਬਾਅਦ ਉਹ ਐੱਮ-1 ਡੱਬੇ ’ਚ ਗਏ, ਬੱਚੇ ਨੂੰ ਉਤਾਰਿਆ ਤੇ ਉਸ ਨੂੰ ਉਸ ਦੇ ਪਰਿਵਾਰ ਨਾਲ ਮਿਲਵਾਇਆ। ਆਲ ਇੰਡੀਆ ਗਾਰਡ ਕੌਂਸਲ ਨੇ ਟ੍ਰੇਨ ਮੈਨੇਜਰ ਬ੍ਰਜੇਸ਼ ਕੁਮਾਰ ਦੇ ਇਸ ਕੰਮ ਦੀ ਸ਼ਲਾਘਾ ਕੀਤੀ, ਕਿਉਂਕਿ ਜੇ ਟ੍ਰੇਨ ਉਸ ਸਟੇਸ਼ਨ ਤੋਂ ਅੱਗੇ ਨਿਕਲ ਜਾਂਦੀ ਤਾਂ ਬੱਚੇ ਨੂੰ ਪਰਿਵਾਰ ਨਾਲ ਮਿਲਾਉਣਾ ਮੁਸ਼ਕਲ ਹੋ ਸਕਦਾ ਸੀ। ਬੱਚੇ ਦੇ ਸੁਰੱਖਿਅਤ ਮਿਲਣ ’ਤੇ ਪਰਿਵਾਰਕ ਮੈਂਬਰਾਂ ਨੇ ਟ੍ਰੇਨ ਮੈਨੇਜਰ ਤੇ ਆਰਪੀਐੱਫ ਮੁਲਾਜ਼ਮਾਂ ਦਾ ਧੰਨਵਾਦ ਕੀਤਾ।