- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਦਰਸ਼ੇਖਰ ‘ਬੈਸਟ ਟੀਚਰ ਐਵਾਰਡ’ ਨਾਲ ਸਨਮਾਨਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅਧਿਆਪਕ ਦਿਵਸ ਦੇ ਮੌਕੇ ਅਧਿਆਪਕਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਜਲੰਧਰ ਵੈੱਲਫੇਅਰ ਸੋਸਾਇਟੀ ਵੱਲੋਂ ਸਕੂਲ ਆਫ ਐਮੀਨੈਂਸ, ਲਾਡੋਵਾਲੀ ਰੋਡ, ਜਲੰਧਰ ਦੇ ਅੰਗਰੇਜ਼ੀ ਅਧਿਆਪਕ ਚੰਦਰਸ਼ੇਖਰ ਨੂੰ ‘ਸੰਤ ਭਗਵੰਤ ਸਿੰਘ ਬੈਸਟ ਟੀਚਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪ੍ਰਧਾਨ ਡਾ. ਸੁਸ਼ਮਾ ਚਾਵਲਾ ਤੇ ਸਕੱਤਰ ਸੁਰਿੰਦਰ ਸੈਣੀ ਵੱਲੋਂ ਪ੍ਰਦਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਡਾ. ਯੋਗੇਸ਼ ਕੁਮਾਰ ਨੇ ਕੀਤੀ, ਜਦਕਿ ਡਾ. ਸੁਸ਼ਮਾ ਚਾਵਲਾ ਦੀ ਨੁਮਾਇੰਦਗੀ ਡਾ. ਦੀਪਾਲੀ ਲੂਥਰਾ ਨੇ ਕੀਤੀ। ਇਸ ਮੌਕੇ ਸੁਰਿੰਦਰ ਸੈਣੀ ਨੇ ਸੰਤ ਭਗਵੰਤ ਸਿੰਘ ਜੀ ਦੀ ਪ੍ਰੇਰਣਾਦਾਇਕ ਜੀਵਨੀ ਤੇ ਉਨ੍ਹਾਂ ਦੇ ਉੱਚ ਵਿਚਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨ, ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਤੇ ਚੰਗੀ ਸਿੱਖਿਆ ਦੇ ਨਾਲ-ਨਾਲ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ। ਐਵਾਰਡ ਪ੍ਰਾਪਤ ਕਰਨ ਉਪਰੰਤ ਚੰਦਰਸ਼ੇਖਰ ਨੇ ਆਪਣੇ-ਆਪ ਨੂੰ ਵਡਭਾਗੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਸੰਤ ਭਗਵੰਤ ਸਿੰਘ ਦੇ ਉੱਚ ਆਦਰਸ਼ਾਂ ਨਾਲ ਜੁੜੇ ਇਸ ਵਿੱਦਿਅਕ ਅਦਾਰੇ ’ਚ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਸਕੂਲ ਪ੍ਰਿੰਸੀਪਲ ਡਾ. ਯੋਗੇਸ਼ ਕੁਮਾਰ ਨੇ ਚੰਦਰਸ਼ੇਖਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਅਨੀਤਾ ਪੁਰੀ, ਰਾਧਿਕਾ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।