- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਕਤਪਾਲੋਂ ਦਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ

ਪੰਜਾਬ ਦੇ ਪ੍ਰਸਿੱਧ ਪਹਿਲਵਾਨਾਂ ਨੇ ਕੁਸ਼ਤੀਆਂ ਦੇ ਦਿਖਾਏ ਜੌਹਰ : ਪਿਆਰਾ ਰਾਮ
ਪੱਕਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਸ਼ਾਹੀ ਦਰਬਾਰ ਗੁੱਗਾ ਜਾਹਰ ਪੀਰ ਜੀ ਲੱਖ ਦਾਤਾ ਜੀ ਦਾ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਪਿੰਡ ਕਤਪਾਲੋਂ ਵਿਖੇ ਸੰਪੰਨ ਹੋਇਆ। ਮੇਲੇ ਦੇ ਪਹਿਲੇ ਦਿਨ ਝੰਡੇ ਦੀ ਰਸਮ ਉਪਰੰਤ ਲੰਗਰ ਅਤੇ ਭੰਡਾਰਾ ਲਾਇਆ ਗਿਆ। 7 ਸਤੰਬਰ ਨੂੰ ਸਵੇਰੇ 10 ਵਜੇ ਧਾਰਮਿਕ ਸਟੇਜ ਸਜਾਈ ਗਈ, ਜਿਸ ਦੌਰਾਨ ਪੰਜਾਬ ਦੇ ਪ੍ਰਸਿੱਧ ਕਲਾਕਾਰ ਸਰਦਾਰ ਅਲੀ, ਕਾਲਾ ਨਗਰ ਕੱਵਾਲ, ਬਲਵਿੰਦਰ ਤੋਤਾ ਕੱਵਾਲ ਅਤੇ ਲਵਪ੍ਰੀਤ ਜੱਖੂ ਕਤਪਾਲੋਂ ਨੇ ਗੁੱਗਾ ਜਾਹਰ ਪੀਰ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਮੇਲੇ ਦੇ ਆਖਰੀ ਦਿਨ 8 ਸਤੰਬਰ ਨੂੰ ਦੁਪਹਿਰ 2 ਵਜੇ ਵਿਸ਼ਾਲ ਛਿੰਝ ਮੇਲਾ ਕਰਵਾਇਆ ਗਿਆ। ਪਟਕੇ ਦੀ ਕੁਸ਼ਤੀ ਦਾ ਪਹਿਲਾ ਇਨਾਮ ਸਰਪੰਚ ਮਹਿੰਦਰ ਕੌਰ ਅਤੇ ਪਿਆਰਾ ਰਾਮ ਵੱਲੋਂ ਦਿੱਤਾ ਗਿਆ, ਜਦਕਿ ਤਨਵੀਸ਼ ਮਾਹੀ ਦੇ ਪਰਿਵਾਰ ਵੱਲੋਂ ਸਰਦਾਰ ਅਲੀ ਨੂੰ ਇਨਾਮ ਦਿੱਤਾ ਗਿਆ।
ਛਿੰਝ ਮੇਲੇ ਵਿੱਚ ਵਿਸ਼ੇਸ਼ ਤੌਰ ’ਤੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨੇ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੂੰ ਸਾਲਾਨਾ ਜੋੜ ਮੇਲੇ ਅਤੇ ਛਿੰਝ ਮੇਲੇ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਪਿੰਡ-ਪਿੰਡ ਖੇਡ ਮੇਲੇ ਅਤੇ ਧਾਰਮਿਕ ਸਮਾਗਮ ਕਰਵਾਏ ਜਾਣ। ਤਰਸੇਮ ਰੁਪਾਣਾ, ਪ੍ਰਧਾਨ ਵਿਮੁਕਤ ਜਾਤੀਆਂ ਪੰਜਾਬ ਨੇ ਐੱਨਆਰਆਈ ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਕਰਵਾਏ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਰਪੰਚ ਮਹਿੰਦਰ ਕੌਰ ਅਤੇ ਪਿਆਰਾ ਰਾਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਗ੍ਰਾਮ ਪੰਚਾਇਤ ਮੈਂਬਰਾਂ, ਸਮੂਹ ਨਗਰ ਨਿਵਾਸੀਆਂ, ਸ਼ਖ਼ਸੀਅਤਾਂ ਅਤੇ ਵੱਖ-ਵੱਖ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।