- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰੀਬ ਧੀਆਂ ਦੇ ਸ਼ਗਨ ਵੀ ਖਾ ਗਏ ਕੱਟੜ ਇਮਾਨਦਾਰ ਕਹਾਉਣ ਵਾਲੇ : ਵਿਜੇ ਸਾਂਪਲਾ

-ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਰਿਕਾਰਡ ਖੰਘਾਲਿਆ ਜਾਵੇ
-ਕਿਹਾ, ਹੇਠਲੇ ਅਧਿਕਾਰੀਆਂ ’ਤੇ ਝਾੜਿਆ ਜਾ ਰਿਹੈ ਨਜ਼ਲਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਪੰਜਾਬ ਸਰਕਾਰ ਦੀ ਆਸ਼ੀਰਵਾਦ (ਸ਼ਗਨ) ਸਕੀਮ ’ਚ ਸਾਹਮਣੇ ਆਏ ਕਰੋੜਾਂ ਰੁਪਏ ਦੇ ਕਥਿਤ ਘਪਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਦਿੱਤੀ ਜਾਣ ਵਾਲੀ ਰਕਮ ’ਚ ਵੀ ਹੇਰਾਫੇਰੀ ਕਰਨਾ ਬੇਹੱਦ ਸ਼ਰਮਨਾਕ ਹੈ। ਕੱਟੜ ਇਮਾਨਦਾਰ ਕਹਾਉਣ ਵਾਲੀ ਸਰਕਾਰ ਦੇ ਰਾਜ ’ਚ ਗਰੀਬਾਂ ਦੇ ਸ਼ਗਨ ਵੀ ਸੁਰੱਖਿਅਤ ਨਹੀਂ ਰਹੇ।
ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ’ਚ 10 ਲਾਭਪਾਤਰੀਆਂ ਦੇ ਖਾਤਿਆਂ ’ਚ 57 ਵਾਰ ਰਕਮ ਟਰਾਂਸਫਰ ਕੀਤੀ ਗਈ। ਇਕ ਲਾਭਪਾਤਰੀ ਦੇ ਖਾਤੇ ’ਚ 13 ਐਂਟਰੀਆਂ, ਜਦਕਿ ਕੁਝ ਖਾਤਿਆਂ ’ਚ 8-8 ਵਾਰ ਰਕਮ ਪਾਈ ਗਈ। ਵਿਭਾਗੀ ਜਾਂਚ ’ਚ 62 ਕੇਸਾਂ ’ਚ ਗ਼ਲਤ ਅਦਾਇਗੀਆਂ ਸਾਹਮਣੇ ਆਈਆਂ ਹਨ। ਇਹ ਸਿਰਫ਼ ਪ੍ਰਸ਼ਾਸਨਿਕ ਗ਼ਲਤੀ ਨਹੀਂ, ਸਗੋਂ ਸਰਕਾਰੀ ਖ਼ਜ਼ਾਨੇ ਤੇ ਗਰੀਬ ਪਰਿਵਾਰਾਂ ਦੇ ਹੱਕਾਂ ਨਾਲ ਜੁੜਿਆ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ ਹੈ ਤੇ ਸਾਰਾ ਨਜ਼ਲਾ ਹੇਠਲੇ ਪੱਧਰ ਦੇ ਅਧਿਕਾਰੀਆਂ ’ਤੇ ਝਾੜਿਆ ਜਾ ਰਿਹਾ ਹੈ ਪਰ ਇਸ ਘਪਲੇ ਦੀਆਂ ਤਾਰਾਂ ਕਿੱਥੋਂ ਤੱਕ ਜੁੜੀਆਂ ਹਨ, ਕਿਹੜੇ ਵੱਡੇ ਆਗੂ ਜਾਂ ਅਫ਼ਸਰ ਇਸ ਪਿੱਛੇ ਹਨ, ਇਹ ਸਾਹਮਣੇ ਲਿਆਉਣ ਲਈ ਸੀਬੀਆਈ ਜਾਂਚ ਲਾਜ਼ਮੀ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਪਿਛਲੇ ਸਾਲਾਂ ਦੌਰਾਨ ਹੋਈਆਂ ਅਦਾਇਗੀਆਂ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾਵੇ।