- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਸ਼ਹਿਰ ਵਿਚ ਹੋੇਵੇਗੀ ਜੈ ਗੋਵਿਦਾ ਜੈ ਗੋਪਾਲਾ

ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਨੂੰ ਲੈ ਕੇ ਮੰਦਰਾਂ 'ਚ ਤਿਆਰੀਆਂ ਮੁਕੰਮਲ, ਬਾਜ਼ਾਰਾਂ 'ਚ ਰੌਣਕ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਸ਼੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦਾ ਤਿਉਹਾਰ ਲਈ ਅੱਜ ਪੂਰੇ ਸ਼ਹਿਰ ਦਾ ਕੋਨਾ-ਕੋਨਾ 'ਜੈ ਗੋਵਿੰਦਾ, ਜੈ ਗੋਪਾਲਾ' ਦੇ ਜੈਕਾਰਿਆਂ ਨਾਲ ਗੂੰਜਣ ਲਈ ਤਿਆਰ ਹੈ। ਇਸ ਸਬੰਧੀ ਸ਼ਹਿਰ ਦੇ ਪ੍ਰਮੁੱਖ ਮੰਦਰਾਂ ਤੋਂ ਲੈ ਕੇ ਵੱਖ-ਵੱਖ ਧਾਰਮਿਕ ਸੁਸਾਇਟੀਆਂ ਅਤੇ ਵਿਦਿਅਕ ਅਦਾਰਿਆਂ ’ਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
---
ਬਾਜ਼ਾਰਾਂ ’ਚ ਪੁੱਜਾ ਮਥੁਰਾ-ਵਰਿੰਦਾਵਨ ਤੋਂ ਵਿਸ਼ੇਸ਼ ਸ਼ਿੰਗਾਰ
ਤਿਉਹਾਰ ਦੀ ਪੂਰਵ ਸੰਧਿਆ ਤੇ ਆਖਰੀ ਦਿਨ ਤੱਕ ਬਾਜ਼ਾਰਾਂ ਵਿੱਚ ਭਾਰੀ ਗਾਹਕਾਂ ਦੀ ਭੀੜ ਦੇਖਣ ਨੂੰ ਮਿਲੀ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਸ਼ਿੰਗਾਰ ਲਈ ਵਿਸ਼ੇਸ਼ ਤੌਰ 'ਤੇ ਮਥੁਰਾ, ਵਰਿੰਦਾਵਨ, ਜੈਪੁਰ ਅਤੇ ਕੋਲਕਾਤਾ ਤੋਂ ਵਿਸ਼ੇਸ਼ ਪੋਸ਼ਾਕਾਂ, ਝੂਲੇ, ਮੁਕੁਟ ਅਤੇ ਪੂਜਾ ਸਮੱਗਰੀ ਮੰਗਵਾਈ ਗਈ ਹੈ। ਦੁਕਾਨਦਾਰਾਂ ਅਨੁਸਾਰ ਇਸ ਵਾਰ ਸ਼ਰਧਾਲੂਆਂ ਵਿੱਚ ਜਨਮ-ਅਸ਼ਟਮੀ ਨੂੰ ਲੈ ਕੇ ਖਾਸਾ ਉਤਸ਼ਾਹ ਹੈ।
---
ਮੰਦਰਾਂ ਦੀ ਸਜਾਵਟ ਤੇ ਝਾਕੀਆਂ ਰਹਿਣਗੀਆਂ ਖਿੱਚ ਦਾ ਕੇਂਦਰ
ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿਜ ਨੇ ਦੱਸਿਆ ਕਿ ਮੰਦਰ ਪਰਿਸਰ ਨੂੰ ਬੇਹੱਦ ਆਕਰਸ਼ਕ ਤੇ ਸੁੰਦਰ ਲਾਈਟਿੰਗ ਨਾਲ ਸਜਾਇਆ ਗਿਆ ਹੈ। ਰਾਤ ਨੂੰ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ 'ਤੇ ਆਧਾਰਿਤ ਨਿਵੇਕਲੀਆਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਸੰਗਤ ਦੀ ਸਹੂਲਤ ਲਈ ਅਤੁੱਟ ਲੰਗਰ ਅਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਮੰਦਰ ਦੇ ਪ੍ਰਧਾਨ ਵਿਜੇ ਖੁੱਲਰ ਨੇ ਜਾਣਕਾਰੀ ਦਿੱਤੀ ਕਿ ਮੰਦਰ 'ਚ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦਾ ਅੱਜ ਭੋਗ ਪਾਇਆ ਜਾਵੇਗਾ। ਸਵੇਰੇ 10 ਵਜੇ ਝੰਡਾ ਰਸਮ ਤੋਂ ਬਾਅਦ ਕੀਰਤਨ ਪ੍ਰਵਾਹ ਚੱਲੇਗਾ ਅਤੇ ਰਾਤ 12:05 ਵਜੇ ਸ੍ਰੀ ਕ੍ਰਿਸ਼ਨ ਜਨਮ ਉਤਸਵ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਸ਼ਿਵ ਮੰਦਰ (ਗੁਲਾਬ ਦੇਵੀ ਹਸਪਤਾਲ ਰੋਡ), ਪ੍ਰਾਚੀਨ ਹਨੁਮਾਨ ਮੰਦਰ, ਸ਼ਿਵ ਮੰਦਰ (ਭਾਂਡਿਆਂ ਵਾਲਾ ਬਾਜ਼ਾਰ), ਸ੍ਰੀ ਗੀਤਾ ਮੰਦਰ (ਫੁੱਟਬਾਲ ਚੌਂਕ) ਅਤੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ (ਵਿੰਡਸਰ ਪਾਰਕ) ਸਮੇਤ ਸ਼ਹਿਰ ਦੇ ਤਮਾਮ ਮੰਦਰਾਂ ਅਤੇ ਸਕੂਲਾਂ ਵਿੱਚ ਵੀ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ।
---
ਵਰਤ ਰੱਖਣ ਦੀ ਰਵਾਇਤ ਦੀ ਖਾਸ ਅਹਿਮੀਅਤ
ਜਨਮ-ਅਸ਼ਟਮੀ ਦੇ ਦਿਨ ਵਰਤ ਰੱਖਣ ਦੀ ਪਰੰਪਰਾ ਦਾ ਵਿਸ਼ੇਸ਼ ਮਹੱਤਵ ਹੈ। ਸ਼ਰਧਾਲੂ ਸਵੇਰੇ ਤੋਂ ਲੈ ਕੇ ਰਾਤ 12 ਵਜੇ ਤੱਕ ਵਰਤ ਰੱਖਦੇ ਹਨ। ਭਗਤ ਮੁੱਖ ਰੂਪ ਵਿਚ ਦੋ ਤਰਾਂ ਦੇ ਵਰਤ ਰੱਖਦੇ ਹਨ। ਇਕ ਨਿਰਜਲਾ ਵਰਤ ਇਸ ’ਚ ਸਾਰਾ ਦਿਨ ਅੰਨ ਅਤੇ ਜਲ ਦਾ ਤਿਆਗ ਕੀਤਾ ਜਾਂਦਾ ਹੈ ਅਤੇ ਦੂਜਾ ਫਲਾਹਾਰ ਵਰਤ ਇਸ ਵਿੱਚ ਸ਼ਰਧਾਲੂ ਫਲਾਂ ਦਾ ਸੇਵਨ ਕਰ ਸਕਦੇ ਹਨ।
---
ਪਾਪਾਂ ਦਾ ਨਾਸ਼ ਅਤੇ ਮੁਕਤੀ ਦਾ ਮਾਰਗ
ਮਾਂ ਬਗਲਾਮੁਖੀ ਧਾਮ ਦੇ ਸੰਸਥਾਪਕ ਨਵਜੀਤ ਭਾਰਦਵਾਜ ਨੇ ਦੱਸਿਆ ਕਿ ਜਨਮ-ਅਸ਼ਟਮੀ ਦਾ ਵਰਤ ਰੱਖਣਾ ਮਾਨਵ ਕਲਿਆਣ ਲਈ ਬਹੁਤ ਲਾਭਕਾਰੀ ਹੈ। ਇਸ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਮਿਸ਼ਰੀ, ਮੱਖਣ ਅਤੇ 56 ਭੋਗ ਲਗਾਏ ਜਾਂਦੇ ਹਨ। ਜੋ ਭਗਤ ਇਸ ਦਿਨ ਸ਼ਰਧਾ ਨਾਲ ਭਗਵਾਨ ਦੀ ਕਥਾ-ਕੀਰਤਨ ਸੁਣਦੇ ਹਨ, ਉਨ੍ਹਾਂ ਦੇ ਸਮਸਤ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਮਨੁੱਖ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ।