- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੱਕ ਸਾਹਬੂ ਦਾ 200ਵਾਂ ਚਾਰ ਰੋਜ਼ਾ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਚੱਕ ਸਾਹਬੂ ਵਿਖੇ 200ਵਾਂ ਗੁੱਗਾ ਨੌਮੀ ਛਿੰਝ ਮੇਲਾ ਸ਼ਰਧਾ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਨਗਰ ਪਰਿਕਰਮਾ ਨਾਲ ਹੋਈ, ਜਿਸ ਦੌਰਾਨ ਗੋਪੀ ਰੁੜਕੀ ਨੇ ਗੁੱਗਾ ਜਾਹਰ ਪੀਰ ਦਾ ਗੁਣਗਾਨ ਕੀਤਾ। ਨਗਰ ਵਾਸੀਆਂ ਵੱਲੋਂ ਠੰਢੇ ਦੁੱਧ, ਜੂਸ ਆਦਿ ਦੇ ਲੰਗਰ ਲਗਾਏ ਗਏ। ਮੇਲੇ ਦੇ ਦੂਜੇ ਦਿਨ ਮਨਕੀਰਤ ਨਾਥ ਨੇ ਸਾਥੀਆਂ ਸਮੇਤ ਗੁੱਗਾ ਜਾਹਰ ਪੀਰ ਦੇ ਸਵਈਏ ਗਾ ਕੇ ਸੰਗਤ ਨੂੰ ਮੰਤਰਮੁਗਧ ਕੀਤਾ। ਤੀਜੇ ਦਿਨ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਲਗੋਜ਼ੇ ਤੇ ਤੂੰਬੇ ਨਾਲ ਪੰਜਾਬੀ ਵਿਰਸੇ ਦੀਆਂ ਯਾਦਾਂ ਤਾਜ਼ਾ ਕਰਵਾਈਆਂ ਗਈਆਂ। ਰਾਤ ਨੂੰ ਰਾਂਝਣ ਮਾਹੀ ਤੇ ਗਾਇਕ ਸਿੱਪੀ ਗਿੱਲ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਚੌਥੇ ਦਿਨ ਬਲਿਹਾਰ ਸੇਖੋਂ, ਜੀਤਾ ਚੀਮਾ ਤੇ ਦੁਗਾਣਾ ਜੋੜੀ ਹਰਪ੍ਰੀਤ ਢਿੱਲੋਂ ਤੇ ਸਿਮ ਕੌਰ ਨੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਉਪਰੰਤ ਛਿੰਝ ਦਾ ਅਖਾੜਾ ਕਰਵਾਇਆ ਗਿਆ, ਜਿਸ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹਿਲਵਾਨਾਂ ਨੇ ਭਾਗ ਲਿਆ। ਚਾਰ ਝੰਡੀ ਦੀਆਂ ਕੁਸ਼ਤੀਆਂ ’ਚ ਜਲਾਲ ਇਰਾਨ ਨੇ ਛੋਟਾ ਸੁਦਾਮ ਹੁਸ਼ਿਆਰਪੁਰ ਨੂੰ ਹਰਾ ਕੇ ਵੱਡੀ ਝੰਡੀ ਦੀ ਕੁਸ਼ਤੀ ਜਿੱਤੀ। ਪਟਕੇ ਦੀਆਂ ਕੁਸ਼ਤੀਆਂ ਦੇ ਜੇਤੂ ਪਹਿਲਵਾਨਾਂ ਨੂੰ ਵੱਖ-ਵੱਖ ਪਰਿਵਾਰਾਂ ਵੱਲੋਂ ਮੋਟਰਸਾਈਕਲ ਤੇ ਨਕਦ ਇਨਾਮ ਦਿੱਤੇ ਗਏ। ਪਿੰਡ ਵਾਸੀਆਂ ਵੱਲੋਂ ਵੀ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਗਿਆ। ਮੇਲਾ ਸੰਕਡੀ ਗੁੱਗਾ ਜਾਹਰ ਪੀਰ ਚੱਕ ਸਾਹਬੂ ਦੇ ਮੁੱਖ ਸੇਵਾਦਾਰ ਸਨੀ ਚੇਲਾ ਜੀ, ਭਗਤ ਮੰਡਲੀ ਦੇ ਸੇਵਾਦਾਰ ਕੁਲਦੀਪ ਚੰਦ, ਬਾਬਾ ਬੁੱਧੂ ਜੀ, ਬਲਿਹਾਰ ਰਾਮ, ਚਰਨਜੀਤ ਚੰਨਾ ਤੇ ਸਮੂਹ ਭਗਤ ਮੰਡਲੀ ਦੀ ਦੇਖ-ਰੇਖ ਹੇਠ ਸੰਪੰਨ ਹੋਇਆ। ਉਨ੍ਹਾਂ ਵੱਲੋਂ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ, ਐੱਨਆਰਆਈ ਵੀਰਾਂ, ਦਾਨੀ ਸੱਜਣਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।