ਮੁਲਜ਼ਮ ਨੂੰ ਫੜਨ ਗਈ ਪੁਲਿਸ ਮੁਲਾਜ਼ਮ ’ਤੇ ਹਮਲਾ (ਮਾਮਲਾ ਸ੍ਰੀ ਗੁਰਦੁਆਰਾ ਸਾਹਿਬ ’ਚ ਵੜ ਕੇ ਹਮਲਾ ਕਰਨ ਦਾ)
Publish Date: Wed, 09 Sep 2026 07:32 PM (IST)
Updated Date: Wed, 09 Sep 2026 07:34 PM (IST)
ਮਾਮਲਾ ਸ੍ਰੀ ਗੁਰਦੁਆਰਾ ਸਾਹਿਬ ’ਚ ਵੜ ਕੇ ਹਮਲਾ ਕਰਨ ਦਾ ਭੱਜਣ ਦੌਰਾਨ ਮੁਲਜਮ ਦੀ ਟੁੱਟੀ ਲੱਤ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਚਾਰ ਦੀ ਹੱਦ ’ਚ ਪੈਂਦੇ ਅਜੀਤ ਨਗਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ’ਚ ਪਹਿਲੀ ਸਤੰਬਰ ਨੂੰ ਦੋ ਅਣਪਛਾਤੇ ਵਿਅਕਤੀ ਦਾਖਲ ਹੋਏ ਅਤੇ ਲੁੱਟਣ ਦੇ ਇਰਾਦੇ ਨਾਲ ਸੇਵਾਦਾਰ ਮੇਜਰ ਸਿੰਘ ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਸਬੰਧੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਕ ਸੂਚਨਾ ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੇ ਛਾਪਾ ਮਾਰਿਆ ਤਾਂ ਮੁਲਜ਼ਮ ਨੇ ਹਮਲਾ ਕੀਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਘਟਨਾ ਦੌਰਾਨ ਉਸਦੀ ਇਕ ਲੱਤ ਟੁੱਟ ਗਈ। ਐੱਸਪੀ ਮੁਖਤਿਆਰ ਰਾਏ ਨੇ ਦੱਸਿਆ ਕਿ ਗੁਰਦੁਆਰੇ ਦੇ ਪ੍ਰਧਾਨ ਹਰਜੋਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਹਿਲੀ ਸਤੰਬਰ ਨੂੰ ਸਵੇਰੇ 1:45 ਵਜੇ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਨੇ ਸ੍ਰੀ ਗੁਰਦੁਆਰਾ ਸਾਹਿਬ ’ਚ ਵੜ ਕੇ ਲੁੱਟਣ ਦੀ ਨੀਅਤ ਨਾਲ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਥਾਣਾ ਨੰਬਰ ਚਾਰ ਦੇ ਇੰਚਾਰਜ ਸਬ ਇੰਸਪੈਕਟਰ ਅਜਮੇਰ ਲਾਲ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਉਨਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਇਸ ਮਾਮਲੇ ’ਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਦੀ ਪਛਾਣ ਮਾਨਵ ਉਰਫ਼ ਲੋਹਾ ਵਾਸੀ ਅਲੀ ਮੁਹੱਲਾ ਦੇ ਰੂਪ ’ਚ ਹੋਈ ਹੈ। ਮੁਲਜ਼ਮ ਵਿਰੁੱਧ ਪੁਲਿਸ ਤੇ ਹਮਲਾ ਕਰਨ ਦੇ ਦੋਸ਼ ’ਚ ਇਕ ਵੱਖਰਾ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਨੇ ਏਐੱਸਆਈ ਸੰਜੀਵ ਬਾਵਾ ਤੇ ਉਸਨੂੰ ਮਾਰਨ ਦੇ ਇਰਾਦੇ ਨਾਲ ਹਮਲਾ ਕੀਤਾ ਤੇ ਸਰਕਾਰੀ ਡਿਊਟੀ ’ਚ ਰੁਕਾਵਟ ਪਾਈ। ਹਮਲੇ ਦੌਰਾਨ ਏਐੱਸਆਈ ਸੰਜੀਵ ਬਾਵਾ ਦੇ ਹੱਥ ’ਚ ਸੱਟਾਂ ਲੱਗੀਆਂ। ਉਸ ਵਿਰੁੱਧ ਪਹਿਲਾਂ ਵੀ ਧੋਖਾਧੜੀ ਦੇ ਘੱਟੋ-ਘੱਟ ਚਾਰ ਮਾਮਲੇ ਦਰਜ ਹਨ।