ਪਰਗਟ ਸਿੰਘ ਦਾ ‘ਆਪ’ ਸਰਕਾਰ ’ਤੇ ਤਿੱਖਾ ਨਿਸ਼ਾਨਾ, ਹਾਕੀ ਟੀਮ ਦੀ ਜਰਸੀ ਦਾ ਰੰਗ ਬਦਲਣਾ ਮੰਦਭਾਗਾ
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ, ਵਿਧਾਇਕ ਪਰਗਟ ਸਿੰਘ ਨੇ ਭਾਰਤੀ ਹਾਕੀ ਟੀਮ ਦੀ ਰਵਾਇਤੀ ਨੀਲੀ ਜਰਸੀ ਦਾ ਰੰਗ ਬਦਲਣ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਭਾਰਤੀ ਹਾਕੀ ਟੀਮ ਨੀਲੇ ਰੰਗ ਦੀ ਜਰਸੀ ਪਹਿਨਦੀ ਆ ਰਹੀ ਹੈ।
Publish Date: Fri, 31 Jul 2026 01:08 PM (IST)
Updated Date: Fri, 31 Jul 2026 01:11 PM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ, ਵਿਧਾਇਕ ਪਰਗਟ ਸਿੰਘ ਨੇ ਭਾਰਤੀ ਹਾਕੀ ਟੀਮ ਦੀ ਰਵਾਇਤੀ ਨੀਲੀ ਜਰਸੀ ਦਾ ਰੰਗ ਬਦਲਣ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਭਾਰਤੀ ਹਾਕੀ ਟੀਮ ਨੀਲੇ ਰੰਗ ਦੀ ਜਰਸੀ ਪਹਿਨਦੀ ਆ ਰਹੀ ਹੈ।
ਅਜਿਹੇ ’ਚ ਜਰਸੀ ਦਾ ਰੰਗ ਬਦਲ ਕੇ ਭਗਵਾ ਕਰਨਾ ਖੇਡਾਂ ਨੂੰ ਰਾਜਨੀਤੀ ਨਾਲ ਜੋੜਨ ਦੀ ਕੋਸ਼ਿਸ਼ ਹੈ। ਇਹ ਬਹੁਤ ਹੀ ਮੰਦਭਾਗਾ ਫ਼ੈਸਲਾ ਹੈ ਅਤੇ ਇਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।
ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਹਰ ਖੇਤਰ ’ਚ ਵਿਚਾਰਧਾਰਾ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਹੁਣ ਖੇਡਾਂ ਨੂੰ ਵੀ ਇਸ ਤੋਂ ਅਛੂਤਾ ਨਹੀਂ ਛੱਡਿਆ ਗਿਆ। ਸਾਬਕਾ ਸਿੱਖਿਆ ਮੰਤਰੀ ਨੇ ਕਿਹਾ ਕਿ ਖੇਡਾਂ ਦਾ ਕੋਈ ਧਰਮ, ਜਾਤ ਜਾਂ ਰਾਜਨੀਤਿਕ ਰੰਗ ਨਹੀਂ ਹੁੰਦਾ। ਖੇਡਾਂ ਸਿਰਫ਼ ਖੇਡ ਭਾਵਨਾ, ਅਨੁਸ਼ਾਸਨ, ਪ੍ਰਤਿਭਾ ਤੇ ਰਾਸ਼ਟਰ ਦੇ ਸਨਮਾਨ ਦਾ ਪ੍ਰਤੀਕ ਹੁੰਦੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ’ਚ ਵੀ ਭਾਜਪਾ ਦੀ ਬੀ-ਟੀਮ ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੀ ਪਾਰਟੀ ਦੇ ਰੰਗਾਂ ’ਚ ਪੰਜਾਬ ਦੀ ਸਰਕਾਰੀ ਮਸ਼ੀਨਰੀ ਤੇ ਸਕੂਲਾਂ ਨੂੰ ਰੰਗ ਚੁੱਕੀ ਹੈ। ਪਹਿਲਾਂ ਸਕੂਲਾਂ ਨੂੰ ਰੰਗਿਆ ਗਿਆ ਫਿਰ ਬੱਸਾਂ ਤੇ ਸਰਕਾਰੀ ਦਫ਼ਤਰਾਂ ਨੂੰ ਵੀ ਪਾਰਟੀ ਦੇ ਨੀਲੇ ਤੇ ਪੀਲੇ ਰੰਗ ’ਚ ਰੰਗ ਦਿੱਤਾ ਗਿਆ।
ਆਮ ਆਦਮੀ ਪਾਰਟੀ ਵੀ ਭਾਜਪਾ ਦੇ ਰਾਹ 'ਤੇ ਚੱਲਦਿਆਂ ਰੰਗਾਂ ਦੀ ਰਾਜਨੀਤੀ ਕਰ ਰਹੀ ਹੈ। ਦੋਵੇਂ ਪਾਰਟੀਆਂ ਨੂੰ ਪਾਰਟੀ ਦੇ ਰੰਗਾਂ ਤੇ ਭਗਵਾਕਰਨ ਦੀ ਰਾਜਨੀਤੀ ਤੋਂ ਬਾਜ਼ ਆਉਣਾ ਚਾਹੀਦਾ ਹੈ।