- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਸੀਐੱਮ ਐੱਸਡੀ ਕਾਲਜ ਫਾਰ ਵੂਮੈਨ ’ਚ ਕਰੀਅਰ-ਮੁਖੀ ਸੈਸ਼ਨ ਦਾ ਆਯੋਜਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੀਸੀਐੱਮ ਐੱਸਡੀ ਕਾਲਜ ਫਾਰ ਵੂਮੈਨ ਦੇ ਪੀਜੀ ਡਿਪਾਰਟਮੈਂਟ ਆਫ ਕਾਮਰਸ ਐਂਡ ਮਨੇਜਮੈਂਟ ਤੇ ਮੁਕਾਬਲੇ ਪ੍ਰੀਖਿਆਵਾਂ ਸੈੱਲ ਨੇ ਪੁਣੇ ਇੰਸਟੀਚਿਊਟ ਆਫ਼ ਬਿਜ਼ਨਸ ਮੈਨੇਜਮੈਂਟ ਦੀ ਟੀਮ ਦੇ ਸਹਿਯੋਗ ਨਾਲ, ਗਰੁੱਪ ਚਰਚਾ ਤੇ ਨਿੱਜੀ ਇੰਟਰਵਿਊ ’ਚ ਸਫਲ ਹੋਣ ਦੀ ਕਲਾ" ਵਿਸ਼ੇ 'ਤੇ ਕਰੀਅਰ-ਮੁਖੀ ਸੈਸ਼ਨ ਕਰਵਾਇਆ ਗਿਆ। ਸੈਸ਼ਨ ਦਾ ਸੰਚਾਲਨ ਪੀਆਈਬੀਐੱਮ ਦੇ ਸਹਾਇਕ ਪ੍ਰੋਫੈਸਰ, ਪ੍ਰੋ. ਪ੍ਰਵੀਨ ਕੁਮਾਰ ਸ਼ਰਮਾ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਕਾਰਪੋਰੇਟ ਤੇ ਪੇਸ਼ੇਵਰ ਜਗਤ ਦੀਆਂ ਉਮੀਦਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਕਾਮਰਸ ਤੇ ਪ੍ਰਬੰਧਨ ਵਿਭਾਗ ਦੀ ਮੁਖੀ ਰਜਨੀ ਕਪੂਰ ਤੇ ਆਈਪੀਆਰ ਸੈੱਲ ਦੀ ਇੰਚਾਰਜ ਸ਼ਵੇਤਾ ਮਹਾਜਨ ਨੇ ਬੂਟਾ ਭੇਟ ਕਰਕੇ ਮਾਹਿਰ ਬੁਲਾਰੇ ਦਾ ਸਵਾਗਤ ਕੀਤਾ। ਵਿਦਿਆਰਥਣਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਚਰਚਾ ’ਚ ਢੁਕਵੇਂ ਨੁਕਤੇ ਰੱਖਣ, ਆਪਣੇ ਵਿਚਾਰਾਂ ਨੂੰ ਠੋਸ ਤਰਕਾਂ ਨਾਲ ਪੇਸ਼ ਕਰਨ, ਲੋੜ ਪੈਣ 'ਤੇ ਪਹਿਲ ਕਰਨ ਪਰ ਦੂਜਿਆਂ ਦੀ ਗੱਲ ’ਚ ਰੁਕਾਵਟ ਨਾ ਪਾਉਣ, ਚਰਚਾ 'ਤੇ ਹਾਵੀ ਨਾ ਹੋਣ, ਗੱਲਾਂ ਨੂੰ ਦੁਹਰਾਉਣ ਤੋਂ ਬਚਣ ਤੇ ਬੇਲੋੜੀ ਬਹਿਸ ਵਿੱਚ ਨਾ ਪੈਣ। ਉਹ ਆਪਣੇ ਰੈਜ਼ਿਊਮੇ ਬਾਰੇ ਪੂਰੀ ਜਾਣਕਾਰੀ ਰੱਖਣ, ਸੰਸਥਾ ਤੇ ਨੌਕਰੀ ਦੇ ਪ੍ਰੋਫਾਈਲ ਬਾਰੇ ਖੋਜ ਕਰਨ, ਇਮਾਨਦਾਰ ਤੇ ਸ਼ਾਂਤ ਰਹਿਣ ਤੇ ਰਟੇ-ਰਟਾਏ ਜਾਂ ਵਧਾ-ਚੜ੍ਹਾ ਕੇ ਦੱਸੇ ਗਏ ਜਵਾਬ ਦੇਣ ਤੋਂ ਬਚਣ। ਪ੍ਰਭਾਵਸ਼ਾਲੀ ਸੰਚਾਰ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਮੌਕੇ ’ਤੇ ਪ੍ਰਧਾਨ ਨਰੇਸ਼ ਬੁਧੀਆ, ਸੀਨੀਅਰ ਉਪ-ਪ੍ਰਧਾਨ ਵਿਨੋਦ ਦਾਦਾ, ਪ੍ਰਬੰਧਕੀ ਕਮੇਟੀ ਦੇ ਹੋਰ ਮੈਂਬਰਾਂ ਤੇ ਪ੍ਰਿੰਸੀਪਲ ਡਾ. ਪੂਜਾ ਪਰਾਸ਼ਰ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।