- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਮਕੌਰ ਸਾਹਿਬ ਤੋਂ ਜਲੰਧਰ 'ਚ ਲੋਕ ਸਭਾ ਚੋਣ ਲੜਨ ਲਈ ਆਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕੇ ਦੇ ਲੋਕਾਂ ਨਾਲ ਜੁੜੇ ਹਰ ਮੁੱਦੇ 'ਤੇ ਧਿਆਨ ਕੇਂਦਰ ਕਰ ਰਹੇ ਹਨ। ਉਹ ਬਾਹਰੀ ਹੋਣ ਦੇ ਟੈਗ ਨੂੰ ਪੂਰੀ ਤਰ੍ਹਾਂ ਗਲਤ ਦੱਸਦੇ ਹੋਏ ਸਪੱਸ਼ਟ ਕਰਦੇ ਹਨ ਕਿ ਉਨ੍ਹਾਂ ਦੇ ਜਠੇਰੇ ਜਲੰਧਰ 'ਚ ਹਨ ਅਤੇ ਦਾਦਾ ਇੱਥੇ ਹੀ ਰਹਿੰਦੇ ਰਹੇ ਹਨ। ਉਨ੍ਹਾਂ ਦੇ ਏਜੰਡੇ 'ਚ ਨਸ਼ਾ, ਕਾਨੂੰਨ ਵਿਵਸਥਾ, ਸਿੱਖਿਆ, ਇਲਾਜ, ਰੋਜ਼ਗਾਰ, ਸੜਕਾਂ, ਸਫ਼ਾਈ ਤੋਂ ਲੈ ਕੇ ਸਸਤੀ ਰੇਤ, ਆਰਥਿਕ ਮਾਮਲੇ ਅਤੇ ਉਦਯੋਗ ਸਭ ਸ਼ਾਮਲ ਹਨ। ਚੋਣ ਮੈਦਾਨ 'ਚ ਉਤਰਨ ਤੋਂ

-ਪਿਮਜ਼ ਹਸਪਤਾਲ ਵਾਪਸ ਲਵਾਂਗੇ, ਨਵੇਂ ਸਿਰੇ ਤੋਂ ਹੋਵੇਗੀ ਮੈਨੇਜਮੈਂਟ ਦੀ ਨਿਯੁਕਤੀ
-ਭਾਜਪਾ ਤੇ ਆਮ ਆਦਮੀ ਪਾਰਟੀ ਹਨ ਦਲਿਤ ਵਿਰੋਧੀ
-ਪੰਜਾਬ 'ਚ ਕਾਂਗਰਸ ਦੀ ਲਹਿਰ, 'ਆਪ' ਦਾ ਹੋਵੇਗਾ ਸਫ਼ਾਇਆ
ਜਤਿੰਦਰ ਪੰਮੀ, ਜਲੰਧਰ:
ਚਮਕੌਰ ਸਾਹਿਬ ਤੋਂ ਜਲੰਧਰ 'ਚ ਲੋਕ ਸਭਾ ਚੋਣ ਲੜਨ ਲਈ ਆਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕੇ ਦੇ ਲੋਕਾਂ ਨਾਲ ਜੁੜੇ ਹਰ ਮੁੱਦੇ 'ਤੇ ਧਿਆਨ ਕੇਂਦਰ ਕਰ ਰਹੇ ਹਨ। ਉਹ ਬਾਹਰੀ ਹੋਣ ਦੇ ਟੈਗ ਨੂੰ ਪੂਰੀ ਤਰ੍ਹਾਂ ਗਲਤ ਦੱਸਦੇ ਹੋਏ ਸਪੱਸ਼ਟ ਕਰਦੇ ਹਨ ਕਿ ਉਨ੍ਹਾਂ ਦੇ ਜਠੇਰੇ ਜਲੰਧਰ 'ਚ ਹਨ ਅਤੇ ਦਾਦਾ ਇੱਥੇ ਹੀ ਰਹਿੰਦੇ ਰਹੇ ਹਨ। ਉਨ੍ਹਾਂ ਦੇ ਏਜੰਡੇ 'ਚ ਨਸ਼ਾ, ਕਾਨੂੰਨ ਵਿਵਸਥਾ, ਸਿੱਖਿਆ, ਇਲਾਜ, ਰੋਜ਼ਗਾਰ, ਸੜਕਾਂ, ਸਫ਼ਾਈ ਤੋਂ ਲੈ ਕੇ ਸਸਤੀ ਰੇਤ, ਆਰਥਿਕ ਮਾਮਲੇ ਅਤੇ ਉਦਯੋਗ ਸਭ ਸ਼ਾਮਲ ਹਨ। ਚੋਣ ਮੈਦਾਨ 'ਚ ਉਤਰਨ ਤੋਂ ਪਹਿਲਾਂ ਉਨ੍ਹਾਂ ਨੇ ਇਸ ਦਾ ਪੂਰਾ ਹੋਮਵਰਕ ਵੀ ਕਰ ਲਿਆ ਸੀ ਅਤੇ ਇਹ ਉਨ੍ਹਾਂ ਦੀਆ ਗੱਲਾਂ ਤੋਂ ਸਪੱਸ਼ਟ ਹੋ ਜਾਂਦਾ ਹੈ। ਜਲੰਧਰ ਦੇ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੰਦੇ ਹੋਏ ਚੰਨੀ ਕਹਿੰਦੇ ਹਨ ਕਿ ਕੋਈ ਕੰਮ ਮੁਸ਼ਕਲ ਨਹੀਂ ਸਿਰਫ਼ ਸਿਆਸੀ ਇੱਛਾ ਸ਼ਕਤੀ ਦੀ ਲੋੜ ਹੈ। ਉਹ ਜੋ ਵਾਅਦੇ ਕਰ ਰਹੇ ਹਨ, ਪੂਰੇ ਕਰਕੇ ਦਿਖਾਉਣਗੇ। ਚੰਨੀ ਸ਼ਨਿੱਚਰਵਾਰ ਨੂੰ 'ਪੰਜਾਬੀ ਜਾਗਰਣ' ਦੇ ਦਫ਼ਤਰ 'ਚ ਪੁੱਜੇ ਅਤੇ ਸੰਪਾਦਕੀ ਟੀਮ ਨਾਲ ਪੰਜਾਬ ਤੇ ਸ਼ਹਿਰ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ। ਪੇਸ਼ ਹਨ ਇਸ ਗੱਲਬਾਤ ਦੇ ਮੁੱਖ ਅੰਸ਼।
ਜਲੰਧਰ ਬਾਰੇ ਪ੍ਰਮੁੱਖ ਏਜੰਡਾ ਕੀ ਹੈ। ਕਿਹੜੇ ਮੁੱਦਿਆਂ 'ਤੇ ਵਿਸ਼ੇਸ਼ ਧਿਆਨ ਰਹੇਗਾ?
-ਜਲੰਧਰ ਨੂੰ ਨਸ਼ਾਮੁਕਤ ਕਰਨਾ ਮੁੱਢਲੇ ਏਜੰਡੇ 'ਚ ਸ਼ਾਮਲ ਹੈ। ਕਾਨੂੰਨ ਵਿਵਸਥਾ ਵੀ ਜ਼ਮੀਨੀ ਪੱਧਰ 'ਤੇ ਲਾਗੂ ਕਰਨੀ ਹੈ। ਜਿੱਥੇ ਵੀ ਜਾਂਦਾ ਹਾਂ, ਨਸ਼ੇ ਨੂੰ ਲੈ ਕੇ ਲੋਕ ਸਭ ਤੋਂ ਵੱਧ ਪਰੇਸ਼ਾਨ ਨਜ਼ਰ ਆ ਰਹੇ ਹਨ। ਕਾਨੂੰਨ ਵਿਵਸਥਾ ਠੀਕ ਕਰਨਾ ਕੋਈ ਵੀ ਮੁਸ਼ਕਲ ਕੰਮ ਨਹੀਂ ਹੈ। ਨੌਜਵਾਨਾਂ ਨੂੰ ਮੁੱਖ ਧਾਰਾ ਨਾਲ ਜੋੜਨਾ ਪਵੇਗਾ, ਕੰਮ ਦੇਣਾ ਪਵੇਗਾ।
ਨਸ਼ੇ ਦੀ ਵਿਕਰੀ ਰੋਕਣ ਲਈ ਕੋਈ ਖਾਸ ਰਣਨੀਤੀ ਹੈ?
-ਨਸ਼ਾ ਰੋਕਣ ਲਈ ਕੋਈ ਰਣਨੀਤੀ ਦੀ ਲੋੜ ਨਹੀਂ ਹੈ, ਸਿਰਫ ਸਿਆਸੀ ਇੱਛਾ ਸ਼ਕਤੀ ਦੀ ਲੋੜ ਹੈ। ਕੋਸ਼ਿਸ਼ ਕਰਾਂਗੇ ਤਾਂ ਸਾਰਿਆਂ ਦਾ ਸਾਥ ਮਿਲੇਗਾ। ਪੁਲਿਸ ਵੀ ਪੂਰਾ ਸਹਿਯੋਗ ਦੇਵੇਗੀ। ਅੱਜ ਨਸ਼ਾ ਸਿਆਸੀ ਪੁਸ਼ਤਪਨਾਹੀ 'ਚ ਹੀ ਵਿਕ ਰਿਹਾ ਹੈ। ਨਸ਼ੇ ਖ਼ਿਲਾਫ਼ ਆਵਾਜ਼ ਚੁੱਕੀ ਤਾਂ ਹੁਣ ਪੁਲਿਸ ਐਕਸ਼ਨ ਲੈ ਰਹੀ ਹੈ। ਸਿਆਸੀ ਪੁਸ਼ਤਪਨਾਹੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੁਲਿਸ ਨੇ ਇਕ ਤਸਕਰ ਨੂੰ ਫੜਿਆ ਤਾਂ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਆਪਣੀ ਜ਼ਮਾਨਤ ਯਾਦ ਆ ਗਈ। ਸੁਸ਼ੀਲ ਰਿੰਕੂ ਦੀ ਨਸ਼ਾ ਤੇ ਲਾਟਰੀ ਕਾਰੋਬਾਰੀਆਂ ਨੂੰ ਹਮਾਇਤ ਹੈ।
ਜਲੰਧਰ ਨੂੰ ਬਿਹਤਰੀਨ ਬਣਾਉਣ ਲਈ ਕੀ ਨਜ਼ਰੀਆ ਹੈ?
-ਮੇਰਾ ਏਜੰਡਾ ਹਮੇਸ਼ਾ ਹੀ ਸਿੱਖਿਆ ਤੇ ਸਿਹਤ ਰਿਹਾ ਹੈ। ਜਲੰਧਰ 'ਚ ਇਕ ਜਨਰਲ ਯੂਨੀਵਰਸਿਟੀ ਦੀ ਲੋੜ ਹੈ ਅਤੇ ਇਹ ਮੈਂ ਲੈ ਕੇ ਆਵਾਂਗਾ। ਸਿੱਖਿਆ ਪ੍ਰਣਾਲੀ ਨੂੰ ਹੋਰ ਬਿਹਤਰ ਕਰਨਾ ਹੈ। ਮੇਰੇ ਹਲਕੇ ਦੇ ਸਕੂਲ ਦਾ ਮਾਡਲ ਦੇਖਿਆ ਜਾ ਸਕਦਾ ਹੈ।
ਸਿਹਤ ਪ੍ਰਣਾਲੀ ਕਿਵੇਂ ਠੀਕ ਕਰੋਗੇ?
-ਇਸ ਲਈ ਜਲੰਧਰ 'ਚ ਏਮਜ਼ ਜਾਂ ਪੀਜੀਆਈ ਸਰਕਾਰੀ ਮੈਡੀਕਲ ਕਾਲਜ ਲੈ ਕੇ ਆਵਾਂਗੇ। ਪਿਮਜ਼ ਹਸਪਤਾਲ ਵਾਪਸ ਲੈ ਕੇ ਨਵੇਂ ਸਿਰੇ ਤੋਂ ਸ਼ੁਰੂ ਕਰਾਂਗੇ। ਇਹ ਕਿਵੇਂ ਲੈਣਾ ਹੈ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ।
ਸ਼ਹਿਰੀ ਵਿਕਾਸ ਲਈ ਕੀ ਯੋਜਨਾ ਹੈ। ਨਾਜਾਇਜ਼ ਕਾਲੋਨੀਆ ਨਾਲ ਪੂਰਾ ਸਿਸਟਮ ਵਿਗੜ ਗਿਆ ਹੈ?
-ਤਿੰਨ ਵਾਰ ਕੌਂਸਲਰ ਰਿਹਾ ਹਾਂ, ਦੋ ਵਾਰ ਨਗਰ ਕੌਂਸਲ ਖਰੜ ਦਾ ਪ੍ਰਧਾਨ ਰਿਹਾ ਹਾਂ, ਇਹ ਸਾਰੇ ਕੰਮ ਮੈਂ ਦੇਖੇ ਹਨ। ਸਭ ਤੋਂ ਪਹਿਲਾਂ ਘੱਟੋ-ਘੱਟ 30 ਫੁੱਟ ਚੌੜੀ ਸੜਕ ਵਾਲੀਆਂ ਕਾਲੋਨੀਆਂ ਵਿਕਸਤ ਕਰਨ ਦੀ ਯੋਜਨਾ ਖਰੜ 'ਚ ਹੀ ਲਾਗੂ ਕੀਤੀ ਸੀ। ਨਾਜਾਇਜ਼ ਕਾਲੋਨੀਆਂ ਨੂੰ ਕਦੇ ਵੀ ਹਮਾਇਤ ਨਹੀਂ ਦਿੱਤੀ ਕਿਉਂਕਿ ਇਹ ਸ਼ਹਿਰ ਦੀ ਹਾਲਤ ਖ਼ਰਾਬ ਕਰਦੀਆਂ ਹਨ। ਇਸ ਲਈ ਅਮਰੀਕਾ ਤੇ ਕੈਨੇਡਾ 'ਚ ਵੀ ਬੁਨਿਆਦੀ ਢਾਂਚੇ ਦਾ ਕੰਮ ਦੇਖਿਆ ਹੈ।
ਪੰਜਾਬ ਦੇ ਸਿਆਸੀ ਹਾਲਾਤ ਕਿੱਦਾਂ ਦੇ ਹਨ ਤੇ ਚੋਣ ਨਤੀਜੇ ਕੀ ਹੋ ਸਕਦੇ ਹਨ?
-ਪੰਜਾਬ 'ਚ ਭਾਜਪਾ ਵਿਰੋਧੀ ਲਹਿਰ ਹੈ। 'ਆਪ' ਦਾ ਕੰਮ ਲੋਕਾਂ ਨੇ ਦੇਖ ਲਿਆ ਹੈ ਅਤੇ ਸਾਰੇ ਨਿਰਾਸ਼ ਹਨ। ਕਾਂਗਰਸ ਵੱਡੀ ਜਿੱਤ ਹਾਸਲ ਕਰੇਗੀ। ਕਾਂਗਰਸ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ।
ਸੁਖਬੀਰ ਬਾਦਲ ਦਾਅਵਾ ਕਰ ਰਹੇ ਹਨ ਕਿ ਖੇਤਰੀ ਪਾਰਟੀਆਂ ਦਾ ਦਬਦਬਾ ਰਹੇਗਾ?
-ਚੰਨੀ ਹੱਸਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਦੀ ਖੇਤਰੀ ਪਾਰਟੀਆਂ ਦੇ ਦਬਦਬੇ ਵਾਲੀ ਗੱਲ ਨਾਲ ਸਹਿਮਤ ਹਾਂ ਪਰ ਇਨ੍ਹਾਂ 'ਚ ਅਕਾਲੀ ਦਲ ਸ਼ਾਮਲ ਨਹੀਂ ਹੈ। ਇਨ੍ਹਾਂ ਦਾ ਕੰਮ ਖਤਮ ਹੋ ਗਿਆ ਹੈ।
ਤੁਸੀਂ ਵੀ ਵਿਚ-ਵਿਚ ਤਿਲਕ ਜਾਂਦੇ ਹੋ ਤੇ ਕੋਈ ਨਾ ਕੋਈ ਮੁੱਦਾ ਖੜ੍ਹਾ ਹੋ ਜਾਂਦਾ ਹੈ। ਕਦੇ ਫੌਜ ਨੂੰ ਲੈ ਕੇ ਤੇ ਕਦੇ ਜਗੀਰ ਕੌਰ ਦਾ ਮਸਲਾ?
-ਮੇਰਾ ਕੋਈ ਮਾਮਲਾ ਨਹੀਂ ਹੈ। ਸ਼ਹੀਦਾਂ ਪ੍ਰਤੀ ਪੂਰਾ ਸਨਮਾਨ ਹੈ ਅਤੇ ਪੰਜਾਬ 'ਚੋਂ ਹੀ ਸਭ ਤੋਂ ਵਧੇਰੇ ਜਵਾਨਾਂ ਨੇ ਸ਼ਹਾਦਤ ਦਿੱਤੀ ਹੈ। ਮੇਰਾ ਸਿਰਫ਼ ਇਹ ਕਹਿਣਾ ਹੈ ਕਿ ਉਨ੍ਹਾਂ ਦੀ ਸ਼ਹਾਦਤ 'ਤੇ ਭਾਜਪਾ ਸਿਆਸਤ ਨਾ ਕਰੇ। ਬੀਬੀ ਜਗੀਰ ਕੌਰ ਮੇਰੀ ਮਾਂ ਤੇ ਵੱਡੀ ਭੈਣ ਦੇ ਬਰਾਬਰ ਹੈ। ਉਨ੍ਹਾਂ ਦਾ ਪੂਰਾ ਆਦਰ ਕਰਦਾ ਹਾਂ ਅਤੇ ਉਹ ਖੁਦ ਵੀ ਇਹੀ ਕਹਿ ਰਹੇ ਹਨ। ਹੁਣ ਇਹ ਮਾਮਲਾ ਖ਼ਤਮ ਹੋ ਚੁੱਕਾ ਹੈ।
ਪੰਜਾਬ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਕਿਸ ਤਰਾਂ੍ਹ ਦੀ ਨੀਤੀਆਂ ਦੀ ਲੋੜ ਹੈ?
-ਇੰਡਸਟਰੀ ਨੂੰ ਲੈ ਕੇ ਹੁਣ ਤੱਕ ਜਿੰਨੀਆਂ ਵੀ ਨੀਤੀਆਂ ਬਣਾਈਆਂ ਗਈਆਂ ਹਨ, ਉਹ ਸਭ ਬੇਕਾਰ ਹਨ। ਨਵੀਆਂ ਨੀਤੀਆਂ ਦੀ ਲੋੜ ਹੈ, ਜੋ ਸੂਬਿਆਂ ਤੇ ਕੇਂਦਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਸਕਣ। ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਹਨ, ਉਹ ਸਿਰਫ਼ ਖ਼ਰਚਿਆਂ 'ਤੇ ਹੀ ਧਿਆਨ ਦਿੰਦੀਆਂ ਹਨ, ਪੈਸਾ ਕਿੱਥੋਂ ਆਵੇਗਾ, ਇਸ ਬਾਰੇ ਕੋਈ ਕਦਮ ਨਹੀਂ ਚੁੱਕਿਆ ਜਾਂਦਾ। ਸਿਆਸੀ ਤੌਰ 'ਤੇ ਇਹ ਜ਼ਰੂਰੀ ਹੈ ਕਿ ਦੇਸ਼ ਤੇ ਸੂਬਾ ਸਾਧਨ ਸੰਪੰਨ ਹੋਵੇ। ਇੰਡਸਟਰੀ ਦਾ ਵਿਕਾਸ ਜ਼ਰੂਰੀ ਹੈ। ਲੈਦਰ ਇੰਡਸਟਰੀ, ਸਪੋਰਟਸ ਇੰਡਸਟਰੀ, ਹੈਂਡ ਟੂਲ ਫੋਰਜ਼ਿੰਗ ਸਭ ਇਸ ਸਮੇਂ ਸਰਕਾਰੀ ਨੀਤੀਆਂ ਕਾਰਨ ਨੁਕਸਾਨ 'ਚ ਹਨ। ਉਨ੍ਹਾਂ ਨੂੰ ਵੱਖ-ਵੱਖ ਪੈਕੇਜਾਂ ਤੇ ਆਰਥਿਕ ਨੀਤੀਆਂ ਨਾਲ ਮਜ਼ਬੂਤ ਕਰਨ ਦੀ ਲੋੜ ਹੈ।
ਪੰਜਾਬ ਦਾ ਵਪਾਰ ਕਿਵੇਂ ਵਧਾਇਆ ਜਾ ਸਕਦਾ ਹੈ?
-ਪਾਕਿਸਤਾਨ ਨਾਲ ਲੱਗਦੀ ਸਰਹੱਦ ਵਪਾਰ ਲਈ ਖੋਲ੍ਹ ਦਿੱਤੀ ਜਾਣੀ ਚਾਹੀਦੀ ਹੈ। ਜੇ ਗੁਜਰਾਤ 'ਚ ਜਲ ਮਾਰਗ ਤੋਂ ਸਾਮਾਨ ਆ ਸਕਦਾ ਹੈ ਤਾਂ ਜ਼ਮੀਨੀ ਰਸਤਾ ਖੋਲ੍ਹਣ 'ਚ ਕੀ ਹਰਜ਼ ਹੈ। ਪੰਜਾਬ ਨੂੰ ਮਜ਼ਬੂਤ ਕਰਨ ਲਈ ਇਹ ਜ਼ਰੂਰੀ ਹੈ।
ਦੁਆਬਾ ਦਲਿਤ ਬੈਲਟ ਹੈ, ਇਸ ਲਈ ਕੋਈ ਖਾਸ ਕਦਮ ਚੁੱਕੋਗੇ?
-ਦਲਿਤ ਭਾਈਚਾਰੇ ਲਈ ਬਹੁਤ ਕੰਮ ਕਰਨ ਦੀ ਲੋੜ ਹੈ। ਭਾਜਪਾ ਤੇ ਆਮ ਆਦਮੀ ਪਾਰਟੀ ਦੋਵੇਂ ਹੀ ਦਲਿਤ ਵਿਰੋਧੀ ਹਨ। ਕਾਂਗਰਸ ਸਰਕਾਰ ਨੇ ਆਦਮਪੁਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ 'ਤੇ ਰੱਖਣ ਦਾ ਪ੍ਰਸਤਾਵ ਪਾਸ ਕਰਕੇ ਕੇਂਦਰ ਨੂੰ ਭੇਜਿਆ ਸੀ ਪਰ ਅੱਜ ਤੱਕ ਇਸ ਨੂੰ ਮਨਜ਼ੂਰ ਨਹੀਂ ਕੀਤਾ ਗਿਆ। 'ਆਪ' ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਪੰਜਾਬ 'ਚ ਦਲਿਤ ਡਿਪਟੀ ਸੀਐੱਮ ਬਣੇਗਾ ਪਰ ਹੁਣ ਉਹ ਇਸ ਬਾਰੇ ਗੱਲ ਵੀ ਨਹੀਂ ਕਰ ਰਹੇ ਹਨ।