ਰਾਏਜ਼ਾਦਾ ਹੰਸ ਰਾਜ ਸਟੇਡੀਅਮ ਪੁੱਜੇ ਸੀਐੱਮ ਮਾਨ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਰਾਏਜ਼ਾਦਾ ਹੰਸ ਰਾਜ ਸਟੇਡੀਅਮ ,
Publish Date: Sun, 19 Jul 2026 07:28 PM (IST)
Updated Date: Mon, 20 Jul 2026 04:08 AM (IST)
- ਹੋਣ ਵਾਲੀ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ - ਕਰੀਬ ਚਾਰ ਦਹਾਕਿਆਂ ਬਾਅਦ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦਾ ਜਲੰਧਰ ਵਾਪਸ ਆਉਣਾ ਪੰਜਾਬ ਦੀ ਖੇਡ ਸੁਰਜੀਤੀ ਨੂੰ ਦਰਸਾਉਂਦਾ ਹੈ : ਮਾਨ - ਰਾਏਜ਼ਾਦਾ ਹੰਸਰਾਜ ਸਟੇਡੀਅਮ ’ਚ ਅਤਿ-ਆਧੁਨਿਕ ਇੰਡੋਰ ਬੈਡਮਿੰਟਨ ਹਾਲ ਲਈ 2.14 ਕਰੋੜ ਰੁਪਏ ਦਾ ਚੈੱਕ ਸੌਂਪਿਆ - ਸਟੇਡੀਅਮ 10 ਇੰਡੋਰ ਬੈਡਮਿੰਟਨ ਕੋਰਟਾਂ ਵਾਲਾ ਪੰਜਾਬ ਦਾ ਪਹਿਲਾ ਖੇਡ ਮੈਦਾਨ ਬਣੇਗਾ : ਸੀਐੱਮ ਸ਼ੈਲੀ, ਪੰਜਾਬੀ ਜਾਗਰਣ ਜਲੰਧਰ : ਅੱਜ ਰਾਏਜ਼ਾਦਾ ਹੰਸਰਾਜ ਸਟੇਡੀਅਮ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਸੰਬਰ ’ਚ ਹੋਣ ਵਾਲੀ ਸਬ-ਜੂਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਸਟੇਡੀਅਮ ’ਚ ਇੱਕ ਅਤਿ-ਆਧੁਨਿਕ ਇੰਡੋਰ ਬੈਡਮਿੰਟਨ ਹਾਲ ਦੀ ਉਸਾਰੀ ਲਈ 2.14 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਕਰੀਬ 44 ਸਾਲਾਂ ਬਾਅਦ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਇਤਿਹਾਸਕ ਰਾਏਜ਼ਾਦਾ ਹੰਸਰਾਜ ਸਟੇਡੀਅਮ ’ਚ ਵਾਪਸ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅੰਡਰ-13 ਕੈਟਾਗਰੀ ਦੀ ਇਹ ਚੈਂਪੀਅਨਸ਼ਿਪ ਪੰਜਾਬ ’ਚ ਬੈਡਮਿੰਟਨ ਨੂੰ ਵੱਡਾ ਹੁਲਾਰਾ ਦੇਵੇਗੀ ਅਤੇ ਸੂਬੇ ’ਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰੇਗੀ। ਮੁੱਖ ਮੰਤਰੀ ਨੇ ਨਵੇਂ ਇੰਡੋਰ ਬੈਡਮਿੰਟਨ ਹਾਲ ਦੇ ਨਿਰਮਾਣ ਲਈ ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਸਿੰਘ ਵਾਲੀਆ ਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੂੰ 2.14 ਕਰੋੜ ਰੁਪਏ ਦਾ ਚੈੱਕ ਸੌਂਪਿਆ। ਉਨ੍ਹਾਂ ਜ਼ਿਕਰ ਕੀਤਾ ਕਿ ਲਗਪਗ ਛੇ ਦਹਾਕਿਆਂ ’ਚ ਇਹ ਪਹਿਲੀ ਵਾਰ ਹੈ ਕਿ ਕਿਸੇ ਮੌਜੂਦਾ ਮੁੱਖ ਮੰਤਰੀ ਨੇ ਇਸ ਇਤਿਹਾਸਕ ਸਟੇਡੀਅਮ ਦਾ ਦੌਰਾ ਕੀਤਾ ਹੈ। ਸੀਐੱਮ ਮਾਨ ਨੇ ਦੱਸਿਆ, ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹੇਗਾ ਤੇ ਟੈਂਡਰ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ। ਨਿਰਮਾਣ ਕਾਰਜ ਅਗਸਤ ’ਚ ਸ਼ੁਰੂ ਹੋਣ ਦੀ ਉਮੀਦ ਹੈ। ਮੌਜੂਦਾ ਚਾਰ ਆਊਟਡੋਰ ਮਲਟੀਪਰਪਜ਼ ਕੋਰਟਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਬੁਨਿਆਦੀ ਢਾਂਚੇ ਨਾਲ ਲੈਸ ਵਿਸ਼ਵ ਪੱਧਰੀ ਇੰਡੋਰ ਬੈਡਮਿੰਟਨ ਸਹੂਲਤ ’ਚ ਤਬਦੀਲ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਮੁਕੰਮਲ ਹੋਣ ਤੋਂ ਬਾਅਦ ਰਾਏਜ਼ਾਦਾ ਹੰਸਰਾਜ ਸਟੇਡੀਅਮ ’ਚ ਕੁੱਲ 10 ਇੰਡੋਰ ਬੈਡਮਿੰਟਨ ਕੋਰਟ ਹੋਣਗੇ, ਜਿਸ ਨਾਲ ਇਹ ਪੰਜਾਬ ਦਾ ਇੱਕੋ-ਇੱਕ ਅਜਿਹਾ ਖੇਡ ਮੈਦਾਨ ਬਣ ਜਾਵੇਗਾ, ਜਿੱਥੇ ਇੰਨਾ ਵੱਡਾ ਇੰਡੋਰ ਬੈਡਮਿੰਟਨ ਕੰਪਲੈਕਸ ਹੋਵੇਗਾ ਅਤੇ ਇਹ ਉੱਤਰ ਭਾਰਤ ਦੇ ਪ੍ਰਮੁੱਖ ਬੈਡਮਿੰਟਨ ਕੇਂਦਰਾਂ ’ਚੋਂ ਇੱਕ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਅਪਗ੍ਰੇਡ ਕੀਤਾ ਗਿਆ ਬੁਨਿਆਦੀ ਢਾਂਚਾ ਵੱਕਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨ ਲਈ ਪੰਜਾਬ ਦੀ ਸਮਰੱਥਾ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗਾ। ਇਸ ਸਟੇਡੀਅਮ ਨੂੰ ਇਸ ਸਾਲ ਦਸੰਬਰ ਵਿੱਚ ਸਬ-ਜੂਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਹੈ, ਜੋ ਕਰੀਬ ਚਾਰ ਦਹਾਕਿਆਂ ’ਚ ਇੱਥੇ ਹੋਣ ਵਾਲੀ ਪਹਿਲੀ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਹੋਵੇਗੀ। ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਿਡਾਰੀਆਂ, ਕੋਚਾਂ ਤੇ ਖੇਡ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਸਟੇਡੀਅਮ ’ਚ ਮੌਜੂਦਾ ਖੇਡ ਬੁਨਿਆਦੀ ਢਾਂਚੇ ਦਾ ਜਾਇਜ਼ਾ ਲਿਆ। ਉਨ੍ਹਾਂ ਬੈਡਮਿੰਟਨ ਜਗਤ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਚੈਂਪੀਅਨਸ਼ਿਪ ਦੇ ਸਫ਼ਲ ਪ੍ਰਬੰਧ ਲਈ ਹਰ ਸੰਭਵ ਸਹਿਯੋਗ ਦੇਵੇਗੀ ਅਤੇ ਸੂਬੇ ਭਰ ’ਚ ਖੇਡ ਬੁਨਿਆਦੀ ਢਾਂਚੇ ਦੇ ਵਿਕਾਸ ’ਚ ਨਿਵੇਸ਼ ਕਰਨਾ ਜਾਰੀ ਰੱਖੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਕਈ ਮਹਾਨ ਖਿਡਾਰੀ ਪੈਦਾ ਕੀਤੇ ਹਨ ਅਤੇ ਸਦੀਆਂ ਤੋਂ ਖੇਡਾਂ ਨਾਲ ਇਸ ਦਾ ਡੂੰਘਾ ਸਬੰਧ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੇ ਪੂਜਨੀਕ ਸਿੱਖ ਗੁਰੂਆਂ ਨੇ ਖੇਡਾਂ ਰਾਹੀਂ ਨਾ ਸਿਰਫ਼ ਅਧਿਆਤਮਿਕਤਾ ਸਗੋਂ ਸਰੀਰਕ ਤੰਦਰੁਸਤੀ ਨੂੰ ਵੀ ਉਤਸ਼ਾਹਿਤ ਕੀਤਾ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਮੱਲ ਅਖਾੜਾ ਸਥਾਪਿਤ ਕੀਤਾ ਅਤੇ ਖੁਦ ਕੁਸ਼ਤੀ ਅਤੇ ਸਰੀਰਕ ਸਿਖਲਾਈ ਦੀ ਨਿਗਰਾਨੀ ਕੀਤੀ, ਜਦੋਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੌਜਵਾਨਾਂ ਨੂੰ ਘੋੜ ਸਵਾਰੀ ਅਤੇ ਤੀਰਅੰਦਾਜ਼ੀ ਦੀ ਸਿਖਲਾਈ ਦਿੱਤੀ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਮੇਂ ਦੀ ਹਰ ਖੇਡ ਅਤੇ ਯੁੱਧ ਕਲਾ ’ਚ ਮਾਹਰ ਸਨ। ਅੱਜ ਵੀ ਪੰਜਾਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੌਰਾਨ ਕੀਤੀਆਂ ਜਾਣ ਵਾਲੀਆਂ ਰਵਾਇਤੀ ਖੇਡਾਂ ਰਾਹੀਂ ਆਪਣੀਆਂ ਅਮੀਰ ਖੇਡ ਪਰੰਪਰਾਵਾਂ ਦਾ ਮਾਣ ਨਾਲ ਪ੍ਰਦਰਸ਼ਨ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ, ਖੇਡ ਬੁਨਿਆਦੀ ਢਾਂਚੇ ਅਤੇ ਅਥਲੀਟਾਂ ਦੇ ਵਿਕਾਸ ਵਿੱਚ ਪੰਜਾਬ ਸਰਕਾਰ ਦੇ ਨਿਰੰਤਰ ਨਿਵੇਸ਼ ਨੇ ਪਹਿਲਾਂ ਹੀ ਉਤਸ਼ਾਹਜਨਕ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਸੂਬੇ ਦੇ ਕਈ ਖਿਡਾਰੀਆਂ ਨੇ ਉੱਚ ਪੱਧਰੀ ਮੁਕਾਬਲਿਆਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਉਨ੍ਹਾਂ ਦੁਹਰਾਇਆ ਕਿ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਸਿਰਜਣ ਲਈ ਹਰ ਸੰਭਵ ਯਤਨ ਜਾਰੀ ਰੱਖੇਗੀ।