- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਂਟਰਲ ’ਚ ਨਿਤਿਨ ਕੋਹਲੀ ਨੂੰ ਟਿਕਟ ਮਿਲਣ 'ਤੇ ਜਸ਼ਨ, ਖੇਡਾਂ ਅਤੇ ਵਿਕਾਸ ਲਈ ਉਨ੍ਹਾਂ ਦੇ ਯੋਗਦਾਨ ਦੀ ਹੋਈ ਸ਼ਲਾਘਾ

ਦੀਪਕ ਬਾਲੀ ਸਿਆਸਤ ’ਚ ਨਵਾਂ ਚਿਹਰਾ, ਕੈਂਟ ’ਚ ਲਾ ਰਹੇ ਜ਼ੋਰ : ਕੋਹਲੀ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ: ਆਮ ਆਦਮੀ ਪਾਰਟੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਲੰਧਰ ਸੈਂਟਰਲ ਤੋਂ ਨਿਤਿਨ ਕੋਹਲੀ ਨੂੰ ਉਮੀਦਵਾਰ ਐਲਾਨਿਆ ਹੈ। ਇਹ ਐਲਾਨ ਕੋਹਲੀ ਦੇ ਸਿਆਸੀ ਸਫ਼ਰ ’ਚ ਅਹਿਮ ਪੜਾਅ ਹੈ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਵਿੱਚ ਜਤਾਏ ਭਰੋਸੇ ਨੂੰ ਦਰਸਾਉਂਦਾ ਹੈ।
------------------------
ਨਿਤਿਨ ਕੋਹਲੀ ਨੇ ਪਾਰਟੀ ਲੀਡਰਸ਼ਿਪ, ਪਰਿਵਾਰ ਅਤੇ ਸਮਰਥਕਾਂ ਦਾ ਕੀਤਾ ਧੰਨਵਾਦ
ਉਮੀਦਵਾਰੀ ਦੇ ਐਲਾਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਨਿਤਿਨ ਕੋਹਲੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਉਨ੍ਹਾਂ 'ਤੇ ਭਰੋਸਾ ਜਤਾਉਣ ਅਤੇ ਜਲੰਧਰ ਸੈਂਟਰਲ ਤੋਂ ਚੋਣ ਲੜਨ ਦੀ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਰਿਵਾਰ, ਦੋਸਤਾਂ, ਸਮਰਥਕਾਂ ਅਤੇ ਮੀਡੀਆ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ, ਜੋ ਉਨ੍ਹਾਂ ਦੇ ਸਫ਼ਰ ਦੌਰਾਨ ਉਨ੍ਹਾਂ ਦੇ ਨਾਲ ਖੜ੍ਹੇ ਰਹੇ। ਕੋਹਲੀ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਅਤੇ ਜਲੰਧਰ ਸੈਂਟਰਲ ਦੇ ਲੋਕਾਂ ਦੀ ਨਵੇਂ ਜੋਸ਼ ਨਾਲ ਸੇਵਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਹਲਕੇ ਲਈ ਉਨ੍ਹਾਂ ਕੋਲ ਪਹਿਲਾਂ ਹੀ ਇਕ ਪੂਰੀ ਯੋਜਨਾ ਹੈ ਅਤੇ ਉਹ ਇਹ ਸੀਟ ਜਿੱਤ ਕੇ ਬਿਹਤਰ ਵਿਕਾਸ, ਸੁਧਰੀਆਂ ਜਨਤਕ ਸਹੂਲਤਾਂ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਅਤੇ ਜਲੰਧਰ ਸੈਂਟਰਲ ਦੀ ਤਰੱਕੀ ਲਈ ਕੰਮ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ।
ਇਸ ਦੇ ਨਾਲ ਉਹਨਾਂ ਨੇ ਆਪਣਾ ਹੀ ਪਾਰਟੀ ਦੇ ਕੈੰਟ ਤੋੰ ਐਲਾਨੇ ਗਏ ਉਮੀਦਵਰ ਬਾਰੇ ਮੀਡੀਆ ਸਾਹਮਣੇ ਟਿੱਪਣੀ ਕਰਦਿਆਂ ਕਿਹਾ ਕਿ ਬਾਲੀ ਸਿਆਸਤ ਵਿਚ ਨਵਾਂ ਹੈ, ਉਸ ਨੂੰ ਜ਼ੋਰ ਲਗਾਉਣਾ ਪੈ ਰਿਹਾ ਹੈ। ਜਦਕਿ ਲੰਬੇ ਸਮੇੰ ਤੋੰ ਆਪ ਨਾਲ ਜੁ਼ੜੇ ਦੀਪਕ ਬਾਲੀ ਪਾਰਟੀ ਵਲੋੰ ਦਿੱਤੀਆੰ ਕਈ ਅਹਿਮ ਜ਼ਿੰਮੇਵਾਰੀਆੰ ਨਿਭਾ ਚੁੱਕੇ ਹਨ।
-------------
ਨਿਧੀ ਕੋਹਲੀ ਨੇ ਲੋਕਾਂ ਦੇ ਸਮਰਥਨ ਪ੍ਰਤੀ ਜਤਾਇਆ ਭਰੋਸਾ
ਨਿਤਿਨ ਕੋਹਲੀ ਦੀ ਪਤਨੀ ਨਿਧੀ ਕੋਹਲੀ ਨੇ ਵੀ ਜਲੰਧਰ ਸੈਂਟਰਲ ਵਿੱਚ ਪਾਰਟੀ ਦੀ ਜਿੱਤ ਪ੍ਰਤੀ ਭਰੋਸਾ ਪ੍ਰਗਟਾਇਆ। ਉਨ੍ਹਾਂ ਨਾਅਰਾ ਲਗਾਉਦਿਆ ਕਿਹਾ ਕਿ ਘਰ ਘਰ ਚੱਲੀ ਗੱਲ, ਨਿਤਿਨ ਕੋਹਲੀ ਕਰਦਾ ਸਾਰੀਆੰ ਸਮੱਸਿਆਵਾਂ ਹੱਲ। ਉਹਨਾ ਕਿਹਾ ਕਿ ਮਾਨ ਸਰਕਾਰ ਨੇ ਲੋਕ ਭਲਾਈ ਦੇ ਵੱਡੇ ਕੰਮ ਕੀਤੇ ਹਨ ਜੋ ਹੁਣ ਤਕ ਦੀਆੰ ਸਰਕਾਰਾਂ ਨਹੀ ਕਰ ਸਕੀਆੰ। ਸੋ ਪੰਜਾਬ ਦੀ ਜਨਤਾ ਮੁੜ ਤੋੰ ਆਪ ਸਰਕਾਰ ਹੀ ਚਾਹੁੰਦੀ ਹੈ।
--------------------
ਖੇਡ ਉਦਯੋਗ ਤੋਂ ਸਿਆਸੀ ਅਗਵਾਈ ਤੱਕ ਦਾ ਸਫ਼ਰ
ਜਲੰਧਰ ਦੇ ਖੇਡਾਂ ਦਾ ਸਾਮਾਨ ਬਣਾਉਣ ਵਾਲੇ ਉਦਯੋਗ ਨਾਲ ਜੁੜੇ ਪ੍ਰਮੁੱਖ ਉਦਯੋਗਪਤੀ ਨਿਤਿਨ ਕੋਹਲੀ ਨੇ 29 ਮਈ 2025 ਨੂੰ ਰਸਮੀ ਤੌਰ 'ਤੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਸੈਂਟਰਲ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਗਈ। ਖੇਡਾਂ ਨਾਲ ਚਾਰ ਦਹਾਕਿਆਂ ਤੋਂ ਵੱਧ ਸਮੇਂ ਦੀ ਸਾਂਝ ਰੱਖਣ ਵਾਲੇ ਕੋਹਲੀ ਜਲੰਧਰ ਦੇ ਖੇਡ ਖੇਤਰ ਨਾਲ ਨੇੜਿਓਂ ਜੁੜੇ ਰਹੇ ਹਨ। ਖੇਡ ਉਦਯੋਗ ਅਤੇ ਪ੍ਰਬੰਧਨ ਵਿੱਚ ਉਨ੍ਹਾਂ ਦੇ ਤਜਰਬੇ ਨੇ ਜ਼ਮੀਨੀ ਪੱਧਰ 'ਤੇ ਖੇਡਾਂ ਵਿੱਚ ਭਾਗੀਦਾਰੀ ਵਧਾਉਣ, ਆਧੁਨਿਕ ਖੇਡ ਸਹੂਲਤਾਂ ਵਿਕਸਿਤ ਕਰਨ ਅਤੇ ਨਵੀਂ ਪ੍ਰਤਿਭਾ ਨੂੰ ਬਿਹਤਰ ਮੌਕੇ ਦੇਣ ਪ੍ਰਤੀ ਉਨ੍ਹਾਂ ਦੀ ਸੋਚ ਨੂੰ ਆਕਾਰ ਦਿੱਤਾ ਹੈ।
---
ਫਿੱਟ ਸੈਂਟਰਲ ਜਲੰਧਰ: ਹਰ ਵਾਰਡ ਨੂੰ ਖੇਡਾਂ ਦਾ ਕੇਂਦਰ ਬਣਾਉਣ ਦਾ ਟੀਚਾ
ਕੋਹਲੀ ਦੀਆਂ ਪ੍ਰਮੁੱਖ ਪਹਿਲਕਦਮੀਆਂ ਵਿੱਚੋਂ ਇੱਕ ਫਿੱਟ ਸੈਂਟਰਲ ਜਲੰਧਰ ਹੈ, ਜਿਸ ਦੀ ਸ਼ੁਰੂਆਤ ਅਗਸਤ 2025 ਵਿੱਚ ਜਲੰਧਰ ਸੈਂਟਰਲ ਦੇ ਸਾਰੇ 23 ਵਾਰਡਾਂ ਵਿੱਚ ਆਧੁਨਿਕ ਖੇਡ ਅਤੇ ਸਰੀਰਕ ਤੰਦਰੁਸਤੀ ਦੀਆਂ ਸਹੂਲਤਾਂ ਵਿਕਸਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਸ ਪਹਿਲਕਦਮੀ ਤਹਿਤ ਖੇਡ ਮੈਦਾਨ, ਸਿੰਥੈਟਿਕ ਬੈਡਮਿੰਟਨ ਅਤੇ ਵਾਲੀਬਾਲ ਕੋਰਟ, ਸੈਰ ਕਰਨ ਲਈ ਰਸਤੇ, ਖੁੱਲ੍ਹੇ ਜਿਮ, ਰਾਤ ਸਮੇਂ ਰੌਸ਼ਨੀ ਲਈ ਫਲੱਡ ਲਾਈਟਾਂ ਅਤੇ ਮਨੋਰੰਜਨ ਦੀਆਂ ਸਹੂਲਤਾਂ ਲੋਕਾਂ ਦੇ ਨੇੜੇ ਲਿਆਉਣ ਦਾ ਟੀਚਾ ਰੱਖਿਆ ਗਿਆ ਹੈ।
---
ਐਲਾਨ ਤੋਂ ਬਾਅਦ ਜਲੰਧਰ ਸੈਂਟਰਲ ਵਿੱਚ ਜਸ਼ਨ ਸ਼ੁਰੂ
ਪਾਰਟੀ ਵਰਕਰਾਂ, ਸਮਰਥਕਾਂ ਅਤੇ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਇਸ ਮੌਕੇ ਨੂੰ ਮਨਾਇਆ। ਹਲਕਾ ਦਫ਼ਤਰ ਵਿੱਚ ਵੀ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ, ਜਿੱਥੇ ਲੋਕਾਂ ਨੇ ਇਕੱਠੇ ਹੋ ਕੇ ਕੋਹਲੀ ਨੂੰ ਵਧਾਈ ਦਿੱਤੀ ਅਤੇ ਪਾਰਟੀ ਦਾ ਉਮੀਦਵਾਰ ਚੁਣੇ ਜਾਣ 'ਤੇ ਖੁਸ਼ੀ ਪ੍ਰਗਟਾਈ।ਇਸ ਐਲਾਨ ਨਾਲ ਉਨ੍ਹਾਂ ਦੇ ਸਮਰਥਕਾਂ ਵਿੱਚ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਜਲੰਧਰ ਸੈਂਟਰਲ ਦੇ ਲੋਕ ਹੁਣ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੱਲ ਦੇਖ ਰਹੇ ਹਨ।