ਮੁੱਖ ਮੰਤਰੀ ਨੇ ਮੇਹਰ ਮਲਿਕ ਨੂੰ ਸਟੇਟ ਐਵਾਰਡ ਨਾਲ ਕੀਤਾ ਸਨਮਾਨਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਪੱਤਰਕਾਰ ਤੇ ਲੇਖਕ ਮੇਹਰ ਮਲਿਕ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ
Publish Date: Sun, 16 Aug 2026 10:34 PM (IST)
Updated Date: Sun, 16 Aug 2026 10:35 PM (IST)
1975 ਤੋਂ ਪੰਜਾਬ ਦੇ ਵੱਖ-ਵੱਖ ਅਖ਼ਬਾਰਾਂ ’ਚ ਕੰਮ ਕਰ ਚੁੱਕੇ ਹਨ ਮੇਹਰ ਮਲਿਕ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਸੀਨੀਅਰ ਪੱਤਰਕਾਰ ਤੇ ਲੇਖਕ ਮੇਹਰ ਮਲਿਕ ਨੂੰ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ’ਚ 15 ਅਗਸਤ ਨੂੰ ਕਰਵਾਏ ਗਏ ਸੂਬਾ ਪੱਧਰੀ ਸਮਾਗਮ ’ਚ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ 1970 ਤੋਂ ਹੁਣ ਤੱਕ ਪੰਜਾਬ ਦੇ ਵੱਖ-ਵੱਖ ਅਖ਼ਬਾਰਾਂ ’ਚ ਪੱਤਰਕਾਰੀ ਤੇ ਲੇਖਣੀ ਰਾਹੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤਾ ਗਿਆ। ਮੇਹਰ ਮਲਿਕ ਹੁਣ ਤੱਕ ਪੰਜਾਬੀ ’ਚ 7 ਕਿਤਾਬਾਂ ਲਿਖ ਚੁੱਕੇ ਹਨ। ਇਨ੍ਹਾਂ ਰਾਹੀਂ ਉਨ੍ਹਾਂ ਨੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਿਆਂ ਬਿਹਤਰੀਨ ਰਚਨਾਵਾਂ ਪਾਠਕਾਂ ਤੱਕ ਪਹੁੰਚਾਈਆਂ ਹਨ, ਜਿਨ੍ਹਾਂ ਦੀ ਵੱਖ-ਵੱਖ ਪਲੇਟਫਾਰਮਾਂ ’ਤੇ ਕਾਫ਼ੀ ਸ਼ਲਾਘਾ ਵੀ ਹੋਈ ਹੈ। ਉਨ੍ਹਾਂ ਦੀ ਪਹਿਲੀ ਕਿਤਾਬ 2016 ’ਚ ‘ਜਿਉਂਦੇ ਜੀ ਰੰਡੇਪਾ’, 2018 ’ਚ ‘ਚੰਨਣ ਲਾਗੀ’, 2019 ’ਚ ‘ਭੋਲੀ ਦਾ ਕਰਵਾਚੌਥ’, 2021 ’ਚ ‘ਵੇਸਵਾ’, 2023 ’ਚ ‘ਪੰਜੇਬਾਂ’ ਤੇ 2025 ’ਚ ‘ਮੈਂ ਕਿਹਾ ਸੀ ਨਾ...’ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਕਈ ਹੋਰ ਕਿਤਾਬਾਂ ਪ੍ਰਕਾਸ਼ਿਤ ਹੋਣ ਜਾ ਰਹੀਆਂ ਹਨ। ਇਸ ਦੌਰਾਨ ਮੇਹਰ ਮਲਿਕ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੀਆਂ ਕਿਤਾਬਾਂ ਵੀ ਭੇਟ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਜਲੰਧਰ ਪ੍ਰਸ਼ਾਸਨ ਵੱਲੋਂ 26 ਜਨਵਰੀ 2025 ਨੂੰ ਮੀਡੀਆ ਖੇਤਰ ਵਿੱਚ ਦਿੱਤੇ ਯੋਗਦਾਨ ਲਈ ਉਨ੍ਹਾਂ ਨੂੰ ਜ਼ਿਲ੍ਹਾ ਪੱਧਰੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਮੇਹਰ ਮਲਿਕ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਕਿਤਾਬਾਂ ਰਾਹੀਂ ਪੰਜਾਬ ਦੇ ਉਨ੍ਹਾਂ ਸ਼ਬਦਾਂ ਨੂੰ ਸਾਹਮਣੇ ਲਿਆਂਦਾ ਹੈ, ਜਿਨ੍ਹਾਂ ਨੂੰ ਅੱਜ ਲੋਕ ਭੁੱਲਦੇ ਜਾ ਰਹੇ ਹਨ। ਇਨ੍ਹਾਂ ਵਿੱਚ ਪੰਜਾਬ ਦੀ ਅਮੀਰ ਵਿਰਾਸਤ ਅਤੇ ਪੰਜਾਬ ਦੇ ਪਿੰਡਾਂ ਦਾ ਸੱਭਿਆਚਾਰ ਝਲਕਦਾ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਦੌਰ ਵਿੱਚ ਲੋਕ ਪੰਜਾਬੀ ਅਤੇ ਪਿੰਡਾਂ ਤੋਂ ਦੂਰ ਹੁੰਦੇ ਜਾ ਰਹੇ ਹਨ, ਪਰ ਅੱਜ ਵੀ ਪੰਜਾਬ ਦੀ ਅਸਲ ਝਲਕ ਪਿੰਡਾਂ ਵਿੱਚੋਂ ਹੀ ਨਜ਼ਰ ਆਉਂਦੀ ਹੈ। ਇਸ ਲਈ ਸਾਨੂੰ ਆਪਣੀ ਮਿੱਟੀ ਅਤੇ ਭਾਸ਼ਾ ਦੋਵਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਹ ਅੱਜ ਵੀ ਪੰਜਾਬ ਦੇ ਵੱਖ-ਵੱਖ ਅਖ਼ਬਾਰਾਂ ਵਿੱਚ ਆਪਣੇ ਲੇਖ ਲਿਖਦੇ ਹਨ।