ਐੱਸਜੀਟੀਬੀ ਪਬਲਿਕ ਸਕੂਲ ਸਨੌਰ ’ਚ ਸੀਬੀਐੱਸਈ ਕੈਪੇਸਿਟੀ ਬਿਲਡਿੰਗ ਪ੍ਰੋਗਰਾਮ ਕਰਵਾਇਆ ਐੱਸਜੀਟੀਬੀ ਪਬਲਿਕ ਸਕੂਲ ਸਨੌਰ ਵਿਖੇ ਸੀਬੀਐੱਸਈ ਕੈਪੇਸਿਟੀ ਬਿਲਡਿੰਗ ਪ੍ਰੋਗਰਾਮ ਕਰਵਾਇਆ
Publish Date: Sun, 27 Sep 2026 07:54 PM (IST)
Updated Date: Sun, 27 Sep 2026 07:57 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਭੋਗਪੁਰ : ਐੱਸਜੀਟੀਬੀ ਪਬਲਿਕ ਸਕੂਲ, ਸਨੌਰ ’ਚ ਸ਼ਨਿਚਰਵਾਰ ਨੂੰ ‘ਮਾਪਿਆਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰਨਾ’ ਵਿਸ਼ੇ ’ਤੇ ਇਕ ਰੋਜ਼ਾ ਸੀਬੀਐੱਸਈ ਕੈਪੇਸਿਟੀ ਬਿਲਡਿੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ’ਚ ਵੱਖ-ਵੱਖ ਸਕੂਲਾਂ ਤੋਂ ਅਧਿਆਪਕਾਂ ਤੇ ਸਕੂਲ ਪ੍ਰਬੰਧਕਾਂ ਨੇ ਭਾਗ ਲਿਆ। ਪ੍ਰੋਗਰਾਮ ਦੌਰਾਨ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਮਾਪਿਆਂ ਤੇ ਸਕੂਲ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਐੱਸਜੀਟੀਬੀ ਪਬਲਿਕ ਸਕੂਲ ਦੇ ਅਧਿਆਪਕਾਂ ਵੱਲੋਂ ਪੇਸ਼ ਕੀਤੀ ਮਨਮੋਹਕ ਪ੍ਰਾਰਥਨਾ ਨਾਲ ਹੋਈ। ਇਸ ਉਪਰੰਤ ਸਕੂਲ ਦੇ ਚੇਅਰਮੈਨ ਸੁਖਜਿੰਦਰ ਸਿੰਘ ਵੱਲੋਂ ਸਮਾਗਮ ਦੇ ਮੁੱਖ ਬੁਲਾਰਿਆਂ ਜਸਵੀਰ ਕੌਰ ਤੇ ਮਿਸ ਜਯੋਤਸਨਾ ਸ਼ਰਮਾ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ ਗਿਆ। ਕੈਂਬਰਿਜ ਇਨੋਵੇਟਿਵ ਸਕੂਲ, ਜਲੰਧਰ ਤੋਂ ਪਹੁੰਚੀ ਜਸਵੀਰ ਕੌਰ, ਜੋ ਪੀਜੀਟੀ ਕਾਮਰਸ, ਐੱਸਕਿਊਏਏ ਹੈੱਡ ਤੇ ਸਕਿੱਲ ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਕੋਲ ਵੱਖ-ਵੱਖ ਨਾਮਵਰ ਸਕੂਲਾਂ ’ਚ ਅਧਿਆਪਨ ਦਾ 23 ਸਾਲਾਂ ਦਾ ਤਜ਼ਰਬਾ ਹੈ। ਐਡਵਾਂਸਡ ਅਕਾਊਂਟਿੰਗ ਤੇ ਬਿਜ਼ਨਸ ਸਟੱਡੀਜ਼ ’ਚ ਐੱਮ-ਕਾਮ ਦੀਆਂ ਡਿਗਰੀਆਂ ਹਾਸਲ ਕਰਨ ਵਾਲੀ ਕੌਰ ਨੇ ਹੁਨਰ ਵਿਕਾਸ ਤੇ ਵਿੱਦਿਅਕ ਸੁਧਾਰਾਂ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਤੇ ਸੁਝਾਅ ਸਾਂਝੇ ਕੀਤੇ। ਦੂਜੇ ਮੁੱਖ ਬੁਲਾਰੇ ਸੇਠ ਹੁਕਮ ਚੰਦ ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਮਿਸ ਜਯੋਤਸਨਾ ਸ਼ਰਮਾ, ਪੀਜੀਟੀ ਨੇ ਵੀ ਆਪਣੇ 20 ਸਾਲ ਤੋਂ ਵੱਧ ਦੇ ਵਿੱਦਿਅਕ ਤਜ਼ਰਬੇ ਦੇ ਆਧਾਰ ’ਤੇ ਸੰਬੋਧਨ ਕੀਤਾ। ਅੰਗਰੇਜ਼ੀ ’ਚ ਐੱਮਏ ਤੇ ਬੀ-ਐੱਡ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਹ ਇਸ ਸਮੇਂ ਪੀਐੱਚਡੀ ਕਰ ਰਹੇ ਹਨ। ਉਨ੍ਹਾਂ ਨੂੰ ਐੱਫਏਪੀ ਨੈਸ਼ਨਲ ਬੈਸਟ ਟੀਚਰਜ਼ ਐਵਾਰਡ-2022, ਇੰਫਲੂਐਂਸ਼ੀਅਲ ਵੂਮੈਨ ਆਫ਼ ਦਿ ਈਅਰ ਐਵਾਰਡ-2023 ਤੇ ਗੁਰੂ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਵਰਕਸ਼ਾਪ ਦੌਰਾਨ ਦੋਵਾਂ ਮਾਹਿਰਾਂ ਨੇ ਮਾਪਿਆਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਨਾਲ ਜੋੜਨ, ਘਰ ’ਚ ਬੱਚਿਆਂ ਦੀ ਪੜ੍ਹਾਈ ਲਈ ਸਕਾਰਾਤਮਕ ਮਾਹੌਲ ਸਿਰਜਣ ਤੇ ਮਾਪਿਆਂ ਤੇ ਅਧਿਆਪਕਾਂ ਵਿਚਕਾਰ ਬਿਹਤਰ ਸੰਚਾਰ ਕਾਇਮ ਕਰਨ ਸਬੰਧੀ ਵਿਚਾਰ ਸਾਂਝੇ ਕੀਤੇ। ਸਮਾਗਮ ਦੇ ਅੰਤ ’ਚ ਸਕੂਲ ਦੀ ਪ੍ਰਿੰਸੀਪਲ ਨਵਦੀਪ ਕੌਰ ਨੇ ਸਮੂਹ ਮਹਿਮਾਨਾਂ, ਬੁਲਾਰਿਆਂ ਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਇਸ ਉਪਰੰਤ ਰਾਸ਼ਟਰੀ ਗਾਣ ਨਾਲ ਸਮਾਗਮ ਦੀ ਰਸਮੀ ਸਮਾਪਤੀ ਹੋਈ। ਬਾਅਦ ’ਚ ਸਮੂਹ ਤਸਵੀਰ ਖਿੱਚੀ ਗਈ ਤੇ ਹਾਜ਼ਰੀਨ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ।