ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ, ਮਾਮਲਾ ਦਰਜ
ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ’ਤੇ ਮਾਮਲਾ ਦਰਜ
Publish Date: Sat, 24 Jan 2026 07:07 PM (IST)
Updated Date: Sun, 25 Jan 2026 04:16 AM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਅੱਠ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਵੀਜ਼ਾ ਡਰੀਮ ਕੰਪਨੀ ਦੇ ਮਾਲਕ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਸਾਹਿਲ ਚੌਧਰੀ ਨੇ ਦੱਸਿਆ ਕਿ ਪਰਮਿੰਦਰ ਕੁਮਾਰ ਵਾਸੀ ਅਮਰ ਗਾਰਡਨ ਜਲੰਧਰ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਨੇ ਸੋਸ਼ਲ ਮੀਡੀਆ ’ਤੇ ਵੀਜ਼ਾ ਡਰੀਮ ਕੰਪਨੀ ਸਿਲਵਰ ਪਲਾਜ਼ਾ ਦਾ ਇਸ਼ਤਿਹਾਰ ਦੇਖ ਕੇ ਉਸਦੇ ਮਾਲਕ ਭੁਪਿੰਦਰ ਕੁਮਾਰ ਉਰਫ ਭੁਪਿੰਦਰ ਵਾਸੀ ਪਿੰਡ ਮੇਖੇ ਕਰਤਾਰਪੁਰ ਨਾਲ ਉਸ ਦੇ ਦਫਤਰ ’ਚ ਜਾ ਕੇ ਗੱਲਬਾਤ ਕੀਤੀ। ਉਸਨੇ ਕੰਪਨੀ ਦੇ ਮਾਲਕ ਨੂੰ ਨਿਊਜ਼ੀਲੈਂਡ ਜਾਣ ਬਾਰੇ ਦੱਸਿਆ ਤਾਂ ਉਸਨੇ 14 ਲੱਖ 40 ਹਜਾਰ ਰੁਪਏ ’ਚ ਉਸ ਨੂੰ ਨਿਊਜ਼ੀਲੈਂਡ ਭੇਜਣ ਦਾ ਭਰੋਸਾ ਦਿਲਵਾਇਆ। ਉਸਨੇ ਕਿਹਾ ਕਿ ਫਾਈਲ ਲਗਾਉਣ ਤੋਂ ਦੋ ਮਹੀਨੇ ਦੇ ਵਿਚ-ਵਿਚ ਉਸ ਨੂੰ ਨਿਊਜ਼ੀਲੈਂਡ ਭੇਜ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉਸਨੇ ਆਪਣਾ ਪਾਸਪੋਰਟ ਤੇ ਵੱਖ-ਵੱਖ ਸਮੇਂ ’ਤੇ ਭੁਪਿੰਦਰ ਕੁਮਾਰ ਨੂੰ 14 ਲੱਖ 40 ਹਜਾਰ ਰੁਪਏ ਦੇ ਦਿੱਤੇ। ਦੋ ਮਹੀਨੇ ਬੀਤਣ ਦੇ ਬਾਵਜੂਦ ਵੀ ਜਦ ਉਸਦਾ ਵੀਜ਼ਾ ਨਹੀਂ ਆਇਆ ਤਾਂ ਉਸਨੇ ਦਫਤਰ ’ਚ ਜਾ ਕੇ ਭੁਪਿੰਦਰ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਹਾਲੇ ਅੰਬੈਸੀ ’ਚ ਫਾਈਲ ਲੱਗੀ ਹੋਈ ਹੈ ਕੁਝ ਦਿਨਾਂ ’ਚ ਹੀ ਵੀਜ਼ਾ ਆ ਜਾਵੇਗਾ ਪਰ ਬਹੁਤ ਜ਼ਿਆਦਾ ਸਮਾਂ ਬੀਤਣ ਦੇ ਬਾਅਦ ਵੀ ਜਦ ਉਸਦਾ ਵੀਜ਼ਾ ਨਹੀਂ ਆਇਆ ਤਾਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਪਰ ਭੁਪਿੰਦਰ ਨੇ ਉਸਦੇ ਪੈਸੇ ਦੇਣ ਤੋਂ ਮਨ੍ਹਾਂ ਕਰ ਦਿੱਤਾ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਥਾਣਾ ਨੰਬਰ ਅੱਠ ਦੀ ਪੁਲਿਸ ਨੂੰ ਦਿੱਤੀ ਗਈ ਤਾਂ ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ ਵੱਲੋਂ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਪੁਲਿਸ ਨੇ ਵੀਜ਼ਾ ਡਰੀਮ ਕੰਪਨੀ ਦੇ ਮਾਲਕ ਭੁਪਿੰਦਰ ਕੁਮਾਰ ’ਤੇ ਧਾਰਾ 406, 420 ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।