ਕੌਂਸਲਰ ਵੱਲੋਂ ਰਿਵਾਲਵਰ ਦੇ ਬੱਟ ਨਾਲ ਹਮਲਾ, ਮਾਮਲਾ ਦਰਜ
ਵਿਆਹ ਸਮਾਗਮ ਦੌਰਾਨ ਪਿਸਤੌਲ ਲਹਿਰਾਉਣ ਦਾ ਮਾਮਲਾ, ਕੌਂਸਲਰ ਵੱਲੋਂ ਰਿਵਾਲਵਰ ਦੇ ਬੱਟ ਨਾਲ ਹਮਲਾ, ਮਾਮਲਾ ਦਰਜ
Publish Date: Fri, 03 Apr 2026 10:39 PM (IST)
Updated Date: Fri, 03 Apr 2026 10:40 PM (IST)

ਜ਼ਖ਼ਮੀ ਦੇ ਮੱਥੇ ’ਤੇ ਲੱਗੇ 7 ਟਾਂਕੇ, ਪੁਲਿਸ ਵੱਲੋਂ ਜਾਂਚ ਸ਼ੁਰੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਰਵਿਦਾਸ ਨਗਰ ਇਲਾਕੇ ’ਚ ਵਿਆਹ ਸਮਾਗਮ ਦੌਰਾਨ ਹੋਏ ਝਗੜੇ ’ਚ ਵਾਰਡ ਨੰਬਰ 84 ਦੇ ਕੌਂਸਲਰ ਨੀਰਜ ਜੱਸਲ ਉਰਫ਼ ਕਾਲੂ ਖ਼ਿਲਾਫ਼ ਇਕ ਨੌਜਵਾਨ ’ਤੇ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਘਟਨਾ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ। ਪੀੜਤ ਯੋਗੇਸ਼ ਉਰਫ਼ ਹਨੀ ਵਿਰਦੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 7 ਮਾਰਚ ਨੂੰ ਉਹ ਆਪਣੇ ਭਰਾ ਨਾਲ ਵਿਆਹ ਸਮਾਗਮ ’ਚ ਗਿਆ ਹੋਇਆ ਸੀ। ਡੀਜੇ ਕੋਲ ਪਹਿਲਾਂ ਹੀ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ। ਜਦੋਂ ਉਸਨੇ ਆਪਣੇ ਰਿਸ਼ਤੇਦਾਰਾਂ ਨੂੰ ਉੱਥੋਂ ਹਟਣ ਲਈ ਕਿਹਾ ਤਾਂ ਇਸ ਦੌਰਾਨ ਕੌਂਸਲਰ ਨੀਰਜ ਜੱਸਲ ਮੌਕੇ ’ਤੇ ਪੁੱਜਾ ਤੇ ਗਾਲੀ-ਗਲੋਚ ਕਰਨ ਲੱਗ ਪਿਆ। ਵਿਰੋਧ ਕਰਨ ’ਤੇ ਮੁਲਜ਼ਮ ਨੇ ਪਹਿਲਾਂ ਥੱਪੜ ਮਾਰਿਆ ਤੇ ਫਿਰ ਲਾਇਸੈਂਸੀ ਰਿਵਾਲਵਰ ਦੇ ਬੱਟ ਨਾਲ ਮੱਥੇ ’ਤੇ ਵਾਰ ਕਰ ਦਿੱਤਾ। ਇਸ ਹਮਲੇ ’ਚ ਯੋਗੇਸ਼ ਦੇ ਮੱਥੇ ਤੇ ਨੱਕ ’ਤੇ ਗੰਭੀਰ ਸੱਟਾਂ ਲੱਗੀਆਂ ਤੇ ਉਹ ਬੇਹੋਸ਼ ਹੋ ਗਿਆ। ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਜਲੰਧਰ ’ਚ ਦਾਖਲ ਕਰਵਾਇਆ ਗਿਆ, ਜਿੱਥੇ ਮੱਥੇ ’ਤੇ 7 ਟਾਂਕੇ ਲਗਾਏ ਗਏ। ਡਾਕਟਰਾਂ ਨੇ ਐੱਮਐੱਲਆਰ ਤਿਆਰ ਕਰਕੇ ਸੀਟੀ ਸਕੈਨ ਵੀ ਕਰਵਾਇਆ। ਘਟਨਾ ਤੋਂ ਬਾਅਦ ਪੀੜਤ ਵੱਲੋਂ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਿੱਤੀ ਗਈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਵੱਲੋਂ ਰਿਵਾਲਵਰ ਦੀ ਵਰਤੋਂ ਕੀਤੀ ਗਈ ਸੀ। ਪੁਲਿਸ ਨੇ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ।