- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਬਾਲਗ ਲੜਕੀ ਨਾਲ ਹੋਇ ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਨੇ ਕੀਤਾ ਪਰਚਾ ਦਰਜ

ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ :
ਇਸਤਰੀ ਜਾਗ੍ਰਿਤੀ ਮੰਚ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਜੱਦੋਜਹਿਦ ਕਰਨ ਉਪਰੰਤ ਇੱਕ ਨਾਬਾਲਗ ਲੜਕੀ ਨਾਲ ਜ਼ਬਰ ਜਨਾਹ ਦੇ ਮਾਮਲੇ 'ਚ ਮੁਜ਼ਮ ਖਿਲਾਫ਼ ਕਰਤਾਰਪੁਰ ਪੁਲਿਸ ਨੂੰ ਜ਼ਬਰ ਜਨਾਹ ਤੇ ਪੋਸਕੋ ਐਕਟ ਤਹਿਤ ਮੁਕੱਦਮਾ ਦਰਜ ਕਰਨ ਲਈ ਮਜ਼ਬੂਰ ਹੋਣਾ ਪਿਆ। ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਜਸਵੀਰ ਕੌਰ ਜੱਸੀ, ਬਲਵਿੰਦਰ ਕੌਰ ਤੇ ਦਲਜੀਤ ਕੌਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਅਕਤੂਬਰ ਦੇਰ ਸ਼ਾਮ ਨਾਬਾਲਗ ਲੜਕੀ ਦੀ ਸਿਹਤ ਵਿਗੜਨ ਉਪਰੰਤ ਉਸ ਦੇ ਮਾਪਿਆਂ ਨੂੰ ਜਾਣਕਾਰੀ ਮਿਲੀ ਕਿ ਸ਼ਹਿਰ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਵਲੋਂ ਪਿਛਲੇ ਕਾਫ਼ੀ ਲੰਮੇ ਅਰਸੇ ਤੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਡਰਾ ਧਮਕਾ ਕੇ ਉਨ੍ਹਾਂ ਦੀ ਨਾਬਾਲਗ ਬੱਚੀ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਜਾਂਦਾ ਰਿਹਾ ਤੇ ਜਿਸ ਕਰਕੇ ਉਸਦੀ ਸਿਹਤ ਲਗਾਤਾਰ ਠੀਕ ਨਹੀਂ ਰਹਿ ਰਹੀ ਸੀ। ਇਸ ਮੌਕੇ ਔਰਤ ਆਗੂਆਂ ਨਾਲ ਪੀੜਤ ਪਰਿਵਾਰ ’ਚੋਂ ਲੜਕੀ ਜੋਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਣ ਉਪਰੰਤ 30 ਅਕਤੂਬਰ ਤੋਂ ਅੱਜ ਤੱਕ ਉਹ ਕਰਤਾਰਪੁਰ ਥਾਣੇ ਦੇ ਰੋਜ਼ਾਨਾ ਚੱਕਰ ਕੱਟਦੇ ਰਹੇ ਪ੍ਰੰਤੂ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਥਾਂ ਪੁਲਿਸ ਅਧਿਕਾਰੀ ਕੋਰਟ ਕਚਹਿਰੀਆਂ ਦੇ ਚੱਕਰ ਵਿੱਚ ਨਾ ਪੈਣ ਦੀਆਂ ਸਲਾਹਾਂ ਦਿੰਦੇ ਹੋਏ ਰਾਜ਼ੀਨਾਮਾ ਕਰਨ ਅਤੇ ਉਸ ਦਰਿੰਦੇ ਨਾਲ ਲੜਕੀ ਦਾ ਵਿਆਹ ਕਰਨ ਲਈ ਦਬਾਅ ਪਾਉਂਦੇ ਰਹੇ। ਔਰਤ ਆਗੂਆਂ ਨੇ ਕਿਹਾ ਕਿ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਇਸਤਰੀ ਜਾਗ੍ਰਿਤੀ ਮੰਚ ਦੇ ਆਗੂਆਂ ਨੂੰ ਪਤਾ ਲੱਗਾ ਤਾਂ ਦੋਨੋਂ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਸਾਰਾ ਦਿਨ ਉਡੀਕ ਕਰਨ ਉਪਰੰਤ ਆਖ਼ਰ ਥਾਣੇ ਅੱਗੇ ਧਰਨਾ ਲਗਾਉਣ ਦਾ ਐਲਾਨ ਕਰਨ ਤੇ ਪੁਲਿਸ ਅਧਿਕਾਰੀਆਂ ਨੂੰ ਆਖ਼ਰ ਪੀੜਤ ਪਰਿਵਾਰ ਦੇ ਬਿਆਨ ਕਲਮਬੱਧ ਕਰਕੇ ਮੁਕੱਦਮਾ ਦਰਜ ਕਰਨਾ ਪਿਆ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਕਸ਼ਮੀਰ ਸਿੰਘ ਘੁੱਗਸ਼ੋਰ, ਗੁਰਪ੍ਰੀਤ ਸਿੰਘ ਚੀਦਾ, ਕੇ ਐੱਸ ਅਟਵਾਲ, ਬਲਵਿੰਦਰ ਕੌਰ ਦਿਆਲਪੁਰ ,ਜਸਵੀਰ ਕੌਰ ਜੱਸੀ ਤੋਂ ਇਲਾਵਾ ਪੀੜਤ ਪਰਿਵਾਰ ਮੌਜੂਦ ਸੀ।