ਤਰਨਤਾਰਨ ਦੇ ਬੋਲੈਰੋ ਡਰਾਈਵਰ ਵਿਰੁੱਧ ਮਾਮਲਾ ਦਰਜ
(ਹਿੱਟ ਐਂਡ ਰਨ ਮਾਮਲਾ)
Publish Date: Fri, 03 Apr 2026 09:59 PM (IST)
Updated Date: Fri, 03 Apr 2026 10:01 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਸੱਤ ਦੀ ਹੱਦ ’ਚ ਪੈਂਦੇ ਅਰਬਨ ਅਸਟੇਟ ਵਿਖੇ 26 ਮਾਰਚ ਨੂੰ ਇਕ ਸੜਕ ਹਾਦਸੇ ’ਚ 25 ਸਾਲਾ ਨੌਜਵਾਨ ਦੀ ਮੌਤ ਸਬੰਧੀ ਪੁਲਿਸ ਨੇ ਇਕ ਮੁਲਜ਼ਮ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਦਵਿੰਦਰ ਸਿੰਘ ਵਾਸੀ ਪਿੰਡ ਏਕਲ ਗਡਾ ਵੈਰੋਵਾਲ ਤਰਨ ਤਾਰਨ ਵਜੋਂ ਹੋਈ ਹੈ। ਉਹ ਇਸ ਵੇਲੇ ਫਰਾਰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪਿਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਉਸਦਾ ਪੁੱਤਰ ਵਿਸ਼ਾਲ ਸਾਗਰ 26 ਮਾਰਚ ਨੂੰ ਲਗਭਗ 11:40 ਵਜੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਅਰਬਨ ਅਸਟੇਟ ਫੇਜ਼-2 ਦੇ ਚੌਰਾਹੇ 'ਚ ਪੁੱਜਾ ਇਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ’ਚ ਗੰਭੀਰ ਸੱਟਾਂ ਲੱਗੀਆਂ। ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਉਸ ਨੂੰ ਤੁਰੰਤ ਪਿਮਸ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਸ਼ੁਰੂ ਹੋ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡਰਾਈਵਰ ਮੌਕੇ 'ਤੇ ਹੀ ਗੱਡੀ ਛੱਡ ਕੇ ਭੱਜ ਗਿਆ ਸੀ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਟੱਕਰ ’ਚ ਸ਼ਾਮਲ ਗੱਡੀ ਇਕ ਬੋਲੈਰੋ ਦਵਿੰਦਰ ਸਿੰਘ ਚਲਾ ਰਿਹਾ ਸੀ। ਦਵਿੰਦਰ 66 ਫੁੱਟ ਚੌੜੀ ਸੜਕ ਤੋਂ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਆਇਆ, ਜਿਸਨੇ ਟ੍ਰੈਫਿਕ ਸਿਗਨਲ 'ਤੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਪਰਿਵਾਰ ਨੇ ਪੁਲਿਸ ਤੋਂ ਮੁਲਜ਼ਮ ਡਰਾਈਵਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।