ਸੀਨੀਅਰ ਡਿਪਟੀ ਮੇਅਰ ਨੇ ਜੈਤੇਵਾਲੀ ਐੱਸਟੀਪੀ ਦੀ ਕੀਤੀ ਅਚਨਚੇਤੀ ਚੈਕਿੰਗ, ਸਾਰੇ ਪੰਪ ਚਲਦੇ ਪਾਏ ਗਏ ਸੀਨੀਅਰ ਡਿਪਟੀ ਮੇਅਰ ਨੇ ਅਚਾਨਕ ਕੀਤੀ ਜੈਤੇਵਾਲੀ ਐਸਟੀਪੀ ਦੀ ,ਸਾਰੇ ਪੰਪ ਚਲਦੇ ਪਾਏ ਗਏ
Publish Date: Sat, 08 Aug 2026 08:06 PM (IST)
Updated Date: Sat, 08 Aug 2026 08:08 PM (IST)
ਬਰਸਾਤ ਕਾਰਨ ਸਾਰੇ ਐੱਸਟੀਪੀ ਦੀ ਹੁੰਦੀ ਰਹੇਗੀ ਚੈਕਿੰਗ : ਬਿੱਟੂ ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਬਰਸਾਤ ਦਾ ਮੌਸਮ ਸ਼ੁਰੂ ਹੋਣ ਅਤੇ ਐੱਸਟੀਪੀਜ਼ ਦੀ ਸਹੀ ਵਰਕਿੰਗ ’ਤੇ ਨਜ਼ਰ ਰੱਖੀ ਜਾਏਗੀ ਅਤੇ ਇਸ ਮੁੱਦੇ ਨੂੰ ਲੈ ਕੇ ਸ਼ਨਿਚਰਵਾਰ ਨੂੰ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਅਚਾਨਕ ਜੈਤੇਵਾਲੀ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਦੀ ਚੈਕਿੰਗ ਕੀਤੀ ਅਤੇ ਸਟਾਫ ਤੋਂ ਪੰਪਾਂ, ਜਨਰੇਟਰ ਸੈੱਟ ਅਤੇ ਹੋਰ ਜ਼ਰੂਰੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕੀਤੀ। ਚੈਕਿੰਗ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬਰਸਾਤ ਦੇ ਮੌਸਮ ਦੌਰਾਨ ਸ਼ਹਿਰ ਦੇ ਸਾਰੇ ਐੱਸਟੀਪੀਜ਼ ਦੀ ਚੈਕਿੰਗ ਕੀਤੀ ਜਾਏਗੀ। ਜੈਤੇਵਾਲੀ ਐੱਸਟੀਪੀ 25 ਐੱਮਐੱਲਡੀ ਦਾ ਹੈ ਅਤੇ ਇਸ ਦੇ ਅਧੀਨ ਰਾਮਾ ਮੰਡੀ ਜੋ ਕਿ ਬਹੁਤ ਵੱਡਾ ਇਲਾਕਾ ਹੈ, ਦੇ ਸੀਵਰੇਜ ਦਾ ਸਾਰਾ ਪਾਣੀ ਟ੍ਰੀਟਮੈਂਟ ਲਈ ਜਾਂਦਾ ਹੈ। ਇਸ ਤੋਂ ਇਲਾਵਾ ਆਸਪਾਸ ਦੇ ਇਲਾਕਿਆਂ ਦੇ ਸੀਵਰੇਜ ਦਾ ਪਾਣੀ ਵੀ ਟ੍ਰੀਟਮੈਂਟ ਲਈ ਜਾਂਦਾ ਹੈ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਜਿੱਥੇ ਵੀ ਐੱਸਟੀਪੀ ਦੇ ਕੰਮ ’ਚ ਕੁਤਾਹੀ ਪਾਈ ਗਈ ਤਾਂ ਉਸ ਦੇ ਠੇਕੇਦਾਰ ਵਿਰੁੱਧ ਕਾਰਵਾਈ ਦੇ ਨਾਲ-ਨਾਲ ਜੁਰਮਾਨਾ ਵੀ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਸਾਰੇ ਐੱਸਟੀਪੀ ਤੇ ਜਿਹੜੇ ਪੰਪ ਚੱਲ ਰਹੇ ਹਨ, ਉਹ ਠੀਕ ਹਨ ਅਤੇ ਬਿਜਲੀ ਜਾਣ ਦੀ ਸੂਰਤ ’ਚ ਉਨ੍ਹਾਂ ਨੂੰ ਚਲਾਉਣ ਲਈ ਜਨਰੇਟਰ ਸੈੱਟ ਵੀ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਕਿਸੇ ਵੀ ਐੱਸਟੀਪੀ ’ਤੇ ਜੇਕਰ ਕੋਈ ਪੰਪ ਬੰਦ ਪਾਇਆ ਗਿਆ ਜਾਂ ਫਿਰ ਬਿਜਲੀ ਬੰਦ ਹੋਣ ਦੀ ਸੂਰਤ ’ਚ ਕੋਈ ਜਨਰੇਟਰ ਸੈੱਟ ਬੰਦ ਪਾਇਆ ਗਿਆ ਤਾਂ ਫਿਰ ਠੇਕੇਦਾਰ ਦੀ ਖੈ਼ਰ ਨਹੀਂ ਅਤੇ ਉਸ ਨੂੰ ਜੁਰਮਾਨਾ ਤਾਂ ਕੀਤਾ ਹੀ ਜਾਏਗਾ, ਨਾਲ ਹੀ ਉਸ ਦੀ ਜ਼ਮਾਨਤੀ ਰਕਮ ਵੀ ਜ਼ਬਤ ਕੀਤੀ ਜਾ ਸਕਦੀ ਹੈ। ਇਸ ਲਈ ਐੱਸਟੀਪੀਜ਼ ਦੇ ਠੇਕੇਦਾਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ ਤਾਂ ਜੋ ਬਰਸਾਤ ਦੌਰਾਨ ਕਿਸੇ ਵੀ ਥਾਂ ’ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਹੋਣਗੀਆਂ ਸੀਨੀਅਰ ਡਿਪਟੀ ਮੇਅਰ ਨੇ ਕਿਹਾ ਹੈ ਕਿ ਨਗਰ ਨਿਗਮ ਵੱਲੋਂ ਲੋਕਾਂ ਨੂੰ ਬਣਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ ਅਤੇ ਆਮ ਆਦਮੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਕਿਸੇ ਵੀ ਸਹੂਲਤ ਤੋਂ ਵਾਂਝੇ ਨਹੀਂ ਰੱਖਿਆ ਜਾਏਗਾ। ਲੋਕਾਂ ਨੂੰ ਅਪੀਲ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਬਰਸਾਤ ਦੌਰਾਨ ਸਾਫ-ਸਫਾਈ ਰੱਖਣ ਦੀ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਲੋਕ ਆਪਣੇ ਘਰਾਂ ਦੇ ਅੰਦਰ ਤੇ ਬਾਹਰ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਕੋਈ ਵੀ ਅਜਿਹੀ ਚੀਜ਼ ਸੀਵਰ ’ਚ ਨਾ ਸੁੱਟਣ ਜਿਸ ਨਾਲ ਸੀਵਰੇਜ ਬੰਦ ਹੋ ਜਾਏ ਤੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹਾ ਹੋਣ ਨਾਲ ਮੱਛਰ ਆਦਿ ਪੈਦਾ ਨਾ ਹੋ ਸਕਣ।