168 ਪਾਵਨ ਸਰੂਪਾਂ ਬਾਰੇ ਸੀਐੱਮ ਦਾ ਬਿਆਨ ਗੁੰਮਰਾਹਕੁੰਨ ਤੇ ਸ਼ਰਮਨਾਕ : ਸੰਧੂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 168 ਪਾਵਨ ਸਰੂਪਾਂ ਬਾਰੇ ਮੁੱਖ ਮੰਤਰੀ ਦਾ ਬਿਆਨ ਗੁੰਮਰਾਹਕੁੰਨ ਤੇ ਸ਼ਰਮਨਾਕ : ਰਜਿੰਦਰ ਸੰਧੂ
Publish Date: Sun, 18 Jan 2026 06:42 PM (IST)
Updated Date: Mon, 19 Jan 2026 04:15 AM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 168 ਪਾਵਨ ਸਰੂਪਾਂ ਸਬੰਧੀ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਬਾਰੇ ਦਿੱਤਾ ਗਿਆ ਬਿਆਨ ਗੁੰਮਰਾਹਕੁੰਨ, ਤਥਾਂ ਤੋਂ ਰਹਿਤ ਤੇ ਨਿਰੋਲ ਰਾਜਨੀਤਿਕ ਮੰਤਵਾਂ ਤੋਂ ਪ੍ਰੇਰਿਤ ਹੈ। ਇਹ ਵਿਚਾਰ ਕਾਂਗਰਸ ਪਾਰਟੀ ਦੇ ਆਗੂ ਰਜਿੰਦਰ ਸੰਧੂ ਨੇ ਪ੍ਰਗਟ ਕੀਤੇ। ਰਜਿੰਦਰ ਸੰਧੂ ਨੇ ਕਿਹਾ ਕਿ ਜਿਸ ਐੱਸਆਈਟੀ ਰਿਪੋਰਟ ਦਾ ਖੁਲਾਸਾ ਸਿਰਫ਼ ਮੈਸੇਜਾਂ ਰਾਹੀਂ ਕੀਤਾ ਜਾ ਰਿਹਾ ਹੋਵੇ, ਉਸ ਦੀ ਭਰੋਸੇਯੋਗਤਾ ’ਤੇ ਸਵਾਲ ਉਠਣਾ ਲਾਜ਼ਮੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਵੱਲੋਂ ਅਜਿਹਾ ਬਿਆਨ ਦੇਣ ਦਾ ਮਕਸਦ ਪੰਜਾਬ ਦੇ ਮੌਜੂਦਾ ਗੰਭੀਰ ਹਾਲਾਤਾਂ ਤੋਂ ਆਮ ਲੋਕਾਂ ਦਾ ਧਿਆਨ ਭਟਕਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਮਜਾਰਾ ਵਿਖੇ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ’ਚ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਤੇ ਸਿੱਖ ਪਰੰਪਰਾ ਅਨੁਸਾਰ ਪੰਗਤ ’ਚ ਲੰਗਰ ਦੀ ਸੇਵਾ ਸੌ ਤੋਂ ਵੱਧ ਸਾਲਾਂ ਤੋਂ ਲਗਾਤਾਰ ਨਿਭਾਈ ਜਾ ਰਹੀ ਹੈ। ਰਜਿੰਦਰ ਸੰਧੂ ਨੇ ਕਿਹਾ ਕਿ ਅਜਿਹੇ ਗੈਰ-ਜ਼ਿੰਮੇਵਾਰ ਬਿਆਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਤੇ ਇਹੀ ਕਾਰਨ ਹੈ ਕਿ 2027 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਨਤਾ ਖੁਦ ਜਵਾਬ ਦੇਵੇਗੀ।