ਜਥੇਬੰਦੀਆਂ ਵੱਲੋਂ ਕਰਤਾਰਪੁਰ ਬੰਦ, ਦਿਨ-ਰਾਤ ਸੜਕ ’ਤੇ ਡਟੇ ਧਰਨਾਕਾਰੀ
ਮਾਮਲਾ: ਬੇਅਦਬੀ ਕਰਵਾਉਣ ਵਾਲਿਆਂ ਖਿਲਾਫ਼ ਮਾਮਲਾ ਦਰਜ ਨਾ ਕਰਨ ਦਾ
Publish Date: Fri, 03 Apr 2026 09:08 PM (IST)
Updated Date: Fri, 03 Apr 2026 09:10 PM (IST)

ਕੁਲਦੀਪ ਸਿੰਘ ਵਾਲੀਆ, ਪੰਜਾਬੀ ਜਾਗਰਣ, ਕਰਤਾਰਪੁਰ : ਵੱਖ-ਵੱਖ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਵੱਲੋਂ ਨੇੜਲੇ ਪਿੰਡ ਪੱਤੜ ਕਲ੍ਹਾਂ ਵਿਖੇ ਭਗਵਾਨ ਵਾਲਮੀਕਿ ਜੀ ਦੇ ਨਿਸ਼ਾਨ ਸਾਹਿਬ ਦੀ ਭੰਨਤੋੜ ਕਰਕੇ ਬੇਅਦਬੀ ਕਰਵਾਉਣ ਵਾਲਿਆਂ ਖਿਲਾਫ਼ ਮਾਮਲਾ ਦਰਜ ਕਰਵਾਉਣ ਲਈ ਅੱਜ ਕਰਤਾਰਪੁਰ ਬੰਦ ਕਰਵਾਇਆ ਗਿਆ। ਸ਼ਹਿਰ ’ਚ ਰੋਸ ਮਾਰਚ ਵੀ ਕੀਤਾ ਗਿਆ। ਉੱਧਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਪੱਖਪਾਤੀ ਰਵੱਈਏ ਖਿਲਾਫ਼ ਜਥੇਬੰਦੀਆਂ ਵਲੋਂ ਪੁਲਿਸ ਥਾਣੇ ਸਾਹਮਣੇ ਲਿੰਕ ਸੜਕ ਨੂੰ ਕੱਲ੍ਹ ਤੋਂ ਜਾਮ ਕੀਤਾ ਹੋਇਆ ਹੈ, ਜੋ ਦਿਨ ਰਾਤ ਸੜਕ ’ਤੇ ਧਰਨਾਕਾਰੀ ਡਟੇ ਹੋਏ ਹਨ। ਇਕ ਪਾਸੇ ਧਰਨਾਕਾਰੀ ਨਾਅਰੇਬਾਜ਼ੀ ਕਰ ਰਹੇ ਹਨ। ਅੱਜ ਕਿਸੇ ਵੀ ਅਧਿਕਾਰੀ ਨੇ ਪ੍ਰਦਰਸ਼ਨਕਾਰੀ ਆਗੂਆਂ ਨਾਲ ਕੋਈ ਗੱਲ ਨਹੀਂ ਕੀਤੀ। ਇਹ ਵੀ ਜ਼ਿਕਰਯੋਗ ਹੈ ਕਿ ਅੱਜ ਦੂਜੇ ਦਿਨ ਵੀ ਪੁਲਿਸ ਥਾਣੇ ਨੂੰ ਅਧਿਕਾਰੀਆਂ ਨੇ ਤਾਲਾ ਲਗਾ ਕੇ ਆਮ ਲੋਕਾਂ ਲਈ ਗੇਟ ਬੰਦ ਕਰੀਂ ਰੱਖਿਆ। ਇਸ ਮੌਕੇ ਇਨਸਾਫ਼ ਲਈ ਚੱਲ ਰਹੇ ਸੰਘਰਸ਼ ਨੂੰ ਨੇਪਰੇ ਚਾੜ੍ਹਨ ਲਈ ਪਿੰਡ ਵਾਸੀਆਂ ਤੇ ਵੱਖ-ਵੱਖ ਜੱਥੇਬੰਦੀਆਂ ਦੇ ਆਧਾਰ ’ਤੇ ਐਕਸ਼ਨ ਕਮੇਟੀ ਦਾ ਗਠਨ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਮੁਕੱਦਮਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ, ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ ਦੇ ਜੋਗਿੰਦਰ ਸਿੰਘ ਮਾਨ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ, ਡਾ.ਅੰਬੇਡਕਰ ਸੰਘਰਸ਼ ਮੋਰਚਾ ਭਾਰਤ ਦੇ ਪ੍ਰਧਾਨ ਡਾਕਟਰ ਹਰਜਿੰਦਰ ਮੱਟੂ, ਬਾਬਾ ਜੀਵਨ ਸਿੰਘ ਦਲ ਜਥੇਦਾਰ ਬਾਬਾ ਹੀਰਾ ਸਿੰਘ, ਮਿਸਲ ਬਾਬਾ ਜੀਵਨ ਸਿੰਘ ਚੱਕਰਵਰਤੀ ਪੰਜਾਬ ਭਾਰਤ ਜਥੇਦਾਰ ਬਾਬਾ ਰਵੀਪਾਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ, ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਬੁੱਗਾ, ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਜੱਸੀ ਤੱਲ੍ਹਣ, ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ, ਭਗਵਾਨ ਵਾਲਮੀਕਿ ਨੌਜਵਾਨ ਸਭਾ ਦੇ ਪ੍ਰਧਾਨ ਕੋਮਲ ਗਾਗਾ ਕਪੂਰਥਲਾ, ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਬਲਬੀਰ ਸਿੰਘ ਚੀਮਾ ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੰਤੋਖ ਸਿੰਘ ਸੰਧੂ ਤੋਂ ਇਲਾਵਾ ਡਾ. ਸਰਵਨ ਸਿੰਘ ਰੌਮੀ, ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਸ਼ਨੀ ਸਿੰਘ, ਮੰਗਾ ਸਿੰਘ ਤੇ ਮੰਗਲ ਸਿੰਘ ਆਦਿ ਨੇ ਸੰਬੋਧਨ ਕੀਤਾ।